Punjab Religion

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।। ਗੁਰੂਤਾ ਗੱਦੀ ਦਿਹਾੜੇ ‘ਤੇ ਵਿਸ਼ੇਸ਼

‘ਦ ਖਾਲਸ ਬਿਊਰੋ :- ਅੱਜ ਸਿੱਖਾਂ ਦੇ ਛੇਵੇਂ ਗੁਰੂ ਅਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂਤਾ ਗੱਦੀ ਦਿਹਾੜਾ ਹੈ। ‘ਦ ਖਾਲਸ ਟੀ.ਵੀ. ਪੂਰੀ ਦੁਨੀਆ ‘ਚ ਵਸਦੇ ਸਿੱਖ ਭਾਈਚਾਰੇ ਨੂੰ ਗੁਰੂ ਸਾਹਿਬ ਦੇ ਗੁਰੂਤਾ ਗੱਦੀ ਦਿਹਾੜੇ ‘ਤੇ ਮੁਬਾਰਕਬਾਦ ਦਿੰਦਾ ਹੈ। ਪ੍ਰਕਾਸ਼ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਵਿਆਹ ਤੋਂ ਪੰਦਰਾਂ ਸਾਲਾਂ ਬਾਅਦ ਕੋਈ ਔਲਾਦ ਨਹੀਂ ਸੀ ਹੋਈ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਆਪਣੇ ਪੁੱਤਰ ਵਾਂਗ ਜਾਣਦੇ ਤੇ ਪਾਲਦੇ ਸਨ। ਪ੍ਰਿਥੀ ਚੰਦ ਦੀ ਵਹੁਟੀ ਕਰਮੋਂ ਨੇ ਇੱਕ ਦਿਨ ਮਾਤਾ ਗੰਗਾ ਜੀ ਨੂੰ ਔਲਾਦ ਨਾ ਹੋਣ ਦਾ ਮਿਹਣਾ ਮਾਰਿਆ ਤੇ ਮਾਤਾ ਜੀ ਨੂੰ ਇਸ ਗੱਲ ਦਾ ਬਹੁਤ ਦੁਖ ਹੋਇਆ। ਉਨ੍ਹਾਂ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਤਾਂ ਗੁਰੂ ਜੀ ਨੇ ਮਾਤਾ ਜੀ ਨੂੰ ਕਰਮੋਂ ਦੀ ਗੱਲ ਨੂੰ ਅਣਸੁਣੀ ਕਰਨ ਬਾਰੇ ਸਮਝਾਇਆ। ਮਾਤਾ ਗੰਗਾ ਜੀ ਵਲੋਂ ਪੁੱਤ ਦੀ ਦਾਤ ਮੰਗਣ ‘ਤੇ ਗੁਰੂ ਜੀ ਨੇ ਉਨ੍ਹਾਂ ਨੂੰ ਬਾਬਾ ਬੁੱਢਾ ਜੀ ਪਾਸੋਂ ਪੁੱਤਰ ਦੀ ਫਰਿਆਦ ਕਰਨ ਲਈ ਕਿਹਾ।

ਮਾਤਾ ਗੰਗਾ ਜੀ ਨੇ ਚੰਗੇ ਭੋਜਨ ਤਿਆਰ ਕਰਵਾ ਕੇ,ਇਕ ਦਾਸੀ ਨੂੰ ਨਾਲ ਲੈ ਕੇ ਰੱਥ ‘ਚ ਬੈਠ ਕੇ ਗੁਰੂ ਕੀ ਬੀੜ ਚਲੇ ਗਏ। ਬਾਬਾ ਬੁੱਢਾ ਜੀ ਨੇ ਉਨ੍ਹਾਂ ਪਾਸੋਂ ਲੰਗਰ ਤਾਂ ਸ਼ੱਕ ਲਿਆ ਪਰ ਉਨ੍ਹਾਂ ਨੂੰ ਕੋਈ ਵਰ ਨਾ ਦਿੱਤਾ ਤੇ ਮਾਤਾ ਜੀ ਨਿਰਾਸ਼ ਹੋ ਕੇ ਵਾਪਿਸ ਚਲੇ ਗਏ। ਵਾਪਿਸ ਆ ਕੇ ਉਨ੍ਹਾਂ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਤਾ ਗੁਰੂ ਜੀ ਨੇ ਕਿਹਾ ਕਿ ਦਾਤ ਨੀਵੇਂ ਹੋ ਮਿਲਦੀ ਹੈ ਤਾਂ ਮਾਤਾ ਜੀ ਨੇ ਅਗਲੇ ਦਿਨ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਪੈਦਲ ਹੀ ਬਾਬਾ ਬੁੱਢਾ ਜੀ ਪਾਸ ਪਹੁੰਚ ਗਏ। ਬਾਬਾ ਬੁੱਢਾ ਜੀ ਨੇ ਮਿੱਸੇ ਪ੍ਰਸ਼ਾਦੇ ਬੜੇ ਪਿਆਰ ਨਾਲ ਛਕੇ। ਪ੍ਰਸ਼ਾਦਾ ਛਕਦਿਆਂ ਦੌਰਾਨ ਉਨ੍ਹਾਂ ਨੇ ਵਰ ਦਿੱਤਾ ਕਿ ਆਪ ਦੇ ਘਰ ਅਜਿਹਾ ਮਹਾਂਬਲੀ ਪੈਦਾ ਹੋਵੇਗਾ ਜੋ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਸ ਤਰ੍ਹਾਂ ਅਸੀਂ ਇਹ ਗੰਢਾ ਭੰਨਿਆ ਹੈ।

