Punjab

ਗਾਇਬ ਸਰੂਪ ਮਾਮਲਾ:- SGPC ਦੀ ਵੱਡੀ ਕਾਰਵਾਈ, ਸਕੱਤਰਾਂ ਤੱਕ ਡਿੱਗੀ ਗਾਜ, ਕਈ ਡਿਸਮਿਸ, ਕਈਆਂ ਖ਼ਿਲਾਫ਼ ਮੁਕੱਦਮੇ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਡਾ. ਈਸ਼ਰ ਸਿੰਘ ਐਡਵੋਕੇਟ ਦੀ ਅਗਵਾਈ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਕੀਤੀ ਗਈ ਜਾਂਚ ਕਮਿਸ਼ਨ ਰਿਪੋਰਟ ‘ਤੇ SGPC ਦੀ ਅੰਤ੍ਰਿੰਗ ਕਮੇਟੀ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਹੈ ਕਿ ਰਿਪੋਰਟ ‘ਚ ਦੋਸ਼ੀ ਪਾਏ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਭੇਜੇ ਗਏ ਸੀਲਬੰਦ ਲਿਫ਼ਾਫ਼ੇ ਨੂੰ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੀ ਅੰਤ੍ਰਿੰਗ ਕਮੇਟੀ ਦੇ ਸਾਹਮਣੇ ਖੋਲ੍ਹਿਆ ਗਿਆ। ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਵਿਖੇ ਪ੍ਰਧਾਨ ਲੌਂਗੋਵਾਲ ਦੀ ਅਗਵਾਈ ‘ਚ ਹੋਈ ਇਕੱਤਰਤਾ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪੜਤਾਲੀਆਂ ਜਾਂਚ ਕਮਿਸ਼ਨ ਦੇ ਮੁਖੀ ਡਾ. ਈਸ਼ਰ ਸਿੰਘ ਐਡਵੋਕੇਟ, ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਐਡਵੋਕੇਟ ਤੇ ਬੀਬੀ ਹਰਲੀਨ ਕੌਰ ਸੀ.ਏ. ਦਾ ਡੂੰਘਾਈ ਨਾਲ ਜਾਂਚ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਜਾਂਚ ਰਿਪੋਰਟ ਪ੍ਰਵਾਨ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਾਮੀ ਭਰੀ ਗਈ।

ਬੈਠਕ ਮਗਰੋਂ SGPC ਪ੍ਰਧਾਨ ਲੌਂਗੋਵਾਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਇਸ ਗੱਲ ’ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚ ਕੰਮ ਕਰਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਿੱਜੀ ਲਾਲਸਾ, ਬੇਈਮਾਨੀ ਤੇ ਮਿਲੀਭੁਗਤ ਨਾਲ ਸਮੁੱਚੀ ਸੰਸਥਾ ਤੇ ਸਿੱਖ ਕੌਮ ਨੂੰ ਵੱਡੀ ਨਮੋਸ਼ੀ ਦੇ ਸਾਹਮਣਾ ਕਰਨਾ , ਜਿਸ ਕਾਰਨ ਡੂੰਘੀ ਮਾਨਸਿਕ ਪੀੜਾ ਵਿੱਚੋਂ ਵੀ ਲੰਘਣਾ ਪਿਆ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬੇਹੱਦ ਅਫ਼ਸੋਸ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਤੇ ਵੰਡਣ ਦੀ ਸੇਵਾ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਉਨ੍ਹਾਂ ਨੇ ਇਸ ਜ਼ਿੰਮੇਵਾਰੀ ‘ਚ ਵੱਡੀਆਂ ਕੁਤਾਹੀਆਂ ਹੀ ਨਹੀਂ ਕੀਤੀਆਂ, ਸਗੋਂ ਅਮਾਨਤ ਵਿੱਚ ਖਿਆਨਤ ਕੀਤੀ ਹੈ। ਜਿਸ ਨੂੰ ਕਿਸੇ ਵੀ ਤਰ੍ਹਾਂ ਮੁਆਫ਼ ਨਹੀਂ ਕੀਤਾ ਜਾ ਸਕਦਾ।

ਭਾਈ ਲੌਂਗੋਵਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾਂਚ ਕਮਿਸ਼ਨ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ‘ਤੇ ਕੀਤੀ ਕਾਰਵਾਈ ਦੇ ਵੇਰਵੇ ਜਾਰੀ ਕਰਦੇ ਹੋਏ ਪ੍ਰਗਟਾਵਾ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਅਸਲੀਅਤ ਵਿੱਚ ਕੁਝ ਬੇਈਮਾਨ ਕਰਮਚਾਰੀਆਂ ਨੇ ਵਾਰ-ਵਾਰ ਰਿਕਾਰਡ ਤੇ ਲੈਜ਼ਰ ਵਿੱਚ ਛੇੜ-ਛਾੜ, ਜਾਅਲੀ ਰਸੀਦਾਂ ਕੱਟਣ, ਸੰਗਤਾਂ ਕੋਲੋਂ ਪੈਸੇ ਲੈ ਕੇ ਆਪਣੀਆਂ ਜ਼ੇਬਾਂ ਵਿੱਚ ਪਾਉਣ ਅਤੇ ਫੜ੍ਹੇ ਜਾਣ ਤੋਂ ਬਾਅਦ ਗਲਤੀ ਸਵੀਕਾਰ ਕਰਨ ਦੀ ਥਾਂ ਅਤਿ ਗੰਭੀਰ ਮਾਮਲੇ ਨੂੰ ਗਲਤ ਰੰਗ ਵਿੱਚ ਪੇਸ਼ ਕਰਕੇ ਆਪਣੇ ਕੁਕਰਮਾਂ ਉੱਪਰ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਪਰੰਤੂ ਅੱਜ ਪੂਰਨ ਸਚਾਈ ਸੰਗਤਾਂ ਦੇ ਸਾਹਮਣੇ ਪੇਸ਼ ਹੈ।

ਸ਼੍ਰੋਮਣੀ ਕਮੇਟੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ, ਇਸ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਸੁਚੱਜੀ ਦੇਖਭਾਲ, ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕਰਨ ਤੇ ਸਮੁੱਚੀ ਮਾਨਵਤਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪੁੱਜਦਾ ਕਰਨਾ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼੍ਰੋਮਣੀ ਕਮੇਟੀ ਦਾ ਹਰ ਮੈਂਬਰ, ਅਧਿਕਾਰੀ, ਕਰਮਚਾਰੀ ਤੇ ਸੰਸਥਾ ਨਾਲ ਜੁੜਿਆ ਹਰ ਵਿਅਕਤੀ ਆਪਣੇ ਫ਼ਰਜ਼ਾਂ ਤੇ ਅਧਿਕਾਰਾਂ ਦੀ ਪਛਾਣ ਕਰੇ। ਮੌਜੂਦਾ ਮਸਲੇ ਨੇ ਸਾਨੂੰ ਸਾਰਿਆਂ ਨੂੰ ਸਵੈ-ਪੜਚੋਲ ਕਰਨ ਤੇ ਫ਼ਰਜ਼ਾਂ ਤੇ ਅਧਿਕਾਰਾਂ ਪ੍ਰਤੀ ਚੇਤੰਨ ਹੋਣ ਵਾਸਤੇ ਝੰਜੋੜਿਆ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਸੰਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਾਹਿਬਾਨ ਤੇ ਗੁਰੂ-ਘਰ ਦੀ ਸੇਵਾ ਵਿੱਚ ਕੁਤਾਹੀ ਕਰਨ ਵਾਲੇ ਹਰ ਵਿਅਕਤੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਪ੍ਰਵਾਨ ਕਰਨ ਮਗਰੋਂ ਸਖ਼ਤ ਫੈਸਲਾ ਲਿਆ ਗਿਆ ਹੈ, ਜਿਸ ਅਨੁਸਾਰ :-

1. ਸ. ਕੰਵਲਜੀਤ ਸਿੰਘ ਸੀ.ਜੀ.ਐੱਲ. ਸਹਾਇਕ ਸੁਪਰਵਾਈਜ਼ਰ ਜੋ ਪਹਿਲਾਂ ਸੇਵਾਮੁਕਤ ਹੋ ਚੁੱਕਾ ਹੈ, ਦੇ ਫੰਡ ਰੀਲੀਜ਼ ਕਰਨ ’ਤੇ ਰੋਕ ਲਗਾਈ ਜਾਂਦੀ ਹੈ, ਤਾਂ ਜੋ ਬਣਦੀ ਰਿਕਵਰੀ ਕੀਤੀ ਜਾ ਸਕੇ। ਉਸ ’ਤੇ ਰਿਕਾਰਡ ਵਿੱਚ ਹੇਰਾ-ਫੇਰੀ, ਖੁਰਦ-ਬੁਰਦ ਕਰਨ ਤੇ ਧੋਖਾਧੜੀ ਦਾ ਫੌਜਦਾਰੀ ਪਰਚਾ ਵੀ ਦਰਜ ਕਰਵਾਇਆ ਜਾਵੇਗਾ।

2. ਸ. ਬਾਜ ਸਿੰਘ ਕਲਰਕ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਗਿਆ ਹੈ ਅਤੇ ਇਸ ਦੇ ਖਿਲਾਫ਼ ਸ. ਕੰਵਲਜੀਤ ਸਿੰਘ ਦੇ ਨਾਲ ਹੀ ਫੌਜਦਾਰੀ ਪਰਚਾ ਦਰਜ਼ ਕਰਵਾਇਆ ਜਾਵੇਗਾ।

