Khaas Lekh Punjab Religion

ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਸੰਸਥਾ SGPC 100 ਸਾਲ ਦੀ ਹੋਈ, ਸਥਾਪਨਾ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ, ਪੜ੍ਹੋ ਖਾਸ ਰਿਪੋਰਟ

’ਦ ਖ਼ਾਲਸ ਬਿਊਰੋ: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ 100 ਸਾਲ ਮੁਕੰਮਲ ਕਰ ਲਏ ਹਨ। ਕਮੇਟੀ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਅੱਜ 17 ਨਵੰਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 10:30 ਵਜੇ ਤੋਂ 2:30 ਵਜੇ ਤੱਕ ਸ਼ਤਾਬਦੀ ਸਮਾਗਮ ਕਰਵਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਸੰਗਤਾਂ ਨੁੂੰ ਮੁਬਾਰਕਾਂ ਦਿੱਤੀਆਂ।

ਇਸ ਸਬੰਧ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਦੀ ਸਥਾਪਨਾ ਸ਼ਤਾਬਦੀ ਦਾ ਸਮਾਗਮ ਯਾਦਗਾਰੀ ਹੋਵੇਗਾ। ਸ਼ਤਾਬਦੀ ਸਮਾਗਮ ਵਿੱਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਵੀ ਪੁੱਜੀਆਂ। ਪੰਥ ਪ੍ਰਸਿੱਧ ਕੀਰਤਨੀ ਅਤੇ ਢਾਡੀ ਜਥਿਆਂ ਨੇ ਵੀ ਹਾਜ਼ਰੀ ਭਰੀ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ 100 ਸਾਲਾ ਸਥਾਪਨਾ ਦਿਵਸ ਪੂਰਾ ਸਾਲ ਮਨਾਏ ਜਾਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪ-ਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਇਹ ਇਤਿਹਾਸਿਕ ਚਿੱਤਰ ਪ੍ਰਦਰਸ਼ਨੀ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਇਹ ਚਿੱਤਰ ਪ੍ਰਦਰਸ਼ਨੀ ਪੰਜਾਬ ਭਰ ਦੇ 31 ਚਿੱਤਰਕਾਰਾਂ ਦੀ ਵਰਕਸ਼ਾਪ ਲਗਾ ਕੇ ਤਿਆਰ ਕੀਤੀ ਗਈ ਹੈ। ਇਨ੍ਹਾਂ ਤਿਆਰ ਕੀਤੇ ਗਏ ਚਿੱਤਰਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ ਅਤੇ ਲੱਗੇ ਮੋਰਚਿਆਂ ਨੂੰ ਬਿਆਨਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵੀਹਵੀਂ ਸਦੀ ਦੀ ਅਹਿਮ ਪ੍ਰਾਪਤੀ: ਲੌਂਗੋਵਾਲ

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸੀ। ਇਸ ਦੇ 100 ਸਾਲਾ ਸ਼ਤਾਬਦੀ ਦਿਵਸ ਮੌਕੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅਨੇਕਾਂ ਕੁਰਬਾਨੀ ਅਤੇ ਸ਼ਹਾਦਤਾਂ ਸਦਕਾ ਹੋਂਦ ਵਿੱਚ ਆਈ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ 20ਵੀਂ ਸਦੀ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ। ਸਿੱਖ ਸਭਿਆਚਾਰ, ਸਿੱਖੀ ਸਿਧਾਂਤ ਅਤੇ ਸਿੱਖ ਇਤਿਹਾਸ ’ਚ ਅਹਿਮ ਯੋਗਦਾਨ ਪਾਉਂਦਿਆਂ ਸੌ ਸਾਲਾਂ ’ਚ ਆਏ ਅਨੇਕਾਂ ਉਤਰਾਅ-ਚੜ੍ਹਾਅ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਦੀ ਇੱਕ ਪ੍ਰਤੀਨਿਧ ਸੰਸਥਾ ਅਤੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਆਪਣੀ ਵਿਲੱਖਣ ਪਛਾਣ ਹਾਸਿਲ ਕਰ ਚੁੱਕੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਕਲਿਆਣ ਹਿਤ ‘ਨਿਰਮਲ ਪੰਥ’ ਪ੍ਰਗਟ ਕਰਦਿਆਂ ਸਰਬ ਸਾਂਝੀਵਾਲਤਾ ਲਈ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਹੋਕਾ ਦਿੱਤਾ। ਜਬਰ ਜ਼ੁਲਮ, ਵਹਿਮ ਭਰਮ, ਪਾਖੰਡ, ਫੋਕੇ ਕਰਮ ਕਾਂਡ, ਇਸਤਰੀ ਦੀ ਦੁਰਦਸ਼ਾ ਅਤੇ ਜਾਤ ਵੰਡ ਆਦਿ ਦੇ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਥਾਂ-ਥਾਂ ਧਰਮ ਦਾ ਪ੍ਰਚਾਰ ਕੀਤਾ ਅਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੱਬੀ ਰਜ਼ਾ ਵਿੱਚ ਸ਼ਾਂਤਮਈ ਰਹਿ ਕੇ ਸ਼ਹਾਦਤ ਦਿੱਤੀ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਦੀ ਤਿਲਕ ਜੰਞੂ ਦੀ ਰੱਖਿਆ ਲਈ ਦਿੱਲੀ ’ਚ ਸਾਕਾ ਵਰਤਾਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ੁਲਮ ਖ਼ਿਲਾਫ਼ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ਼ ਕੇ ਸਰਬੰਸ ਵਾਰਦਿਆਂ ਸੰਸਾਰ ਸਾਹਮਣੇ ‘ਖ਼ਾਲਸੇ’ ਦੇ ਸਰੂਪ ਨੂੰ ਉਜਾਗਰ ਕੀਤਾ।

ਗੁਰੂ ਸਾਹਿਬਾਨ ਨੇ ਜਿਸ ਵੀ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਿਆ, ਸਿੱਖ ਸੰਗਤ ਨੇ ਉਨ੍ਹਾਂ ਪਵਿੱਤਰ ਸਥਾਨਾਂ ’ਤੇ ਗੁਰਦੁਆਰਾ ਸਾਹਿਬਾਨ ਉਸਾਰ ਕੇ ਗੁਰੂ ਸਾਹਿਬਾਨ ਦੀਆਂ ਯਾਦਾਂ ਨੂੰ ਸਦਾ ਲਈ ਸੰਭਾਲਿਆ। ਇਹ ਹੀ ਅੱਗੇ ਚੱਲ ਕੇ ਸਿੱਖੀ ਦੇ ਨਾ ਕੇਵਲ ਧਰਮ ਪ੍ਰਚਾਰ ਦੇ ਕੇਂਦਰ ਬਣੇ ਸਗੋਂ ਇਹ ਸਿੱਖ ਕੌਮ ਲਈ ਜੁੜ ਬੈਠ ਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਹਿਲੂਆਂ ਉੱਤੇ ਵਿਚਾਰ ਕਰਨ ਹਿੱਤ ਅਤੇ ਜਥੇਬੰਦਕ ਸਰੂਪ ਨੂੰ ਗ੍ਰਹਿਣ ਕਰਦਿਆਂ ਰਾਜਸੀ ਸ਼ਕਤੀ ਹਾਸਿਲ ਕਰਨ ਦੇ ਕੇਂਦਰ ਵੀ ਬਣ ਗਏ।