ਪ੍ਰਿਥੀ ਚੰਦ ਦੀਆਂ ਈਰਖਾਲੂ ਚਾਲਾਂ ਕਾਰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਾਲ ਅਵਸਥਾ ਕਾਫ਼ੀ ਤਕਲੀਫ਼ਾਂ ’ਚ ਗੁਜਰੀ। ਆਪ ਜੀ ਦਾ ਤਾਇਆ ਪ੍ਰਿਥੀਚੰਦ ਤੇ ਉਨ੍ਹਾਂ ਦੀ ਪਤਨੀ ਬੀਬੀ ਕਰਮੋ ਆਪ ਜੀ ਦੇ ਜਨਮ ਤੋਂ ਹੀ ਦੁੱਖੀ ਸਨ ਕਿਉਂਕਿ ਉਹ ਗੁਰੂ ਘਰ ਦੀ ਗੁਰਗੱਦੀ ਦਾ ਅਸਲ ਵਾਰਸ ਆਪਣੇ ਪੁੱਤਰ ਮਿਹਰਬਾਨ ਨੂੰ ਮੰਨੀ ਬੈਠੇ ਸੀ। ਉਹ ਲਾਲਚ ਤੇ ਈਰਖਾ ’ਚ ਅੰਨ੍ਹੇ ਤੇ ਪਾਗਲ ਹੋ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਮਾਰਨ-ਮਰਵਾਉਣ ਦੇ ਯਤਨ ਕਰਦੇ ਰਹੇ। ਪਹਿਲਾਂ ਉਨ੍ਹਾਂ ਨੇ ਦਾਈ-ਖਿਡਾਵੀ ਨੂੰ ਲਾਲਚ ਦੇ ਕੇ ਉਸ ਦੀ ਛਾਤੀ ਉੱਪਰ ਜ਼ਹਿਰ ਲਵਾ ਕੇ ਭੇਜਿਆ। ਉਸ ਨੇ ਆਪ ਜੀ ਨੂੰ ਦੁੱਧ ਚੁੰਗਾਉਣਾ ਚਾਹਿਆ, ਪਰ ਆਪ ਨੇ ਨਾ ਚੁੰਗਿਆ। ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ। ਫੇਰ ਇਕ ਸਪੇਰੇ ਜੋਗੀ ਪਾਸੋਂ ਬਾਲਕ ਵਾਲੇ ਕਮਰੇ ’ਚ ਜ਼ਹਿਰੀਲਾ ਸੱਪ ਛੁਡਾ ਦਿੱਤਾ, ਜਿਸ ਨੂੰ ਸੇਵਾਦਾਰਾਂ ਨੇ ਵੇਖ ਕੇ ਮਾਰ ਦਿੱਤਾ। ਤੀਸਰੀ ਵਾਰ ਹਰਿਗੋਬਿੰਦ ਸਾਹਿਬ ਜੀ ਦੇ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ’ਚ ਜ਼ਹਿਰ ਪਾ ਕੇ ਦੇ ਦੇਵੇ ਪਰ ਜਦ ਉਹ ਦਹੀਂ ਪਿਆਉਣ ਲੱਗਾ ਤਾਂ ਬਾਲਕ ਰੋਣ ਲੱਗ ਪਿਆ। ਬਾਲਕ ਦਹੀਂ ਨੂੰ ਮੂੰਹ ਨਾ ਲਾਵੇ ਤਾਂ ਗੁਰੂ ਅਰਜਨ ਦੇਵ ਜੀ ਨੇ ਆਪ ਦਹੀਂ ਇਕ ਕੁੱਤੇ ਨੂੰ ਪਾ ਦਿੱਤਾ, ਜੋ ਥੋੜ੍ਹੀ ਦੇਰ ਬਾਅਦ ਹੀ ਮਰ ਗਿਆ। ਬ੍ਰਾਹਮਣ ਨੇ ਡਰ ਕੇ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਪ੍ਰਿਥੀਏ ਦੀ ਸਾਰੇ ਸ਼ਹਿਰ ’ਚ ਬਦਨਾਮੀ ਹੋਈ। ਦੂਜੇ ਦਿਨ ਬ੍ਰਾਹਮਣ ਵੀ ਸੂਲ (ਦਰਦ) ਨਾਲ ਮਰ ਗਿਆ:-