3. ਸ. ਗੁਰਬਚਨ ਸਿੰਘ ਮੀਤ ਸਕੱਤਰ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕਰ ਦਿੱਤਾ, ਅਤੇ ਇਸ ਉੱਪਰ ਵੀ ਫੌਜਦਾਰੀ ਪਰਚਾ ਦਰਜ਼ ਕਰਵਾਇਆ ਜਾਵੇਗਾ।

4. ਸ. ਦਲਬੀਰ ਸਿੰਘ ਹੈਲਪਰ ਨੂੰ ਸਰਵਿਸ ਤੋਂ ਤੁਰੰਤ ਡਿਸਮਿਸ ਕਰਦਿਆਂ ਇਸ ਉਪਰ ਵੀ ਉਪਰੋਕਤ ਤਿੰਨਾਂ ਸਮੇਤ ਫੌਜਦਾਰੀ ਪਰਚਾ ਦਰਜ਼ ਕਰਵਾਇਆ ਜਾਵੇਗਾ।

5. ਸ. ਕੁਲਵੰਤ ਸਿੰਘ ਜਿਲਦਸਾਜ਼ ਤੇ ਸ. ਜਸਪ੍ਰੀਤ ਸਿੰਘ ਜਿਲਦਸਾਜ਼ ਦਾ ਜਿਲਦਾਂ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਤੇ ਇਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ।

6. ਸ. ਸਤਿੰਦਰ ਸਿੰਘ ਮੀਤ ਸਕੱਤਰ ਫਾਇਨਾਂਸ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

7. ਸ. ਨਿਸ਼ਾਨ ਸਿੰਘ ਮੀਤ ਸਕੱਤਰ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਇਸ ’ਤੇ ਵੀ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।

8. ਸ. ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।

9. ਡਾ. ਰੂਪ ਸਿੰਘ ਮੁੱਖ ਸਕੱਤਰ ਵੱਲੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਪ੍ਰਵਾਨ ਕੀਤਾ ਜਾਂਦਾ ਹੈ।

10. ਸ. ਗੁਰਮੁੱਖ ਸਿੰਘ ਸੁਪਰਵਾਈਜ਼ਰ ਪਬਲੀਕੇਸ਼ਨ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।

11. ਸ. ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਜੋ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਰਹੇ ਦਾ ਹੇਠਲੇ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਤੋੜ-ਮਰੋੜ ਕਰਨ ਬਾਰੇ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਮੁਲਾਜ਼ਮਾਂ ਨਾਲ ਮਿਲੀਭੁਗਤ ਦਾ ਸੰਕੇਤ ਦਿੰਦਾ ਹੈ। ਸੰਸਥਾ ਦਾ ਮੁੱਖ ਪ੍ਰਸ਼ਾਸਕ ਹੋਣ ਕਰਕੇ ਇਹ ਜ਼ੁੰਮੇਵਾਰ ਹੈ ਅਤੇ ਇਸ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

12. ਸ. ਸਤਿੰਦਰ ਸਿੰਘ ਕੋਹਲੀ ਚਾਰਟਰਡ ਅਕਾਊਂਟੈਂਟ ਐਸ.ਐਸ. ਕੋਹਲੀ ਐਂਡ ਐਸੋਸੀਏਟਸ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਿਲਾਫ਼ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75 ਫੀਸਦੀ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

13. ਸ. ਜੁਝਾਰ ਸਿੰਘ ਸਹਾਇਕ ਅਕਾਊਂਟੈਂਟ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ।

14. ਸ. ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਂਦੀਆਂ ਹਨ।

15. ਸ. ਪਰਮਦੀਪ ਸਿੰਘ ਇੰਚਾਰਜ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸ. ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਦੀ ਅਗਵਾਈ ‘ਚ ਸਬ-ਕਮੇਟੀ ਕਾਇਮ ਕੀਤੀ ਗਈ ਹੈ, ਜੋ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦਾ ਕਾਰਜ ਕਰੇਗੀ। ਅੰਤ੍ਰਿੰਗ ਕਮੇਟੀ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਗੁਰਪਾਲ ਸਿੰਘ ਗੋਰਾ, ਸ. ਭੁਪਿੰਦਰ ਸਿੰਘ ਅਸੰਧ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਕੰਗ, ਸ. ਸ਼ੇਰ ਸਿੰਘ ਮੰਡਵਾਲਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਸ. ਦਰਸ਼ਨ ਸਿੰਘ ਪੀ.ਏ. ਆਦਿ ਮੌਜੂਦ ਸਨ।