ਗੁਰੂ ਕਾਲ ਤੋਂ ਬਾਅਦ 18ਵੀਂ ਅਤੇ 19ਵੀਂ ਸਦੀ ਦਾ ਅੱਧ ਸਿੱਖ ਕੌਮ ਲਈ ਆਪਣੀ ਹੋਂਦ ਬਚਾਉਣ ਤੋਂ ਇਲਾਵਾ ਆਪਣੀ ਸਵੈ ਪਛਾਣ, ਰਾਜਸੀ ਪਿੜ ਨੂੰ ਪਕੇਰਿਆਂ ਕਰਨ ਅਤੇ ਇਸ ਨੂੰ ਵਿਸਥਾਰ ਦੇਣ ਲਈ ਸੰਘਰਸ਼ ਦਾ ਸਮਾਂ ਰਿਹਾ। ਦਿੱਲੀ, ਕਾਬੁਲ ਕੰਧਾਰ, ਲੇਹ-ਲੱਦਾਖ਼ ਆਦਿ ਨੂੰ ਫ਼ਤਿਹ ਕਰਨ ਦੇ ਦੌਰਾਨ ਜਦ ਵੀ ਮੌਕਾ ਮਿਲਿਆ ਜਾਂ ਵੱਸ ਚੱਲਿਆ ਸਿੱਖ ਪੰਥ ਨੇ ਗੁਰਧਾਮਾਂ ਦੀ ਉਸਾਰੀ ਅਤੇ ਇਸ ਦੀ ਮਹੱਤਤਾ ਨੂੰ ਵਧਾਉਣ ਵਲ ਵਿਸ਼ੇਸ਼ ਧਿਆਨ ਦਿੱਤਾ।

ਮਿਸਾਲ ਵਜੋਂ ਸ: ਜੱਸਾ ਸਿੰਘ ਆਹਲੂਵਾਲੀਆ ਆਦਿ ਦੀ ਅਗਵਾਈ ’ਚ ਦਿੱਲੀ ਨੂੰ ਜਿੱਤਣ ਉਪਰੰਤ ਬਘੇਲ ਸਿੰਘ ਦੀ ਅਗਵਾਈ ’ਚ ਦਿੱਲੀ ਵਿਖੇ ਗੁਰਧਾਮਾਂ ਦੀ ਉਸਾਰੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ’ਤੇ ਸੋਨੇ ਦੀ ਚੜ੍ਹਤ ਚੜ੍ਹਾਉਣ ਦੀ ਸੇਵਾ ਆਦਿ।

ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਸਿੱਖਾਂ ਦੇ ਇਤਿਹਾਸਿਕ ਗੁਰਧਾਮਾਂ ਦੀ ਭਗਤੀ ਤੇ ਸ਼ਕਤੀ ਦੇ ਸੋਮੇ ਅਤੇ ਕੇਂਦਰੀ ਧੁਰੇ ਵਜੋਂ ਅਹਿਮੀਅਤ ਦਾ ਅਹਿਸਾਸ ਹੋਇਆ, ਇਸ ਲਈ ਉਨ੍ਹਾਂ ਨੇ ਇਸਾਈ ਮਿਸ਼ਨਰੀਆਂ ਅਤੇ ਪਾਦਰੀਆਂ ਨੂੰ ਉਤਸ਼ਾਹਿਤ ਕੀਤਾ।

1873 ’ਚ ਜਦ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਕੇਸ ਕਤਲ ਕਰ ਕੇ ਈਸਾਈ ਧਾਰਨ ਕਰਨ ਪ੍ਰਤੀ ਸ਼ਰ੍ਹੇਆਮ ਐਲਾਨ ਕੀਤਾ ਤਾਂ ਸੁਚੇਤ ਕੌਮੀ ਲੀਡਰਸ਼ਿਪ ਨੀਂਦ ’ਚੋਂ ਜਾਗ ਉੱਠੀ, ਜਿਸ ਨਾਲ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦਾ ਆਗਾਜ਼ ਹੋਇਆ।

ਅੰਗਰੇਜ਼ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਆਪਣੇ ਹੱਥਾਂ ’ਚ ਰੱਖਣ ਲਈ ਸਰਬਰਾਹੀ ਸਿਸਟਮ ਲਾਗੂ ਕਰਦਿਆਂ ਇੱਕ ਕਮੇਟੀ ਅਤੇ ਸਰਬਰਾਹ ਨਿਯੁਕਤ ਕੀਤਾ ਗਿਆ। ਇਸੇ ਦੌਰਾਨ ਗੁਰੂ ਕੀ ਸੰਪਤੀ ਨੂੰ ਆਪਣੀ ਮਲਕੀਅਤ ਸਮਝਣ ਵਾਲੇ ਮਹੰਤਾਂ ਅਤੇ ਪੁਜਾਰੀਆਂ ਨੂੰ ਦਿੱਤੀ ਗਈ ਸਰਕਾਰੀ ਸ਼ਹਿ ਨਾਲ ਪੁਜਾਰੀ ਲਾਣੇ ਦਾ ਗੁਰਮਤਿ ਵਿਰੋਧੀ ਕੰਮ ਵਿਹਾਰ ਸਿਖ਼ਰਾਂ ’ਤੇ ਜਾ ਪੁੱਜਾ ਅਤੇ ਸਰਬ ਸਾਂਝੀਵਾਲਤਾ ਦੇ ਗੁਰ ਅਸਥਾਨਾਂ ’ਤੇ ਛੂਤਛਾਤ ਵੀ ਭਾਰੂ ਹੋਣ ਲੱਗਾ।

ਧਾਰਮਿਕ ਨਿਜ਼ਾਮ ਦੀ ਵਿਗੜੀ ਹਾਲਤ ਦੇਖ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਤੇ ਉਨ੍ਹਾਂ ’ਚ ਫ਼ਿਕਰਮੰਦੀ ਵੀ ਵਧੀ। ਉਸ ਵਕਤ ਸਿੱਖਾਂ ’ਚ ਆਈ ਜਾਗ੍ਰਿਤੀ ਕਾਰਨ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ।