‘‘ਲੇਪੁ ਨ ਲਾਗੋ, ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ, ਹੋਇ ਕੈ ਸੂਲ ॥’’

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਦਾ ਧੰਨਵਾਦ ਕੀਤਾ। ਗੁਰੂ ਅਰਜਨ ਦੇਵ ਜੀ ਨੇ ਵਿਦਿਆ ਤੇ ਯੁੱਧ ਕਲਾ ’ਚ ਨਿਪੁੰਨ ਬਣਾਉਣ ਲਈ ਆਪ ਜੀ ਨੂੰ ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤਾ। ਜਹਾਂਗੀਰ ਬਾਦਸ਼ਾਹ ਨੇ ਆਪਣੀ ਈਰਖਾ ਦੇ ਸਾੜੇ ਕਾਰਨ ਗੁਰੂ ਅਰਜਨ ਦੇਵ ਜੀ ਵਿਰੁੱਧ ਮਿਲੀਆਂ ਝੂਠੀਆਂ ਤੇ ਮਨ-ਘੜਤ ਖ਼ਬਰਾਂ ਦੇ ਆਧਾਰ ’ਤੇ ਆਪ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦੇ ਜਾਣ ਦਾ ਹੁਕਮ ਦਿੱਤਾ। ਲਾਹੌਰ ਨੂੰ ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਆਪਣੇ ਸਾਹਿਬਜ਼ਾਦੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਸਪੁਰਦ ਕਰ ਦਿੱਤੀ। ਉਸ ਸਮੇਂ ਆਪ ਜੀ ਦੀ ਉਮਰ ਕੇਵਲ 11 ਕੁ ਸਾਲ ਦੀ ਸੀ। ਬਾਬਾ ਬੁੱਢਾ ਜੀ ਦੀ ਰਾਹੀਂ ਗੁਰਿਆਈ ਰਸਮ ਦੌਰਾਨ ਪੁਰਾਤਨ ਚੱਲੀ ਆ ਰਹੀ ਸੇਲੀ ਟੋਪੀ ਪਹਿਨਣ ਦੀ ਰੀਤ ਹਟਾ ਕੇ ਸੀਸ ਉੱਤੇ ਕਲਗੀ ਸਜਾਈ ਗਈ ਤੇ ਦੋ ਤਲਵਾਰਾਂ ਪਹਿਨੀਆਂ ਗਈਆਂ, ਇਕ ਮੀਰੀ ਦੀ ਤੇ ਦੂਜੀ ਪੀਰੀ ਦੀ। ਗੁਰਗੱਦੀ ’ਤੇ ਬੈਠਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਸੰਦਾਂ ਰਾਹੀਂ ਥਾਂ-ਥਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਅਗਾਂਹ ਲਈ ਚੰਗੇ ਸ਼ਸਤਰ ਵੀ ਜ਼ਰੂਰ ਲੈ ਕੇ ਆਉਣੇ ਤੇ ਆਪ ਵੀ ਘੋੜ-ਸਵਾਰੀ ਤੇ ਉਹ ਆਪ ਵੀ ਸ਼ਸ਼ਤਰ ਚਲਾਉਣਾ ਸਿੱਖਣ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਸਿੱਖ ਕੌਮ ਦੇ ਹਿਰਦਿਆਂ ’ਚ ਵੀਰ ਰਸ ਪਹਿਲਾਂ ਹੀ ਜਾਗ ਉੱਠਿਆ ਸੀ, ਇਕ ਨਵੀਂ ਜਾਨ ਤੇ ਚੜਦੀਆਂ ਕਲਾਂ ਵਾਲੀ ਬਿਰਤੀ ਪੈਦਾ ਹੋ ਗਈ। ਸੰਤਾਂ, ਭਗਤਾਂ, ਪਰਉਪਕਾਰੀਆਂ, ਨਾਮ ਰਸੀਆਂ ਵਾਲੀ ਇਸ ਕੌਮ ਨੇ ਹੁਣ ਧਰਮੀ ਜੋਧਿਆਂ ਵਾਲਾ ਰੂਪ ਵੀ ਧਾਰਨ ਕਰ ਲਿਆ।

