Punjab

ਦੁਕਾਨਦਾਰਾਂ ਨੇ ਲਾਕਡਾਊਨ ਦਾ ਕੀਤਾ ਵਿਰੋਧ, ਸਰਕਾਰ ਦੇ ਫੈਸਲੇ ਖਿਲਾਫ਼ ਖੋਲ੍ਹੀਆਂ ਦੁਕਾਨਾਂ

‘ਦ ਖ਼ਾਲਸ ਬਿਊਰੋ:-  ਪੰਜਾਬ ਸਰਕਾਰ ਨੇ ਪੰਜਾਬ ਵਿੱਚ ਵੀਕਐਂਡ ਲਾਕਡਾਊਨ ਦੀ ਵਜ੍ਹਾ ਕਰਕੇ ਸਿਰਫ਼ ਜ਼ਰੂਰੀ ਸਮਾਨ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਮੁਹਾਲੀ ਵਿੱਚ ਦੁਕਾਨਦਾਰਾਂ ਨੇ ਅੱਜ ਦੁਕਾਨਾਂ ਖੋਲ੍ਹੀਆਂ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਕੋਰੋਨਾ ਕਾਲ ਦੌਰਾਨ ਸਰਕਾਰ ਬਿਜਲੀ ਦਾ ਬਿੱਲ ਲੈ ਰਹੀ ਹੈ ਤੇ ਉਹ ਟੈਕਸ ਭਰ ਰਹੇ ਹਨ ਤਾਂ ਉਹ ਦੁਕਾਨਾਂ ਕਿਉਂ ਨਹੀਂ ਖੋਲ੍ਹ ਸਕਦੇ।  ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਲਾਕਡਾਊਨ ਕੀਤਾ ਗਿਆ ਸੀ,  ਫ਼ਿਰ ਆਡ-ਈਵਨ ਦੇ ਫਾਰਮੂਲੇ ਨਾਲ ਦੁਕਾਨਾਂ ਖੋਲ੍ਹੀਆਂ ਗਈਆਂ।  ਹੁਣ ਇੱਕ ਵਾਰ ਮੁੜ ਤੋਂ ਵੀਕਐਂਡ ਲਾਕਡਾਊਨ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਗੁੱਸੇ ਵਿੱਚ ਆਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ਼ ਕਮਰੇ ਵਿੱਚ ਬੰਦ ਰਹਿ ਕੇ ਹੀ ਫ਼ੈਸਲੇ ਕਰਦੀ ਹੈ, ਪਰ ਉਹ ਜ਼ਮੀਨੀ ਹਕੀਕਤ ਤੋਂ ਅਣਜਾਣ ਹੈ।  ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਦੁਕਾਨਾਂ ਬੰਦ ਰਹਿਣਗੀਆਂ ਤਾਂ ਉਹ ਆਪਣਾ ਖ਼ਰਚਾ ਕਿਵੇਂ ਕੱਢਣਗੇ ਅਤੇ ਘਰ ਦਾ ਗੁਜ਼ਾਰਾ ਕਿਵੇਂ ਕਰਨਗੇ। ਸਰਕਾਰ ਨੂੰ ਉਨ੍ਹਾਂ ਦੀ ਤਕਲੀਫ਼ ਵਾਸਤੇ ਵੀ ਕੁੱਝ ਸੋਚਣਾ ਚਾਹੀਦਾ ਹੈ।

ਵੀਕਐਂਡ ਦੌਰਾਨ ਜ਼ਿਆਦਾਤਰ ਲੋਕ ਦੁਕਾਨਾਂ  ‘ਤੇ ਖ਼ਰੀਦਕਾਰੀ ਕਰਨ ਲਈ ਨਿਕਲ ਦੇ ਹਨ, ਭੀੜਭਾੜ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਸਿਰਫ਼ ਇੰਨਾ ਹੀ ਨਹੀਂ, ਪੰਜਾਬ ਦੇ ਲੋਕ ਵੀ ਹੁਣ ਮੁੜ ਤੋਂ ਕੋਰੋਨਾ ਨੂੰ ਲੈ ਕੇ ਬੇ-ਪਰਵਾਹ ਨਜ਼ਰ ਆ ਰਹੇ ਹਨ।

ਇਸ ਲਈ ਪੰਜਾਬ ਸਰਕਾਰ ਨੇ ਵੀਕਐਂਡ ਲਾਕਡਾਊਨ ਦਾ ਫ਼ੈਸਲਾ ਕੀਤਾ ਸੀ। ਪੰਜਾਬ ਵਿੱਚ ਲਗਾਤਾਰ ਕੋਰੋਨਾ ਨਵੇਂ ਰਿਕਾਰਡ ਬਣਾ ਰਿਹਾ ਹੈ। ਸੂਬੇ ਵਿੱਚ ਮੌਤਾਂ ਦੀ ਰਫ਼ਤਾਰ ਜਿਸ ਤਰ੍ਹਾਂ ਵਧੀ ਹੈ, ਉਹ ਸਭ ਤੋਂ ਜ਼ਿਆਦਾ ਚਿੰਤਾ ਵਿੱਚ ਪਾਉਣ ਵਾਲੀ ਹੈ।