India

ਮੀਡੀਆ ਤੋਂ ਦੁਖੀ ਹੋ ਗਈ ਸ਼ਿਲਪਾ ਸ਼ੈਟੀ, ਕੋਰਟ ਨੇ ਵੀ ਕਹਿ ਦਿੱਤੀ ਸਿੱਧੀ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੋਰਨ ਵੀਡੀਓ ਮਾਮਲੇ ਵਿਚ ਫਸੇ ਵਪਾਰੀ ਰਾਜ ਕੁੰਦਰਾ ਦੀ ਪਤਨੀ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਇਕ ਬਿਆਨ ਜਾਰੀ ਕਰਕੇ ਮੀਡੀਆ ਟ੍ਰਾਇਲ ਬੰਦ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਨਿਆਂਪਾਲਿਕਾ ਤੋਂ ਪੂਰਾ ਭਰੋਸਾ ਹੈ। ਬਿਆਨ ਵਿੱਚ ਸ਼ਿਲਪਾ ਨੇ ਕਿਹਾ ਹੈ ਕਿ ਕੁੱਝ ਦਿਨਾਂ ਤੋਂ ਮੀਡੀਆ ਵੱਲੋਂ ਸਾਡੇ ਉੱਤੇ ਕਾਫੀ ਦਾਗ ਲਾਏ ਗਏ, ਬਹੁਤ ਟ੍ਰੋਲਿੰਗ ਹੋਈ ਹੈ। ਇੱਥੋਂ ਤੱਕ ਕਿ ਮੇਰੇ ਪਰਿਵਾਰ ਤੋਂ ਵੀ ਸਵਾਲ ਪੁੱਛੇ ਗਏ ਹਨ।

ਉਨ੍ਹਾਂ ਕਿਹਾ ਕਿ ਮੇਰਾ ਇਹੀ ਪੱਖ ਹੈ ਕਿ ਮਾਮਲਾ ਅਦਾਲਤ ਵਿਚ ਹੈ ਤੇ ਮੇਰੇ ਵੱਲੋਂ ਫਰਜੀ ਬਿਆਨ ਮੜ੍ਹਨਾ ਬੰਦ ਕੀਤੇ ਜਾਣ। ਹਾਲਾਂਕਿ ਸ਼ਿਲਪਾ ਸ਼ੈਟੀ ਨੇ ਮੀਡੀਆ ਨਾਲ ਆਪਣੀ ਸ਼ਿਕਾਇਤ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਵੀ ਖੜਕਾਇਆ ਸੀ, ਪਰ ਬੰਬੇ ਹਾਈਕੋਰਟ ਨੇ ਪਿਛਲੇ ਹਫਤੇ ਉਨ੍ਹਾਂ ਦੀ ਇਸ ਬੇਨਤੀ ਨੂੰ ਨਾਮਨਜੂਰ ਕਰਦਿਆਂ ਕਿਹਾ ਸੀ ਕਿ ਗ੍ਰਿਫਤਾਰ ਵਪਾਰੀ ਰਾਜ ਕੁੰਦਰਾ ਦੀ ਪਤਨੀ ਦੇ ਇਸ ਬਾਰੇ ਖਬਰ ਦੇਣ ਉੱਤੇ ਰੋਕ ਲਗਾਉਣ ਨਾਲ ਪ੍ਰੈੱਸ ਦੀ ਅਜਾਦੀ ਉੱਤੇ ਗੰਭੀਰ ਅਸਰ ਪਵੇਗਾ।


ਸ਼ਿਲਪਾ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਮਾਣਹਾਨੀ ਕਰਨ ਵਾਲੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।ਪਰ ਅਦਾਲਤ ਨੇ ਕਿਹਾ ਸੀ ਕਿ ਜਿਨ੍ਹਾਂ ਲੇਖਾਂ ਦਾ ਸ਼ਿਲਪਾ ਸ਼ੈਟੀ ਜਿਕਰ ਕਰ ਰਹੀ ਹੈ, ਉਸ ਨਾਲ ਮਾਣਹਾਨੀ ਹੁੰਦੀ ਨਹੀਂ ਦਿਸਦੀ। ਸ਼ਿਲਪਾ ਸ਼ੈਟੀ ਨੇ ਅਰਜੀ ਦਾਖਿਲ ਕਰਦਿਆ 25 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਸੀ ਕਿ ਮੀਡੀਆ ਸੰਗਠਨਾਂ ਤੇ ਗੂਗਲ, ਫੇਸਬੁੱਕ, ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਜ੍ਹਾ ਨਾਲ ਉਨ੍ਹਾਂ ਦੇ ਮਾਣ ਨੂੰ ਸੱਟ ਵੱਜੀ ਹੈ।