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਉੱਥੇ ਇਕ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਇਸ ਤੋਂ ਬਾਅਦ ਗੁਰੂ ਜੀ ਨੇ ਸੰਮਤ 1666 ’ਚ ਦੇਸ਼-ਪਿਆਰ, ਸੂਰਬੀਰਤਾ ਤੇ ਕੌਮੀ ਸਿਧਾਂਤ ਦੇ ਪ੍ਰਚਾਰ, ਵਿਕਾਸ ਲਈ ਦਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ। ਸਵੇਰੇ ਵੇਲੇ ਸੰਗਤਾਂ ਦਰਬਾਰ ਸਾਹਿਬ ’ਚ ਜੁੜਦੀਆਂ, ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਤੇ ਢਾਡੀ ਗੁਰਬਾਣੀ ’ਚ ਦਰਜ ਵਾਰਾਂ ਨੂੰ ਗਾਉਂਦੇ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ, ਧਾਰਮਿਕ ਵਿਚਾਰਾਂ ਕਰਦੇ। ਦੁਪਹਿਰ ਮਗਰੋਂ ਸੰਗਤਾਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਤਰ ਹੁੰਦੀਆਂ, ਜਿੱਥੇ ਸਰੀਰਕ ਕਸਰਤਾਂ ਰਾਹੀਂ ਸਰੀਰਕ ਬਲ ਪੈਦਾ ਕੀਤਾ ਜਾਂਦਾ ਤੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ। ਗੁਰੂ ਜੀ ਬਾਹਰੋਂ ਆਈ ਸੰਗਤ ਨੂੰ ਮਿਲਦੇ, ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਤੇ ਉਨ੍ਹਾਂ ਦਾ ਨਿਪਟਾਰਾ ਕਰਦੇ। ਸਿੱਖਾਂ ਨੂੰ ਪ੍ਰੇਰਨਾ ਕੀਤੀ ਜਾਂਦੀ ਕਿ ਤੁਸੀਂ ਆਪੋ ਵਿਚਲੇ ਝਗੜਿਆ ਨੂੰ ਸਰਕਾਰੇ ਦਰਬਾਰੇ ਲੈ ਜਾਣ ਦੀ ਬਜਾਏ ਆਪਸ ’ਚ ਬੈਠ ਕੇ ਹੀ ਨਿਪਟਾ ਲਿਆ ਕਰੋ। ਗੁਰੂ ਜੀ ਨੇ ਆਪਣੇ ਨਾਲ 52 ਬਲਵਾਨ ਯੋਧੇ ਤਿਆਰ ਕੀਤੇ ਤੇ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।

ਚੰਦੂ ਵਰਗੇ ਗੁਰੂ ਘਰ ਦੇ ਪੁਰਾਣੇ ਦੋਖੀ ਤੇ ਈਰਖਾਲੂਆਂ ਨੇ ਗੁਰੂ ਜੀ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਤਿਆਰੀਆਂ ਬਾਰੇ ਵਧਾ-ਚੜ੍ਹਾ ਕੇ ਜਹਾਂਗੀਰ ਬਾਦਸ਼ਾਹ ਕੋਲ ਖ਼ਬਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਇਹ ਸਭ ਕੁੱਝ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਹੋ ਰਿਹਾ ਹੈ। ਇਹ ਸੁਣ ਕੇ ਕੰਨਾਂ ਦੇ ਕੱਚੇ ਜਹਾਂਗੀਰ ਨੇ ਸੰਮਤ 1669 (ਸੰਨ 1612) ’ਚ ਵਜ਼ੀਰ ਖਾਂ ਅਤੇ ਗੁੰਚਾ ਬੇਗ ਨੂੰ ਅੰਮ੍ਰਿਤਸਰ ਭੇਜਿਆ ਤਾਂ ਜੋ ਉਹ ਗੁਰੂ ਜੀ ਨੂੰ ਦਿੱਲੀ ਲੈ ਆਉਣ। ਵਜ਼ੀਰ ਖਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਤੇ ਗੁਰੂ ਸਿੱਖਿਆ ਤੋਂ ਪ੍ਰਭਾਵਤ ਸੀ। ਉਨ੍ਹਾਂ ਬਾਦਸ਼ਾਹ ਪਾਸ ਵੀ ਗੁਰੂ ਜੀ ਦੀ ਉਪਮਾ ਕੀਤੀ ਸੀ। ਅੰਮ੍ਰਿਤਸਰ ਪਹੁੰਚ ਕੇ ਉਸ ਨੇ ਗੁਰੂ ਸਾਹਿਬ ਜੀ ਨੂੰ ਭਰੋਸਾ ਦਿੱਤਾ ਕਿ ਬਾਦਸ਼ਾਹ ਦੀ ਨਿਯਤ ਮਾੜੀ ਨਹੀਂ ਹੈ। ਗੁਰੂ ਜੀ ਨੇ ਮਾਤਾ ਜੀ ਤੇ ਮੁੱਖੀ ਸਿੱਖਾਂ ਨਾਲ ਸਲਾਹ ਕੀਤੀ ਅਤੇ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ। ਆਪ ਜੀ 300 ਸੂਰਮਿਆਂ ਸਮੇਤ 2 ਮਾਘ ਸੰਮਤ 1669 (ਸੰਨ 1612) ਨੂੰ ਦਿੱਲੀ ਵੱਲ ਤੁਰ ਪਏ।ਆਪ ਜੀ ਅੰਮ੍ਰਿਤਸਰ ਤੋਂ ਤਰਨਤਾਰਨ, ਗੋਬਿੰਦਵਾਲ, ਦੁਆਬੇ ਅਤੇ ਮਾਲਵੇ ਵਿੱਚੋਂ ਹੁੰਦੇ ਹੋਏ ਦਿੱਲੀ ਪੁੱਜੇ।