ਸ਼੍ਰੋਮਣੀ ਕਮੇਟੀ ਦਾ ਇਤਿਹਾਸ

ਭਾਈ ਲੌਂਗੋਵਾਲ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਸ਼ਾਨਾਮਤਾ ਇਤਿਹਾਸ ਅਤੇ ਪ੍ਰਾਪਤੀਆਂ ਰਹੀਆਂ ਹਨ, ਇਸ ਦੀ ਸਥਾਪਨਾ ਸਿੱਖ ਕੌਮ ਦੀ ਸੁਚੇਤ ਚੇਤਨਾ ਅਤੇ ਲਹੂ ਡੋਲਵੀਂ ਸੰਘਰਸ਼ ਦਾ ਨਤੀਜਾ ਹੈ। ਭਾਵੇਂ ਸ਼ੁਰੂਆਤੀ ਦੌਰ ’ਚ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਵਿਚੋਂ ਅੰਮ੍ਰਿਤਪਾਨ ਕਰਨ ਵਾਲੇ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਸ਼ਾਦ ਭੇਟ ਕਰਨ ਦੀ ਮਨਾਹੀ ਦੇ ਰੋਸ ਵਜੋਂ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ ’ਚ ‘ਖ਼ਾਲਸਾ ਬਰਾਦਰੀ’ ਵੱਲੋਂ 12 ਅਕਤੂਬਰ 1920 ਨੂੰ ਸੰਗਤੀ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਭੇਟਾ ਕਰਨ ਦੇ ਵਰਤਾਰਿਆਂ ਅਤੇ ਉਸ ਵਕਤ ਪੁਜਾਰੀਆਂ ਵੱਲੋਂ ਖ਼ਾਲੀ ਛੱਡ ਕੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਸੁਧਾਰਵਾਦੀ ਸਿੱਖਾਂ ਵੱਲੋਂ ਬਣਾਈ ਗਈ ਕਮੇਟੀ ਹੀ ਸ਼੍ਰੋਮਣੀ ਕਮੇਟੀ ਦੇ ਸਾਕਾਰ ਹੋਣ ਦਾ ਪਹਿਲਾ ਕਦਮ ਬਣਿਆ।

ਇਸ ਉਪਰੰਤ ਕੌਮ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸਰਬੱਤ ਖ਼ਾਲਸਾ ਇਕੱਠ ਬੁਲਾ ਕੇ ਇੱਕ ਪੰਥਕ ਕਮੇਟੀ ਚੁਣੀ ਜਾਵੇ। ਭਾਵੇਂ ਕਿ ਸਰਬੱਤ ਖ਼ਾਲਸਾ ਇਕੱਠ ਤੋਂ ਦੋ ਦਿਨ ਪਹਿਲਾਂ ਹਕੂਮਤ ਵੱਲੋਂ 36 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾ ਚੁੱਕਿਆ ਸੀ ਫਿਰ ਵੀ ਸਿੱਖ ਕੌਮ ਵੱਲੋਂ 15 ਨਵੰਬਰ 1920 ਨੂੰ ਸਰਬੱਤ ਖ਼ਾਲਸਾ ਇਕੱਠ ਕੀਤਾ ਗਿਆ ਅਤੇ 175 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਕਾਰ ਨਾਲ ਟੱਕਰ ਨੂੰ ਟਾਲਣ ਲਈ ਸਰਕਾਰ ਵੱਲੋਂ ਐਲਾਨ ਕੀਤੇ ਉਹ ਮੈਂਬਰ ਵੀ ਸ਼ਾਮਲ ਕਰ ਲਏ ਗਏ ਜਿਨ੍ਹਾਂ ਦੀ ਚੋਣ ਇਕੱਠ ’ਚ ਨਹੀਂ ਸੀ ਕੀਤੀ ਗਈ।

ਉਕਤ ਚੋਣ ਉਪਰੰਤ ਅੰਗਰੇਜ਼ ਹਕੂਮਤ ਸਿੱਖਾਂ ਨਾਲ ਫਿਰ ਮੁੱਕਰ ਗਈ। ਨਤੀਜੇ ਵਜੋਂ ਮਹੰਤਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਅਧੀਨ ਲਿਆਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਹੋਈ। ਸਿੱਖ ਸੰਗਤ ਨੂੰ ਇੱਕ-ਦੂਜੇ ਨਾਲ ਜੋੜਨ ਲਈ ਕੱਢਿਆ ਗਿਆ ‘ਅਕਾਲੀ ਪਤਰਕਾ’ ਅਖ਼ਬਾਰ ਸਿੱਖਾਂ ’ਚ ਹਰ ਦਿਲ ਅਜ਼ੀਜ਼ ਬਣ ਜਾਣ ਕਾਰਨ ਇਸ ਲਹਿਰ ਦੇ ਹਮਸਫ਼ਰ ਅਕਾਲੀ ਅਖਵਾਉਣ ਲੱਗੇ ਅਤੇ ਅਣ ਐਲਾਨੀ ਅਕਾਲੀ ਲਹਿਰ ਚੱਲ ਪਈ।

ਸੈਂਟਰਲ ਬੋਰਡ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿੱਖ ਕੌਮ ਨੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਖ਼ੂਨ ਡੋਲ੍ਹਵਾਂ ਸੰਘਰਸ਼ ਕੀਤਾ, ਮੋਰਚੇ ਲਾਏ, ਸਾਕੇ ਵਰਤਾਏ, ਡਾਂਗਾਂ ਵਰ੍ਹੀਆਂ, ਗੋਲੀਆਂ ਖਾਧੀਆਂ, 500 ਤੋਂ ਵੱਧ ਸ਼ਹੀਦੀਆਂ, ਹਜ਼ਾਰਾਂ ਅੰਗਹੀਣ, ਤੀਹ ਹਜ਼ਾਰ ਗ੍ਰਿਫ਼ਤਾਰੀਆਂ ਅਤੇ ਲੱਖਾਂ ਦਾ ਨੁਕਸਾਨ ਹੋਇਆ। ਇਸੇ ਜ਼ਬਰਦਸਤ ਜੱਦੋ-ਜਹਿਦ ਦੇ ਨਤੀਜੇ ਵਜੋਂ ਪਹਿਲੀ ਨਵੰਬਰ 1925 ਨੂੰ ‘ਗੁਰਦੁਆਰਾ ਐਕਟ’ ਬਣ ਕੇ ਲਾਗੂ ਕੀਤਾ ਗਿਆ ਅਤੇ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿੰਦਿਆਂ ਭਾਰਤੀ ਚੋਣ ਦੇ ਇਤਿਹਾਸ ’ਚ ਪਹਿਲੀ ਵਾਰ ਇਸਤਰੀ ਵਰਗ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ।

