International Punjab

SGPC ਨੇ ਦਿੱਤੀ ਸੀ ਸਰੂਪ ਛਾਪਣ ਦੀ ਆਗਿਆ ਪਰ ਸੁਖਬੀਰ ਸਿੰਘ ਬਾਦਲ ਨਹੀਂ ਸੀ ਮੰਨੇ: ਰਿਪੁਦਮਨ ਸਿੰਘ ਮਲਿਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੈਨੇਡਾ ਦੇ ਸਰੀ ਵਿੱਚ ਛਾਪਣ ਦੇ ਮੁੱਦੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਕੈਨੇਡਾ ਵਿੱਚ ਸਰੂਪ ਛਾਪਣ ਵਾਲੇ ਬਲਵੰਤ ਸਿੰਘ ਪੰਧੇਰ ਅਤੇ ਰਿਪੁਦਮਨ ਸਿੰਘ ਮਲਿਕ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ SGPC ਨੇ ਤਾਂ ਉਨ੍ਹਾਂ ਨੂੰ ਕੈਨੇਡਾ ‘ਚ ਸਰੂਪ ਛਾਪਣ ਦੀ ਆਗਿਆ ਦੇ ਦਿੱਤੀ ਸੀ ਪਰ ਸੁਖਬੀਰ ਬਾਦਲ ਨੇ ਇਸ ਮਤੇ ਨੂੰ ਪ੍ਰਵਾਨ ਨਹੀਂ ਕੀਤਾ।

ਉਨ੍ਹਾਂ ਦਾਅਵਾ ਕੀਤਾ ਕਿ 3 ਮਾਰਚ, 2015 ਨੂੰ SGPC ਦੀ ਅੰਤ੍ਰਿੰਗ ਕਮੇਟੀ ਨੇ ਸਤਿਨਾਮ ਐਜੂਕੇਸ਼ਨ ਟਰੱਸਟ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਦਾ ਮਤਾ ਪਾਸ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਇੱਕ ਸਬ-ਕਮੇਟੀ ਨੂੰ ਛਪਾਈ ਦੀ ਸ਼ੁਰੂਆਤ ਕਰਨ ਦੇ ਕੰਮ ਦੀ ਪਾਲਣਾ ਕਰਨ ਨੂੰ ਕਿਹਾ ਗਿਆ। ਇਸਦਾ ਕਾਰਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਦਖਲਅੰਦਾਜ਼ੀ ਸੀ, ਨਾ ਕਿ SGPC ਦੇ ਕੀਤੇ ਹੋਏ ਫੈਸਲੇ ਵਿੱਚ ਕੋਈ ਤਬਦੀਲੀ ਸੀ। ਸੁਖਬੀਰ ਬਾਦਲ ਕੈਨੇਡਾ ਵਿੱਚ ਛਪਾਈ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੇ’।

ਉਨ੍ਹਾਂ ਨੇ ਦੱਸਿਆ ਕਿ ‘ਦਸੰਬਰ 2019 ਵਿੱਚ ਅਸੀਂ ਦੋਵੇਂ ਪੰਜਾਬ ਆਏ ਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਮੀਤ-ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨਾਲ ਕੈਨੇਡਾ ਵਿੱਚ ਛਪਾਈ ਦੇ ਮੁੱਦੇ ‘ਤੇ ਦੁਬਾਰਾ ਵਿਚਾਰ-ਵਟਾਂਦਰਾ ਕਰਨ ਲਈ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਮੁੱਦੇ ਉੱਪਰ ਸਿੱਧੇ ਤੌਰ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੁਖਬੀਰ ਬਾਦਲ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ। ਸੁਖਬੀਰ ਬਾਦਲ ਨੇ ਇਸ ਮੁੱਦੇ ‘ਤੇ ਵਿਚਾਰ ਕਰਨ ਤੋਂ ਪਹਿਲਾਂ ਹੀ ਸਾਡੀ ਬੇਨਤੀ ਨੂੰ ਠੁਕਰਾ ਦਿੱਤਾ।

SGPC ਦੀ ਅੰਤ੍ਰਿੰਗ ਕਮੇਟੀ ਵੱਲੋਂ ਕੈਨੇਡਾ ਵਿੱਚ ਛਪਾਈ ਦਾ ਮਤਾ ਪਾਸ ਕਰਨ ਤੋਂ ਬਾਅਦ ਉਹ ਚਾਹੁੰਦੇ ਹੋਏ ਵੀ ਅੱਗੇ ਨਾ ਵੱਧ ਸਕੇ ਕਿਉਂਕਿ SGPC ਦੇ ਇਸ ਫੈਸਲੇ ਨੂੰ ਸੁਖਬੀਰ ਬਾਦਲ ਰੱਦ ਕਰ ਰਹੇ ਸੀ’।