ਵਜ਼ੀਰ ਖਾਨ ਤੇ ਗੁੰਚਾ ਬੇਗ ਨੇ ਬਾਦਸ਼ਾਹ ਨੂੰ ਪੂਰੀ ਖ਼ਬਰ ਗੁਰੂ ਜੀ ਦੇ ਹੱਕ ’ਚ ਦਿੱਤੀ। ਗ੍ਰਿਫਤਾਰੀ ਬਾਰੇ ਸੁਣ ਕੇ ਦਿੱਲੀ ਦੇ ਸਿੱਖ ਆਪ ਜੀ ਦੇ ਦਰਸ਼ਨਾਂ ਲਈ ਆਏ। ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਪਰ ਆਪ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ। ਕੁੱਝ ਚਿਰ ਠਹਿਰਨ ਉਪਰੰਤ ਆਪ ਜੀ ਬਾਦਸ਼ਾਹ ਨੂੰ ਮਿਲਣ ਲਈ ਚਲੇ ਗਏ। ਉਸ ਨੇ ਵਿਖਾਵੇ ਮਾਤ੍ਰ ਆਦਰ ਨਾਲ ਗੁਰੂ ਜੀ ਦਾ ਸੁਆਗਤ ਕੀਤਾ ਤੇ ਧਰਮ ਬਾਰੇ ਕੁੱਝ ਸ਼ੰਕੇ ਦੂਰ ਕੀਤੇ। ਗੁਰੂ ਜੀ ਦੇ ਉੱਤਰ ਸੁਣ ਕੇ ਉਹ ਬੜਾ ਖੁਸ਼ ਹੋਇਆ। ਇਕ ਦਿਨ ਬਾਦਸ਼ਾਹ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਗਿਆ। ਜੰਗਲ ਵਿੱਚੋਂ ਇੱਕ ਸ਼ੇਰ ਨੇ ਬਾਦਸ਼ਾਹ ਉੱਪਰ ਹਮਲਾ ਕਰ ਦਿੱਤਾ। ਬਾਦਸ਼ਾਹ ਭੈ-ਭੀਤ ਹੋ ਗਿਆ ਤੇ ਗੁਰੂ ਜੀ ਤੋਂ ਮਦਦ ਮੰਗੀ। ਗੁਰੂ ਜੀ ਨੇ ਤਲਵਾਰ ਨਾਲ ਸ਼ੇਰ ਨੂੰ ਢਹਿ ਢੇਰੀ ਕਰ ਦਿੱਤਾ ਤੇ ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕੀਤਾ।ਇੱਕ ਦਿਨ ਬਾਦਸ਼ਾਹ ਤੇ ਗੁਰੂ ਜੀ ਆਗਰੇ ਗਏ। ਬਾਦਸ਼ਾਹ ਅੰਦਰੋਂ ਡਰਿਆ ਹੋਇਆ ਗੁਰੂ ਜੀ ਨੂੰ ਬਾਹਰੋਂ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਇਦ ਗੁਰੂ ਜੀ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਆਏ ਹਨ। ਉਸ ਨੇ ਡਰ ਅਧੀਨ ਗੁਰੂ ਜੀ ਨੂੰ ਬਾਰ੍ਹਾਂ ਸਾਲ ਕੈਦ ਦਾ ਹੁਕਮ ਸੁਣਾ ਦਿੱਤਾ। ਪੰਜ ਸਿੱਖ ਆਪ ਜੀ ਨਾਲ ਸਨ। ਆਪ ਨੂੰ ਗਵਾਲੀਅਰ ਦੇ ਕਿੱਲ੍ਹੇ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ, ਜਿੱਥੇ ਪਹਿਲਾਂ ਹੀ 52 ਰਾਜੇ ਕੈਦ ਸਨ। ਗੁਰੂ ਜੀ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਵਧ ਗਈ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਖ਼ਬਰ ਲੈਣ ਲਈ ਭੇਜਿਆ।