ਇਸ ਐਕਟ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਵੋਟਾਂ ਰਾਹੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਸੌਂਪਿਆ ਗਿਆ। ਇਸ ਕਮੇਟੀ ਦਾ ਨਾਮ ਪਹਿਲਾਂ ‘ਸੈਂਟਰਲ ਬੋਰਡ’ ਰੱਖਿਆ ਜੋ ਕਿ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਭਾਵੇਂ ਕਿ ਗੁਰਧਾਮਾਂ ਪ੍ਰਤੀ ਚੇਤਨਾ ਲਹਿਰ ਦੀ ਸ਼ੁਰੂਆਤ ਗੁਰਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਦੀ ਢਾਹੇ ਗਏ ਦੀਵਾਰ ਦੀ ਮੁੜ ਉਸਾਰੀ ਲਈ ਜੁਲਾਈ-ਅਗਸਤ 1920 ’ਚ ਸਿਖ਼ਰਾਂ ਨੂੰ ਪਹੁੰਚ ਚੁੱਕੇ ਮੋਰਚੇ ਨਾਲ ਹੋ ਚੁੱਕੀ ਸੀ।

ਇਸੇ ਤਰਾਂ ਸਿੱਖ ਸੰਗਤ ਨੇ 27 ਸਤੰਬਰ 1920 ਨੂੰ ਗੁਰਦੁਆਰਾ ਚੁਮਾਲਾ ਸਾਹਿਬ, ਪਾਤਿਸ਼ਾਹੀ ਛੇਵੀਂ, ਲਾਹੌਰ ਦਾ ਮਹੰਤਾਂ ਤੋਂ ਛੁਡਵਾਇਆ ਗਿਆ ਕਬਜ਼ਾ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਪ੍ਰਬੰਧ ਹਾਸਿਲ ਕੀਤਾ। ਇਸੇ ਦੌਰਾਨ ਗੁਰਦੁਆਰਾ ਬਾਬੇ ਦੀ ਬੇਰ, ਸਿਆਲ ਕੋਟ ਦਾ ਪ੍ਰਬੰਧ ਹਾਸਿਲ ਕੀਤਾ ਗਿਆ। ਗੁਰਦੁਆਰਾ ਪੰਜਾ ਸਾਹਿਬ ਨੂੰ 19 ਨਵੰਬਰ 1920 ਨੂੰ ਪੂਰੀ ਜੱਦੋ-ਜਹਿਦ ਨਾਲ ਅਜ਼ਾਦ ਕਰਾਇਆ ਗਿਆ।

ਗੁਰਦੁਆਰਾ ਤਰਨ ਤਾਰਨ ਦਰਬਾਰ ਸਾਹਿਬ ਦੇ ਕਬਜ਼ੇ ਨੂੰ ਲੈ ਕੇ 25 ਜਨਵਰੀ 1921 ਵਾਲੇ ਦਿਨ ਮਹੰਤਾਂ ਵੱਲੋਂ ਸਾਜ਼ਿਸ਼ ਤਹਿਤ ਕੀਤੇ ਗਏ ਹਮਲੇ ਦੌਰਾਨ ਭਾਈ ਹਜ਼ਾਰਾ ਸਿੰਘ ਅਲਾਦੀਨ ਪੁਰ ਅਤੇ ਭਾਈ ਹੁਕਮ ਸਿੰਘ ਵਸਾਊ ਕੋਟ ਦੀਆਂ ਸ਼ਹਾਦਤਾਂ ਨਾਲ ਇਸ ਲਹਿਰ ’ਚ ਪਹਿਲੀਆਂ ਸ਼ਹੀਦੀਆਂ ਦਾ ਯੋਗਦਾਨ ਪਿਆ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ’ਚ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਦਲੀਪ ਸਿੰਘ ਦੀ ਅਗਵਾਈ ’ਚ ਸ਼ਹੀਦੀ ਜਥੇ ਵੱਲੋਂ ਦਿੱਤੀਆਂ ਗਈਆਂ ਲਾਸਾਨੀ ਸ਼ਹਾਦਤਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇ ਖਾਨੇ ਦੀਆਂ ਚਾਬੀਆਂ ਦਾ ਜਿੱਤਿਆ ਗਿਆ ਮੋਰਚਾ ਮਹਾਤਮਾ ਗਾਂਧੀ ਲਈ ‘ਭਾਰਤ ਦੀ ਅਜ਼ਾਦੀ ਲਈ ਜਿੱਤੀ ਗਈ ਪਹਿਲੀ ਲੜਾਈ ਸੀ।’ ਇਸੇ ਦੌਰਾਨ ਗੁਰੂ ਕਾ ਬਾਗ ਦੇ ਮੋਰਚੇ ਨੇ ਸ਼ਾਂਤਮਈ ਸੰਘਰਸ਼ ਦੀਆਂ ਕਦਰਾਂ ਕੀਮਤਾਂ ਵਿਸ਼ਵ ਦੇ ਸਾਹਮਣੇ ਰੱਖੀਆਂ। ਅਸੰਭਵ ਨੂੰ ਸੰਭਵ ਕਰਨ ਵਾਲਾ ਸਾਕਾ ਗੁਰਦੁਆਰਾ ਪੰਜਾ ਸਾਹਿਬ, ਨਾਭਾ ਐਜੀਟੇਸ਼ਨ ਤੋਂ ਗੰਗਸਰ ਜੈਤੋ ਦਾ ਮੋਰਚਾ ਵੀ ਆਪਣੇ ਆਪ ’ਚ ਮਿਸਾਲ ਸੀ, ਜਿਸ ਦਾ ਕੋਈ ਸਾਨੀ ਨਹੀਂ।

