Punjab

ਲਾਪਤਾ ਪਾਵਨ ਸਰੂਪ ਮਾਮਲਾ : ਦਬਾਅ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਮੁਕੰਮਲ ਰਿਪੋਰਟ ਕੀਤੀ ਜਨਤਕ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਨਤਕ ਕੀਤੇ ਜਾਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੀ ਇਹ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਹਰ ਇੱਕ ਵਿਅਕਤੀ ਲਈ ਉਪਲੱਬਧ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਜਾਂਚ ਰਿਪੋਰਟ ਦਾ ਸੰਖੇਪ ਵੇਰਵਾ ਪਹਿਲਾਂ ਹੀ ਜਨਤਕ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਮੁੱਚੀ ਜਾਂਚ ਰਿਪੋਰਟ ਵੀ ਵੈੱਬਸਾਈਟ ’ਤੇ ਪਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਵਿਸਥਾਰਤ ਜਾਂਚ ਰਿਪੋਰਟ ਕਰੀਬ ਇੱਕ ਹਜ਼ਾਰ ਪੰਨਿਆਂ ਦੀ ਹੈ, ਜਿਸ ਨੂੰ ਸਕੈਨ ਕਰਕੇ ਵੈੱਬਸਾਈਟ ’ਤੇ ਪਾਇਆ ਜਾਵੇਗਾ। ਇਹ ਰਿਪਰੋਟ ਕੱਲ੍ਹ ਤੱਕ ਸੰਗਤਾਂ ਲਈ ਉਪਲੱਬਧ ਹੋ ਜਾਵੇਗੀ। ਭਾਈ ਲੌਂਗੋਵਾਲ ਅਨੁਸਾਰ ਰਿਪੋਰਟ ਦੇ ਪਹਿਲੇ ਭਾਗ ‘ਚ ਲਗਭਗ 680 ਪੰਨਿਆਂ ਤੱਕ ਵੱਖ-ਵੱਖ ਲੋਕਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਹਨ, ਜਦਕਿ ਅੰਤਲੇ ਭਾਗ ‘ਚ ਜਾਂਚ ਕਮਿਸ਼ਨ ਵੱਲੋਂ ਅੰਤਿਮ ਰਿਪੋਰਟ ਦਿੱਤੀ ਗਈ ਹੈ।