ਗੁਰੂ ਜੀ ਨੇ ਉਨ੍ਹਾਂ ਨੂੰ ਧੀਰਜ ਦਿੱਤਾ ਤੇ ਕਿਹਾ ਅਸੀਂ ਬੜੇ ਅਨੰਦ ’ਚ ਹਾਂ ਤੇ ਜੇਲ ’ਚ ਕੈਦੀਆਂ ਨੂੰ ਸਾਡੀ ਜ਼ਰੂਰਤ ਹੈ, ਅਸੀਂ ਛੇਤੀ ਹੀ ਬਾਹਰ ਆ ਜਾਵਾਂਗੇ, ਕਰਤਾਰ ਨੂੰ ਚੇਤੇ ਰੱਖੋ।ਕਿਲ੍ਹੇ ਦਾ ਦਰੋਗਾ, ਹਰੀ ਦਾਸ ਗੁਰੂ ਘਰ ਦਾ ਪ੍ਰੇਮੀ ਸੀ। ਚੰਦੂ ਨੇ ਹਰੀ ਦਾਸ ਨੂੰ ਕਈ ਲਾਲਚ ਦੇ ਕੇ ਕਿਹਾ ਕਿ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰ ਦਿਓ, ਦਰੋਗੇ ਨੇ ਇਹ ਖ਼ਬਰ ਗੁਰੂ ਜੀ ਨੂੰ ਸੁਣਾ ਦਿੱਤੀ। ਕੁੱਝ ਚਿਰ ਮਗਰੋਂ ਚੰਦੂ ਨੇ ਸੁੰਦਰ ਤੇ ਜ਼ਹਿਰੀਲੇ ਬਸਤਰ ਹਰੀ ਦਾਸ (ਦਰੋਗੇ) ਨੂੰ ਭੇਜੇ ਤਾਂ ਜੋ ਗੁਰੂ ਜੀ ਨੂੰ ਪਹਿਨਾਏ ਜਾਣ, ਹਰੀ ਦਾਸ ਸਾਰੀਆਂ ਖ਼ਬਰਾਂ ਗੁਰੂ ਜੀ ਤੱਕ ਪਹੁੰਚਾਉਂਦਾ ਰਿਹਾ। ਗੁਰੂ ਜੀ ਦੀ ਇਸ ਕੈਦ ਵਿਰੁਧ ਸਿੱਖਾਂ ਸਮੇਤ ਜਨਤਾ ’ਚ ਗੁੱਸਾ ਵਧਦਾ ਗਿਆ ਤੇ ਉਹ ਆਪਣੀ ਆਵਾਜ਼ ਬੁਲੰਦ ਕਰਨ ਲੱਗੇ, ਕਈ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ। ਨਤੀਜਾ ਇਹ ਹੋਇਆ ਕਿ ਬਾਦਸ਼ਾਹ ਨੇ ਦੋ ਕੁ ਸਾਲ ਦੀ ਕੈਦ ਮਗਰੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਹੁਕਮ ਲੈ ਕੇ ਵਜ਼ੀਰ ਖਾਨ ਗਵਾਲੀਅਰ ਦੇ ਕਿਲ੍ਹੇ ’ਚ ਪਹੁੰਚਿਆ ਪਰ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਬਾਹਰ ਨਹੀਂ ਜਾਵਾਂਗੇ ਬਲਕਿ 52 ਰਾਜਿਆਂ ਨੂੰ ਨਾਲ ਲੈ ਕੇ ਜਾਵਾਂਗੇ। ਵਜ਼ੀਰ ਖਾਨ ਨੇ ਇਹ ਗੱਲ ਦਿੱਲੀ ਆ ਕੇ ਬਾਦਸ਼ਾਹ ਨੂੰ ਸੁਣਾ ਦਿੱਤੀ।