ਇਸੇ ਲਹਿਰ ਤਹਿਤ ਭਾਈ ਜੋਗਾ ਸਿੰਘ ਦਾ ਗੁਰਦੁਆਰਾ, ਗੁ: ਬਾਬਾ ਅਵਿਨਾਸ਼ਾ ਸਿੰਘ, ਤੇਜੇ ਜ਼ਿਲ੍ਹਾ ਵਜੀਰਾਬਾਦ, ਗੁ: ਗੁਰੂ ਅਰਜਨ ਸਾਹਿਬ ਹੋਠੀਆਂ, ਗੁਰਦਾਸਪੁਰ, ਗੁ: ਬਾਬੇ ਕੀ ਬੇਰ ਸੁਲਤਾਨਪੁਰ, ਫ਼ਰੀਦਕੋਟ ਰਿਆਸਤ ਦੇ ਗੁਰਦੁਆਰੇ, ਗੁ: ਕਮਲੀਆ, ਗੁਰੂ ਸਰ ਸਤਲਾਨੀ, ਗੁਰਦੁਆਰਾ ਕੇਰ ਸਾਹਿਬ, ਮਾਛੀ ਕੇ, ਸ਼ੇਖ਼ੂਪੁਰਾ ਤੇ ਖਡੂਰ ਸਾਹਿਬ, ਮੁਕਤਸਰ ਸਾਹਿਬ ਤੇ ਅਨੰਦਪੁਰ ਸਾਹਿਬ ਆਦਿ ਅਜ਼ਾਦ ਕਰਾਏ ਗਏ। ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਜਥੇ: ਕਰਤਾਰ ਸਿੰਘ ਝੱਬਰ, ਜਥੇ: ਤੇਜਾ ਸਿੰਘ ਭੁੱਚਰ, ਪ੍ਰਿੰਸੀਪਲ ਤੇਜਾ ਸਿੰਘ, ਸ: ਹਰਬੰਸ ਸਿੰਘ ਅਟਾਰੀ, ਸ: ਮੋਤਾ ਸਿੰਘ ਅਤੇ ਜਥੇ: ਤੇਜਾ ਸਿੰਘ ਸਮੁੰਦਰੀ ਆਦਿ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਸ਼ੋਮਣੀ ਕਮੇਟੀ ਦਾ ਪ੍ਰਥਮ ਪ੍ਰਧਾਨ ਚੁਣੇ ਜਾਣ ਦਾ ਮਾਣ ਸ: ਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ ਤਾਂ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਪੰਥਕ ਅਤੇ ਕੌਮੀ ਸਿਆਸਤ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ। ਬਾਬਾ ਖੜਕ ਸਿੰਘ, ਸ: ਸੁੰਦਰ ਸਿੰਘ ਰਾਮਗੜ੍ਹੀਆ, ਸ: ਬਹਾਦਰ ਮਹਿਤਾਬ ਸਿੰਘ, ਸ: ਮੰਗਲ ਸਿੰਘ, ਸ: ਗੋਪਾਲ ਸਿੰਘ ਕੌਮੀ, ਸ: ਪ੍ਰਤਾਪ ਸਿੰਘ ਸ਼ੰਕਰ, ਜਥੇ: ਮੋਹਨ ਸਿੰਘ ਨਾਗੋਕੇ, ਜਥੇ: ਊਧਮ ਸਿੰਘ ਨਾਗੋਕੇ, ਸ: ਚਰਨ ਸਿੰਘ ਉਰਾੜਾ, ਜਥੇ: ਈਸ਼ਰ ਸਿੰਘ ਮਝੈਲ, ਬਾਵਾ ਹਰਿਕਿਸ਼ਨ ਸਿੰਘ, ਸ: ਪ੍ਰੇਮ ਸਿੰਘ ਲਾਲਪੁਰਾ, ਸ: ਅਜੀਤ ਸਿੰਘ ਬਾਲਾ, ਸ: ਕਿਰਪਾਲ ਸਿੰਘ ਚੱਕ ਸ਼ੇਰੇਵਾਲਾ, ਸੰਤ ਚੰਨਣ ਸਿੰਘ, ਸ: ਬਲਦੇਵ ਸਿੰਘ ਸਿਬੀਆ, ਬੀਬੀ ਜਗੀਰ ਕੋਰ, ਜ: ਜਗਦੇਵ ਸਿੰਘ ਤਲਵੰਡੀ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਥੇ: ਅਵਤਾਰ ਸਿੰਘ ਮੱਕੜ ਨੇ ਵੀ ਇਸ ਸੰਸਥਾ ਦੇ ਪ੍ਰਬੰਧ ਨੂੰ ਉੱਚ ਮੁਕਾਮ ਤੱਕ ਪਹੁੰਚਾਉਣ ’ਚ ਅਹਿਮ ਰੋਲ ਨਿਭਾਇਆ। ਉੱਥੇ ਹੀ ਬੇਦਾਗ਼ ਸਿਆਸਤਦਾਨ ਪੰਥ ਰਤਨ ਜਥੇ: ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੀ 27 ਸਾਲ ਦੀ ਸੇਵਾ ਕਾਲ ਦੌਰਾਨ ਪੰਥ ਪ੍ਰਤੀ ਸਮਰਪਿਤ ਰਹਿ ਕੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੱਤਾ।

ਦੇਸ਼ ਦੀ ਆਜ਼ਾਦੀ ਲਈ SGPC ਦਾ ਯੋਗਦਾਨ

ਗੁਰਦੁਆਰਾ ਸੁਧਾਰ ਅਕਾਲੀ ਲਹਿਰ ਨੇ ਅੱਗੇ ਚੱਲ ਕੇ ਦੇਸ਼ ਦੀ ਅਜ਼ਾਦੀ ਲਈ ਵੀ ਅਹਿਮ ਰੋਲ ਅਦਾ ਕੀਤਾ। ਅਜ਼ਾਦੀ ਉਪਰੰਤ ਪੰਜਾਬੀ ਸੂਬਾ ਮੋਰਚਾ ਅਤੇ 1975 ਦੀ ਐਮਰਜੈਂਸੀ ਦੌਰਾਨ ਰਾਸ਼ਟਰ ਵਿਆਪੀ ਸਰਕਾਰ ਵਿਰੋਧੀ ਅੰਦੋਲਨ ਹੋਵੇ ਜਾਂ ਫਿਰ ਪੰਜਾਬ ਅਤੇ ਸਿੱਖ ਹਿਤਾਂ ਲਈ 1982 ’ਚ ਲਾਏ ਗਏ ਧਰਮਯੁੱਧ ਮੋਰਚੇ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਭਾਈ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਮੋਢੇ ਨਾਲ ਮੋਢਾ ਜੋੜਦਿਆਂ ਸ਼੍ਰੋਮਣੀ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਮਕਸਦ ਗੁਰਧਾਮਾਂ ਦੀ ਸੁਯੋਗ ਸੇਵਾ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਅੰਮ੍ਰਿਤ ਸੰਚਾਰ ਰਾਹੀਂ ਗੁਰੂ ਵਾਲੇ ਬਣਾਉਣਾ, ਸਿੱਖ ਰਹਿਤ ਮਰਿਆਦਾ, ਸਿੱਖੀ ਸਿਧਾਂਤ ਅਤੇ ਧਾਰਮਿਕ ਸੱਭਿਆਚਾਰ ਨੂੰ ਹਰ ਇੱਕ ਸਿੱਖ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਉਪਰਾਲਾ ਕਰਨਾ ਹੈ।

SGPC ਦਾ ਬਜਟ

ਭਾਈ ਲੌਂਗੋਵਾਲ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਕਰੀਬ 10 ਅਰਬ ਰੁਪਏ ਹੈ। ਇਸ ਨਾਲ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ’ਚ ਸੈਕਸ਼ਨ 85 ਅਧੀਨ 78 ਅਤੇ ਸੈਕਸ਼ਨ 87 ਅਧੀਨ 399 ਇਤਿਹਾਸਿਕ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ ਚਲਾਉਣ ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਦੇ ਸਹੂਲਤ ਲਈ ਮਿਆਰੀ ਅਤੇ ਸਾਫ਼ ਸੁਥਰੀਆਂ ਅਨੇਕਾਂ ਸਰਾਵਾਂ ਦੀ ਉਸਾਰੀ ਕਰਾਈ ਗਈ ਹੈ।

