India Punjab

ਐੱਸਜੀਪੀਸੀ ਦੇ ਇਸ ਮਤੇ ਕਰਕੇ ਹਿੰਦੂ ਅਤੇ ਸਿੱਖ ਭਾਈਚਾਰਾ ਹੋਇਆ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਐੱਸਐੱਸ ਖਿਲਾਫ ਮਤਾ ਪਾਸ ਕਰਨ ‘ਤੇ ਵਿਵਾਦ ਛਿੜ ਗਿਆ ਹੈ। ਐੱਸਜੀਪੀਸੀ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਆਰਐੱਸਐੱਸ ‘ਤੇ ਘੱਟ ਗਿਣਤੀਆਂ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਰਐੱਸਐੱਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਬੀਜੇਪੀ ਲੀਡਰ ਆਰ.ਪੀ. ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਨੂੰ ਹਿੰਦੂ ਬਣਾਉਣ ਦਾ ਇੱਕ ਵੀ ਕੇਸ ਦੱਸਣ ਦੀ ਚੁਣੌਤੀ ਦਿੱਤੀ ਹੈ। ਆਰ.ਪੀ. ਸਿੰਘ ਨੇ ਟਵੀਟ ਕਰਕੇ ਕਿਹਾ ਕਿ ‘ਕਿੰਨੀ ਵਾਰ SGPC ਨੇ ਮਿਸ਼ਨਰੀ ਵੱਲੋਂ ਸਿੱਖਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਖਿਲਾਫ ਬਿਆਨ ਦਿੱਤਾ ਜਾਂ ਕੋਈ ਕਾਰਵਾਈ ਕੀਤੀ। ਕਿੰਨੀ ਵਾਰ ਧਰਮ ਪਰਿਵਰਤਨ ਕਰ ਚੁੱਕੇ ਸਿੱਖਾਂ ਦੀ ਪੰਥ ਵਿੱਚ ਵਾਪਸੀ ਕਰਵਾਈ, ਸਗੋਂ ਇਹ ਆਰਐੱਸਐੱਸ ਸੀ, ਜਿਸਨੇ ਘਰ ਵਾਪਸੀ ਮੁਹਿੰਮ ਚਲਾਈ।’

ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਨੇ ਇਸ ਮਤੇ ਬਾਰੇ ਬੋਲਦਿਆਂ ਕਿਹਾ ਕਿ ‘ਇਹ ਮਤਾ ਪੰਜਾਬ ਦੇ ਹਿੰਦੂਆਂ ਦੇ ਵਿਰੁੱਧ ਹੈ ਅਤੇ ਇਹ ਮਤਾ ਪਾਸ ਕਰਕੇ ਪੰਜਾਬ ਅਤੇ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਦਵਾਜ ਨੇ ਕਿਹਾ ਕਿ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਹੈ। ਭਾਰਦਵਾਜ ਨੇ ਬੀਬੀ ਜਗੀਰ ਕੌਰ ਦੇ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਐੱਸਜੀਪੀਸੀ ਨੇ ਇਸਾਈ ਭਾਈਚਾਰੇ ਦੇ ਖਿਲਾਫ ਮਤਾਂ ਪਾਸ ਕਿਉਂ ਨਹੀਂ ਕੀਤਾ, ਜੋ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਂਦੇ ਰਹਿੰਦੇ ਹਨ। ਹਿੰਦੂ ਭਾਈਚਾਰਾ ਤਾਂ ਸਗੋਂ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦੂ ਭਾਈਚਾਰਾ ਆਪਣੇ ਪਰਿਵਾਰਾਂ ਵਿੱਚੋਂ ਇੱਕ ਜੀਅ ਨੂੰ ਸਿੱਖ ਬਣਾਉਂਦਾ ਹੈ ਤਾਂ ਜੋ ਸਿੱਖਾਂ ਦੀ ਗਿਣਤੀ ਵੱਧ ਸਕੇ।’