ਬਾਦਸ਼ਾਹ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਹੱਥ ਜਾਂ ਪੱਲਾ ਫੜ ਕੇ ਬਾਹਰ ਆ ਸਕਣ,ਉਹ ਸਾਰੇ ਛੱਡ ਦਿੱਤੇ ਜਾਣ। ਉਸ ਸਮੇਂ ਗੁਰੂ ਜੀ 52 ਕਲੀਆਂ ਵਾਲਾ ਜਾਮਾ ਪਹਿਨਦੇ ਸਨ, ਜਿਨ੍ਹਾਂ ਲੜੀਆਂ ਨੂੰ ਫੜ ਕੇ 52 ਰਾਜੇ ਵੀ ਜੇਲ ’ਚੋਂ ਰਿਹਾ ਹੋ ਗਏ। ਉਸ ਦਿਨ ਤੋਂ ਆਪ ਜੀ ਦਾ ਨਾਂ ‘ਬੰਦੀ ਛੋੜ’ ਪੈ ਗਿਆ। ਉਸ ਕਿਲ੍ਹੇ ’ਚ ਇੱਕ ਤਾਲ ਦੇ ਕੰਢੇ ਲੋਹੇ ਦੀ ਫੱਟੀ ਉੱਪਰ ਅੱਜ ਵੀ ‘ਬੰਦੀ ਛੋੜ ਦਾਤਾ’ ਸ਼ਬਦ ਲਿਖੇ ਹੋਏ ਹਨ।ਗੁਰੂ ਜੀ ਗਵਾਲੀਅਰ ਦੇ ਕਿਲੇ ਤੋਂ ਦਿੱਲੀ ਪੁੱਜੇ ਅਤੇ ਮਜਨੂੰ ਦੇ ਟਿੱਲੇ ’ਤੇ ਜਾ ਕੇ ਠਹਿਰੇ। ਬਾਦਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਆਇਆ। ਵਜ਼ੀਰ ਖਾਂ ਦੇ ਸਾਰੀ ਗੱਲ ਦੱਸਣ ’ਤੇ ਬਾਦਸ਼ਾਹ ਜਹਾਂਗੀਰ ਨੂੰ ਨਿਸ਼ਚਾ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਬਾਰੇ ਉਸ ਨੂੰ ਗਲਤ ਖ਼ਬਰ ਦਿੱਤੀ ਗਈ ਸੀ। ਬਾਦਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਸ਼ਟ, ਤਸੀਹੇ ਦੇ ਕੇ ਸ਼ਹੀਦ ਕਰਨ ਦਾ ਸਾਰਾ ਦੋਸ਼ ਚੰਦੂ ਦੇ ਸਿਰ ਲਾਇਆ ਤੇ ਉਸ ਨੂੰ ਗੁਰੂ ਜੀ ਦੇ ਹਵਾਲੇ ਕਰ ਕੇ ਕਿਹਾ: ਤੁਸੀਂ ਇਸ ਤੋਂ ਬਦਲਾ ਲੈਣ ਲਈ ਜਿਵੇਂ ਚਾਹੋ ਇਸ ਨਾਲ ਸਲੂਕ ਕਰੋ। ਚੰਦੂ ਨੂੰ ਮੁਸ਼ਕਾਂ ਦੇ ਕੇ ਦਿੱਲੀ ਤੋਂ ਲਹੌਰ ਲਿਆ ਕੇ ਬਾਜ਼ਾਰਾਂ ’ਚ ਫਿਰਾਇਆ ਗਿਆ। ਚਾਰੋਂ ਤਰਫ਼ ਉਸ ਪ੍ਰਤੀ ਨਫ਼ਰਤ ਪੈਦਾ ਹੋ ਗਈ। ਗੁਰਦਿੱਤਾ ਭੜਭੂੰਜਾ, ਜਿਸ ਨੇ ਚੰਦੂ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਉੱਤੇ ਤੱਤੀ ਰੇਤ ਪਾਈ ਸੀ, ਉਸ ਨੇ ਇਸ ਪਾਪੀ ਨੂੰ ਉਹੀ ਰੇਤ ਪਾਉਣ ਵਾਲੇ ਕੜਛੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ।

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਡੱਲਾ ਨਿਵਾਸੀ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ ਸੰਮਤ 1661 (ਸੰਨ 1604) ਵਿੱਚ ਹੋਇਆ, ਜਿਨ੍ਹਾਂ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਜੋ ਗੁਰੂ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ,ਬੀਬੀ ਵੀਰੋ ਜੀ,ਬਾਬਾ ਸੂਰਜ ਮੱਲ,ਅਣੀ ਰਾਇ ਜੀ,ਬਾਬਾ ਅਟੱਲ ਰਾਇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਤਾਨ ਪੈਦਾ ਹੋਈ।