SGPC ਵੱਲੋਂ ਕੀਤੇ ਜਾ ਰਹੇ ਕਾਰਜ

ਦੇਸ਼ ਵਿਦੇਸ਼ ’ਚ ਅੰਮ੍ਰਿਤ ਸੰਚਾਰ ਅਤੇ ਧਰਮ ਪ੍ਰਚਾਰ ਦੀ ਸੇਵਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾ ਰਹੀ ਹੈ। ਇਸ ਵੱਲੋਂ ਦੋ ਯੂਨੀਵਰਸਿਟੀਆਂ- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲਾ, ਅੰਮ੍ਰਿਤਸਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ 37 ਡਿਗਰੀ ਕਾਲਜ, 53 ਸਕੂਲ, ਦੋ ਇੰਜੀਨੀਅਰ ਕਾਲਜ ਅਤੇ ਇੱਕ ਪਾਲੀਟੈਕਨਿਕ ਕਾਲਜ, ਇੱਕ ਦੰਦਾਂ ਦਾ ਕਾਲਜ, ਦੋ ਮੈਡੀਕਲ ਕਾਲਜ, ਇੱਕ ਨਰਸਿੰਗ ਕਾਲਜ ਅਤੇ ਅਨੇਕਾਂ ਡਿਸਪੈਂਸਰੀਆਂ ਚਲਾਈਆਂ ਜਾ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਵਿੱਦਿਅਕ ਡਾਇਰੈਕਟੋਰੇਟ ਦੀ ਸਥਾਪਨਾ ਵੀ ਕੀਤੀ ਗਈ ਹੈ, ਜਿਸ ਦਾ ਮੁੱਖ ਤੇ ਸੁੰਦਰ ਦਫ਼ਤਰ ਬਹਾਦਰਗੜ੍ਹ ਪਟਿਆਲਾ ਵਿੱਚ ਹੈ। ਸ਼੍ਰੋਮਣੀ ਕਮੇਟੀ ਨੇ ‘ਸਿੱਖ ਇਤਿਹਾਸ ਰੀਸਰਚ ਬੋਰਡ’ ਅਤੇ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਵੀ ਸਥਾਪਿਤ ਕੀਤੀ ਹੋਈ ਹੈ ਜਿੱਥੇ ਹਜ਼ਾਰਾਂ ਕਿਤਾਬਾਂ, ਹੱਥ ਲਿਖਤਾਂ, ਪੁਰਾਣੀਆਂ ਅਖ਼ਬਾਰਾਂ ਸੰਭਾਲੀਆਂ ਹੋਈਆਂ ਹਨ, ਜਿੱਥੋਂ ਸਿੱਖ ਧਰਮ ਅਤੇ ਇਤਿਹਾਸ ਬਾਰੇ ਖੋਜ ਭਰਪੂਰ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।

ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੱਖ-ਵੱਖ ਸੂਬਿਆਂ ਵਿੱਚ 11 ਸਿੱਖ ਮਿਸ਼ਨ ਅਤੇ ਕੇਂਦਰ, ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ 19 ਮਿਸ਼ਨਰੀ ਕਾਲਜ ਤੇ ਵਿਦਿਆਲੇ ਅਤੇ ਮਿਸ਼ਨਰੀ ਤੇ ਗੁਰਮਤਿ ਸੰਗੀਤ ਕਾਲਜ ਚਲਾਏ ਜਾ ਰਹੇ ਹਨ। ਗੁਰਮਤਿ ਸਾਹਿਤ ਦੇ ਪ੍ਰਕਾਸ਼ਨ ਲਈ ਵਿਸ਼ੇਸ਼ ਛਾਪੇਖ਼ਾਨੇ ਲਾਏ ਗਏ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਧਾਰਮਿਕ ਤੇ ਇਤਿਹਾਸਿਕ ਕਿਤਾਬਾਂ ਛਾਪੀਆਂ ਅਤੇ ਵੰਡੀਆਂ ਜਾਂਦੀਆਂ ਹਨ।

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰਚਾਰ-ਪ੍ਰਸਾਰ ਲਈ ਦੇਸ਼-ਵਿਦੇਸ਼ ’ਚ ਪ੍ਰਚਾਰਕ ਭੇਜਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਧਰਮ ਪ੍ਰਚਾਰ ਲਈ ਇਤਿਹਾਸਿਕ ਗੌਰਵ ਵਾਲੀਆਂ ਵੀਡੀਓ ਫ਼ਿਲਮਾਂ ਉਪਲੱਬਧ ਹਨ। ਬੱਚਿਆਂ ਵਿੱਚ ਧਾਰਮਿਕ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨ ਲਈ ਹਰ ਸਾਲ ਵਜ਼ੀਫ਼ੇ ਦਿੱਤੇ ਜਾਂਦੇ ਅਤੇ ਮੁਕਾਬਲੇ ਕਰਾਏ ਜਾਂਦੇ ਹਨ।

ਵਿਦੇਸ਼ਾਂ ਵਿੱਚ ਜਿੱਥੇ ਵੀ ਸਿੱਖ ਭਾਈਚਾਰੇ ਨੇ ਬਸੇਰਾ ਕੀਤਾ ਹੋਇਆ ਹੈ, ਉਨ੍ਹਾਂ ਮੁਲਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ’ਚ ਉਹ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਅਹਿਮ ਯੋਗਦਾਨ ਪਾ ਰਹੇ ਹਨ। ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਵਜੋਂ ਵਿਦੇਸ਼ਾਂ ’ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮਸਲਿਆਂ, ਕਕਾਰਾਂ, ਖ਼ਾਲਸੇ ਦੀ ਹੋਂਦ ਹਸਤੀ ਅਤੇ ਵਿਲੱਖਣ ਪਛਾਣ ਨੂੰ ਮਜ਼ਬੂਤੀ ਦੇਣ, ਫਰਾਂਸ ਵਿੱਚ ਪਗੜੀ ਦੇ ਮਾਮਲੇ ਪ੍ਰਤੀ ਆਵਾਜ਼ ਉਠਾਉਂਦੀ ਰਹੀ ਹੈ।

ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਦੇਸ਼ ’ਚ ਕਿਸੇ ਵੀ ਕੁਦਰਤੀ ਆਫ਼ਤ ਦੇ ਸੰਕਟ ਸਮੇਂ ਦੁਖੀ ਮਾਨਵਤਾ ਦਾ ਦੁੱਖ ਦਰਦ ਵੰਡਾਉਣ ਲਈ ਤਤਪਰ ਰਹੀ ਹੈ। ਲੋਕ ਕਲਿਆਣਕਾਰੀ ਕਾਰਜਾਂ ਵਜੋਂ ਪਿੰਗਲਵਾੜਾ ਭਗਤ ਪੂਰਨ ਸਿੰਘ, ਯਤੀਮਖ਼ਾਨਾ, ਬਿਰਧ ਆਸ਼ਰਮ ਆਦਿ ਨੂੰ ਸਲਾਨਾ ਸਹਾਇਤਾ ਦਿੰਦੀ ਹੈ।