ਉਨ੍ਹਾਂ ਕਿਹਾ ਕਿ ‘ਸਾਲ 2020 ਦੇ ਸ਼ੁਰੂ ਵਿੱਚ ਅਸੀਂ ਮਹਿਸੂਸ ਕੀਤਾ ਕਿ SGPC ਉੱਤਰੀ ਅਮਰੀਕਾ ਦੀ ਸੰਗਤ ਲਈ ਸਰੂਪਾਂ ਦੀ ਛਪਾਈ ਦੇ ਆਪਣੇ ਫੈਸਲੇ ‘ਤੇ ਕੰਮ ਨਹੀਂ ਕਰ ਰਹੀ, ਜਦਕਿ SGPC ਦੀ ਅੰਤ੍ਰਿੰਗ ਕਮੇਟੀ ਨੇ ਕੈਨੇਡਾ ਵਿੱਚ ਸਾਡੇ ਨਾਲ ਮਿਲ ਕੇ ਇਹ ਸੇਵਾ ਕਰਨ ਦਾ ਫੈਸਲਾ ਕੀਤਾ ਸੀ। ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਅਸੀਂ ਉੱਤਰੀ ਅਮਰੀਕਾ ਦੀ ਸੰਗਤ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸੇਵਾ ਕਰਾਂਗੇ।

ਇਸ ਲਈ ਅਸੀਂ SGPC ਦੇ ਪਹਿਲੇ ਫੈਸਲੇ ‘ਤੇ ਛਪਾਈ ਕਰਨ ਦਾ ਕੰਮ ਪੂਰੀ ਮਰਿਆਦਾ ਨਾਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਹਿਤ ਕੇਵਲ ਅੰਮ੍ਰਿਤਧਾਰੀ ਸਿੱਖਾਂ ਤੋਂ ਹੀ ਇਸ ਸੇਵਾ ਦਾ ਕੰਮ ਕਰਵਾਇਆ ਗਿਆ ਅਤੇ ਸੇਵਾ ਦੀ ਪਵਿੱਤਰਤਾ ਰੱਖਣ ਲਈ ਸਹੀ ਤਰੀਕੇ ਨਾਲ ਸਾਫ-ਸਫਾਈ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਛਾਪੇ ਗਏ 61 ਸਰੂਪ SGPC ਦੀ ਛਪਾਈ ਦੇ ਸਮਾਨ ਹਨ, ਜਿਵੇਂ ਕਿ SGPC ਦੁਆਰਾ ਵਰਤੀ ਗਈ ਫਾਇਲ (ਸਾਲ 1998 ਦੇ ਹੁਕਮਨਾਮੇ ਵਿੱਚ ਬਿਆਨ ਕੀਤੀ ਆਫ਼ਸੈਟ ਫਿਲਮਜ਼) ਸਮਾਨ ਹਨ। ਫਾਇਲ ਪੂਰੀ ਤਰ੍ਹਾਂ ਚੈੱਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜਾ ਸਾਲ 2014 ਵਿੱਚ SGPC ਵੱਲੋਂ ਆਇਆ ਸੀ, ਉਸ ਨਾਲ ਮਿਲਾ ਕੇ ਚੈੱਕ ਕੀਤਾ ਗਿਆ’।

ਰਿਪੁਦਮਨ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਪੂਰਾ ਸਪੱਸ਼ਟੀਕਰਨ ਪੜ੍ਹਨ ਲਈ ਇੱਥੇ ਕਲਿੱਕ ਕਰੋ।

Akal Takhat August 29 Final (2)

ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਸੁਖਬੀਰ ਬਾਦਲ ‘ਤੇ ਹਮਲਾ ਕਰਦਿਆਂ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ SGPC ਨੂੰ ਨਿਰਦੇਸ਼ ਦੇਣ ਕਿ SGPC ਭਵਿੱਖ ਵਿੱਚ ਬਾਹਰਲੇ ਸਿਆਸਤਦਾਨਾਂ ਦੇ ਪ੍ਰਭਾਵ ਤੋਂ ਬਿਨਾਂ ਆਪਣੇ ਫੈਸਲੇ ਕਰੇ।