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੁੱਲ ਉਮਰ 48 ਸਾਲ, 8 ਮਹੀਨੇ ਤੇ 15 ਦਿਨ ਭੋਗਨ ਉਪਰੰਤ 3 ਮਾਰਚ 1644 ਨੂੰ ਆਪਣਾ ਦੁਨਿਆਵੀ ਸਫਰ ਸਮਾਪਤ ਹੁੰਦਾ ਵੇਖ ਗੁਰੂ ਪਰੰਪਰਾ ਅਨੁਸਾਰ ਆਪਣਾ ਉਤਰਾਧਿਕਾਰੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ (ਗੁਰੂ) ਹਰਿਰਾਇ ਸਾਹਿਬ ਜੀ ਨੂੰ ਚੁਣਿਆ, ਜੋ ਕਿ ਗੁਰੂ ਜੀ ਦੇ ਅੰਗ-ਸੰਗ ਰਹਿ ਕੇ ਆਪਣੀ ਯੋਗਤਾ ਦਾ ਸਬੂਤ ਕਈ ਵਾਰ ਦੇ ਚੁੱਕੇ ਸਨ ਅਤੇ ਆਪ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ, ਜਿੱਥੇ ਗੁਰਦੁਆਰਾ ‘ਪਾਤਾਲ ਪੁਰ’ ਸੁਸ਼ੋਭਿਤ ਹੈ।

ਭਾਈ ਗੁਰਦਾਸ ਜੀ ਇਸ ਮਹਾਨ ਯੋਧੇ ਗੁਰੂ ਲਈ ਆਪਣੀ ਭਾਵਨਾ ਵਿਅਕਤ ਕਰਦੇ ਆਖਦੇ ਹਨ ਕਿ ‘ਸਤ, ਸੰਤੋਖ, ਦਇਆ, ਧਰਮ ਤੇ ਧੀਰਜ’ ਰੂਪ ਗੁਣ ਜਿਸ ਤਰ੍ਹਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਮਾਣੇ ਉਸ ਤਰ੍ਹਾਂ ਹੀ ਛੱਠਮ ਪੀਰ ਭੋਗ ਰਿਹਾ ਹੈ:-

‘‘ਪੰਜਿ ਪਿਆਲੇ, ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।।

ਗੁਰੂ ਘਰ ਦੀ ਇਹ ਖ਼ਾਸੀਅਤ ਰਹੀ ਹੈ ਕਿ ਗੁਰੂ ਸਾਹਿਬਾਨਾਂ ਦੀ ਦੁਨਿਆਵੀ ਉਮਰ ਭਾਵੇਂ 8 ਸਾਲ ਹੋਵੇ ਜਾਂ 80 ਸਾਲ,ਆਪਣੇ ਉਤਰਾਧਿਕਾਰੀ ਦੀ ਚੋਣ ਆਪਣੇ ਦੁਨਿਆਵੀ ਸਫਰ ਦੀ ਸਮਾਪਤੀ ਤੋਂ ਤਰੰਤ ਪਹਿਲਾਂ ਕਰਦੇ ਰਹੇ ਹਨ, ਜਿਵੇਂ ਕਿ ਗੁਰੂ ਸਾਹਿਬਾਨਾਂ ਨੂੰ ਭਵਿੱਖ ਕਾਲ ਦੀ ਹਰ ਘਟਨਾ ਬਾਰੇ ਪਹਿਲਾਂ ਹੀ ਜਾਣਕਾਰੀ ਹੋਵੇ ਜਦਕਿ ਅਜੋਕੇ ਅਖੌਤੀ ਗੁਰੂਆਂ ’ਚ ਅਜਿਹੀ ਯੋਗਤਾ ਦੀ ਹਮੇਸ਼ਾਂ ਅਣਹੋਂਦ ਹੀ ਰਹੀ ਹੈ ਕਿਉਂਕਿ ਇਨ੍ਹਾਂ ਦੇ ਉਤਰਾਧਿਕਾਰੀ ਦੀ ਚੋਣ ਉਨ੍ਹਾਂ ਦੇ ਮਰਨ ਉਪਰੰਤ ਕਈ ਲੜਾਈਆਂ ਨਾਲ ਨਸੀਬ ਹੁੰਦੀ ਹੈ, ਫਿਰ ਵੀ ਭੁੱਲੜ ਸਿੱਖ ਆਪਣੇ ਸਮਰੱਥ ਗੁਰੂ ਨੂੰ ਛੱਡ ਕੇ ਇਨ੍ਹਾਂ ਪਖੰਡੀਆਂ ਦੇ ਪਿੱਛੇ ਭਟਕਦੇ ਆਮ ਵੇਖੇ ਜਾ ਸਕਦੇ ਹਨ।