ਜੰਮੂ ਕਸ਼ਮੀਰ ਦੇ ਚਿੱਟੀ ਸਿੰਘ ਪੁਰਾ ਗੋਲੀਕਾਂਡ ਹੋਵੇ ਜਾਂ ਗੁਜਰਾਤ ਉੜੀਸਾ ’ਚ ਆਈ ਸੁਨਾਮੀ, ਨੇਪਾਲ ਦੇ ਭੁਚਾਲ ਪੀੜਤ, ਹੜ੍ਹ ਪੀੜਤਾਂ ਜਾਂ ਫਿਰ ਹੁਣ ਕੋਰੋਨਾ ਦੀ ਮਹਾਂ ਮਾਰੀ ਦੌਰਾਨ ਬਿਨਾ ਪੱਖਪਾਤ ਲੋਕਾਈ ਦੀ ਸੇਵਾ ਵਿੱਚ ਸ਼੍ਰੋਮਣੀ ਕਮੇਟੀ ਨੇ ਮੋਹਰੀ ਭੂਮਿਕਾ ਨਿਭਾਈ।

ਸ਼੍ਰੋਮਣੀ ਕਮੇਟੀ ਜੂਨ ਤੇ ਨਵੰਬਰ ’84 ਦੇ ਸਿੱਖ ਕਤਲੇਆਮ ਪੀੜਤਾਂ, ਜੋਧਪੁਰ ਦੇ ਕੈਦੀਆਂ ਅਤੇ ਧਰਮੀ ਫ਼ੌਜੀਆਂ ਦੀ ਮਦਦ ਲਈ ਤਤਪਰ ਰਹਿਣ ਤੋਂ ਇਲਾਵਾ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਜੋਧਪੁਰ ਦੇ ਸਿੱਖ ਕੈਦੀਆਂ ਨੂੰ ਸਰਕਾਰ ਤੋਂ ਮੁਆਵਜ਼ਾ ਦਿਵਾਉਣ, ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰ ਪੁਰ (ਪਾਕਿਸਤਾਨ) ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਉਸਾਰਨ, ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਹਰਿ ਕੀ ਪੌੜੀ, ਹਰਿਦੁਆਰ (ਉਤਰਾਖੰਡ) ਵਿਖੇ ਇਤਿਹਾਸਕ ‘ਗੁਰਦੁਆਰਾ ਗਿਆਨ ਗੋਦੜੀ ਸਾਹਿਬ’ ਦੀ ਮੂਲ ਅਸਥਾਨ ’ਤੇ ਮੁੜ ਉਸਾਰੀ, ਗੁਰਦਵਾਰਾ ਗੁਰੂ ਡਾਂਗ ਮਾਰ ਸਾਹਿਬ, ਸਿੱਕਮ, ਗੁ: ਬਾਵਲੀ ਮੱਠ, ਮੰਗੂ ਮੱਠ, ਤੇ ਪੰਜਾਬੀ ਮੱਠ ਜਗਨਨਾਥ ਪੁਰੀ ਉੜੀਸਾ ਦੇ ਪ੍ਰਬੰਧ ਸਿੱਖ ਕੌਮ ਦੇ ਹਵਾਲੇ ਕਰਨ, ਅਨੰਦ ਕਾਰਜ ਐਕਟ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ, ਘਰੇਲੂ ਹਵਾਈ ਸਫ਼ਰ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ (ਸ੍ਰੀ ਸਾਹਿਬ) ਪਹਿਨਣ ਦੀ ਆਗਿਆ, ਸਿਕਲੀਗਰ ਭਾਈਚਾਰਾ, ਵਣਜਾਰਾ ਸਮਾਜ ਅਤੇ ਲੁਬਾਣਾ ਸਮਾਜ (ਗੁਰੂ ਨਾਨਕ ਪੰਥੀ) ਆਦਿ ਦੇ ਆਰਥਿਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬਚਿਆਂ ਨੂੰ ਸਕੂਲ ਦੀਆਂ ਫ਼ੀਸਾਂ ਤੇ ਯੂਨੀਫ਼ਾਰਮ ਆਦਿ ਦੇਣ, ਉਨ੍ਹਾਂ ਦੀ ਸੁਰੱਖਿਆ ਅਤੇ ਜੀਵਨ ਮਿਆਰ ਉੱਚਾ ਚੁੱਕਣ ਪ੍ਰਤੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਤਕ ਸਮੇਂ ਸਮੇਂ ਪਹੁੰਚ ਕੀਤੀ ਜਾਂਦੀ ਰਹੀ ਹੈ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਅੰਡੇਮਾਨ ਨਿਕੋਬਾਰ ਦੀਪ ’ਚ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਕੈਦੀ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁੱਕਵੇਂ ਪ੍ਰਬੰਧ ਕਰਨ, ਫ਼ਿਲਮਾਂ ਆਦਿ ਵਿੱਚ ਸਿੱਖ ਕਿਰਦਾਰ ਅਤੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਪ੍ਰਤੀ ਪੈਰਵਾਈ ਕਰਦਿਆਂ ਇਤਿਹਾਸਕ ਭੂਮਿਕਾ ਨਿਭਾ ਰਹੀ ਹੈ।

100 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਹਾਲਾਤ

ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਦਾ ਸੰਖੇਪ ਵਿਸ਼ਲੇਸ਼ਣ ਕਰਦਿਆਂ ਸਰਬਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਹਵਾਰਾ ਕਮੇਟੀ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਹਿਤਾਂ ਦੀ ਖਾਤਰ ਸ਼੍ਰੋਮਣੀ ਕਮੇਟੀ ਦੇ ਸੁਨਹਿਰੀ ਇਤਿਹਾਸ ਨੂੰ ਪੰਥ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਇਸ ਸੰਸਥਾ ਨੂੰ ਕਲੰਕਤ ਕਰ ਦਿੱਤਾ ਹੈ।

ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਲਹਿਰਾ, ਮੋਰਚਿਆਂ ਤੇ ਸਾਕਿਆਂ ਦੇ ਸਨਮੁਖ ਜੂਝਦਿਆਂ ਕੁਰਬਾਨੀ ਭਰਿਆ ਸੁਨਹਿਰੀ ਇਤਿਹਾਸ ਸਿਰਜਿਆ ਜਿਸ ਵਿੱਚੋਂ ਸੰਨ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਜਿਸ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦਾ ਸਚਾਰੂ ਪ੍ਰਬੰਧ, ਧਰਮ ਪ੍ਰਚਾਰ ਅਤੇ ਸਿੱਖ ਧਾਰਮਿਕ ਸਮੱਸਿਆਵਾਂ ਦਾ ਸਮਾਧਾਨ ਕਰਨਾ ਸੀ। ਨਨਕਾਣਾ ਸਾਹਿਬ ਦਾ ਸਾਕਾ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਆਦਿ ਦੀ ਸਫਲਤਾ ਨੇ ਸ਼੍ਰੋਮਣੀ ਕਮੇਟੀ ਦੇ ਰੁਤਬੇ ਅਤੇ ਸ਼ਕਤੀ ਵਿੱਚ ਪ੍ਰਸਾਰ ਕੀਤਾ।

ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਨੇ ਅੰਗਰੇਜ਼ ਹਕੂਮਤ ਅਤੇ ਦੇਸ਼ ਦੀ ਵੰਡ ਤੋਂ ਬਾਅਦ ਭਾਰਤੀ ਹਕੂਮਤ ਅੱਗੇ ਸਿਰ ਚੁੱਕ ਕੇ ਕਈ ਦਹਾਕਿਆਂ ਤੱਕ ਸਿੱਖਾਂ ਦੀ ਨੁਮਾਇੰਦਗੀ ਕੀਤੀ। ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਣ ਨਾਲ ਕਮੇਟੀ ਦੀ ਆਮਦਨ ਵਿੱਚ ਵਾਧਾ ਹੋਇਆ ਪਰ ਬਦਕਿਸਮਤੀ ਨਾਲ ਮਾਇਆ ਦੇ ਲੋਭ ਕਾਰਨ ਭ੍ਰਿਸ਼ਟਾਚਾਰ ਵਿੱਚ ਵੀ ਵਾਧਾ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਲੀਡਰਸ਼ਿਪ ਨੇ 1996 ਵਿੱਚ ਮੋਗਾ ਕਾਨਫਰੰਸ ਦੌਰਾਨ ਅਕਾਲੀ ਦਲ ਦਾ ਪੰਥਕ ਚਿਹਰਾ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ। ਸਿੱਟੇ ਵਜੋ ਪੰਥ ਅਤੇ ਗ੍ਰੰਥ ਦੀ ਪਹਿਰੇਦਾਰੀ ਕਰਨ ਵਾਲੀ ਸਿੱਖਾਂ ਦੀ ਸਿਆਸੀ ਪਾਰਟੀ ਵਿਕਾਸ, ਸੁਰੱਖਿਆ, ਚੰਗਾ ਪ੍ਰਸ਼ਾਸਨ ਅਤੇ ਰਾਸ਼ਟਰ ਪਹਿਲ ਦੇ ਮੁੱਦਿਆਂ ਤਕ ਹੀ ਸਿਮਟ ਕੇ ਰਹਿ ਗਈ।

ਬਾਦਲਾਂ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੂੰ ਵਧਾਵਾ ਦੇਣ ਲਈ ਸਾਲ 2002 ਵਿੱਚ ਮਤਾ ਪਾਸ ਕੀਤਾ ਗਿਆ ਜਿਸ ਦੇ ਤਹਿਤ ਸ਼੍ਰੋਮਣੀ ਕਮੇਟੀ ਅਤੇ ਉਸਦੇ ਅਦਾਰਿਆਂ ਵਿੱਚ ਮੈਂਬਰਾਂ ਦੇ ਰਿਸ਼ਤੇਦਾਰਾਂ ਦੀ ਭਰਤੀ ਨੂੰ ਖੁੱਲ੍ਹ ਦਿੱਤੀ ਗਈ। ਅਕਾਲੀ ਦਲ ਬਾਦਲ ਦੀ ਜੇਬ੍ਹ ਚੋਂ ਨਿਕਲੇ ਸਿਆਸੀ ਮੁਹਰਿਆਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਥਾਪਿਆ ਜਾਂਦਾ ਹੈ। ਜੋ ਕਿ ਗੁਰੂ ਘਰ ਨਾਲ ਵਫ਼ਾਦਾਰ ਨਾ ਹੋ ਕੇ ਬਾਦਲਾਂ ਦੇ ਵਫ਼ਾਦਾਰ ਬਣਨ ਵਿਚ ਮਾਣ ਮਹਿਸੂਸ ਕਰਦੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਸਰੋਤਾਂ ਤੋਂ ਆਈ ਆਮਦਨ ਪੰਥਕ ਅਤੇ ਲੋਕ ਭਲਾਈ ਕਾਰਜਾਂ ਵਿੱਚ ਇਸਤਿਮਾਲ ਹੋਣ ਦੀ ਥਾਂ ਤੇ ਬਾਦਲਾਂ ਦੇ ਸਿਆਸੀ ਹਿੱਤਾਂ ਦੀ ਰਖਵਾਲੀ ਕਰਨ ਲਈ ਵਰਤੀ ਜਾਂਦੀ ਹੈ। ਗੁਰਧਾਮਾਂ ਦੀ ਕਾਰ ਸੇਵਾ ਦੇ ਨਾਂ ਤੇ ਅਰਬਾਂ ਰੁਪਏ ਦੀ ਧਾਂਦਲੀ ਕੀਤੀ ਜਾ ਰਹੀ ਹੈ।

ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਬਲਬੀਰ ਸਿੰਘ ਹਿਸਾਰ, ਮਹਾਂਵੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਜਸਪਾਲ ਸਿੰਘ ਪੁਤਲੀਘਰ, ਬਲਜੀਤ ਸਿੰਘ ਭਾਊ, ਕੁਲਦੀਪ ਸਿੰਘ ਦੁਭਾਲੀ ਆਦਿ ਨੇ ਕਿਹਾ ਕਿ ਖਾਲਸਾ ਪੰਥ ਨਿਯੁਕਤੀਆਂ ਦੀ ਧਾਂਦਲੀ, ਗੋਲਕਾਂ ਦੀ ਦੁਰਵਰਤੋਂ, ਜਿਵੇਂ ਕਿ 90 ਲੱਖ ਦੇ ਗੁਰਮੀਤ ਰਾਮ ਰਹੀਮ ਦੀ ਮਾਫੀ ਸਬੰਧੀ ਬੇਲੋੜੇ ਇਸ਼ਤਿਹਾਰ, ਲੰਗਰ ਦੀ ਰਸਦ ਵਿੱਚ ਹੇਰਾ ਫੇਰੀ ਆਦਿ ਨੂੰ ਪਿਛਲੇ ਲੰਮੇ ਸਮੇਂ ਤੋਂ ਬਰਦਾਸ਼ਤ ਕਰਦਾ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਤਾਂ ਪਾਣੀ ਸਿਰ ਤੋਂ ਲੰਘ ਗਿਆ ਹੈ ਜਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋ ਗਏ ਹਨ ਜਿਸ ਦਾ ਕਿ ਇਨਸਾਫ ਕੌਮ ਨੂੰ ਅੱਜ ਤੱਕ ਨਹੀਂ ਮਿਲਿਆ। ਇਨਸਾਫ਼ ਲੈਣ ਲਈ ਸ਼ਾਂਤਮਈ ਢੰਗ ਨਾਲ ਬੈਠੀਆਂ ਪੰਥਕ ਜਥੇਬੰਦੀਆਂ ਨੂੰ ਨਰੈਣੂ ਮਹੰਤ ਦੀ ਤਰਜ਼ ਤੇ ਚਲਦਿਆਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਵਹਿਸ਼ੀਆਣਾ ਢੰਗ ਨਾਲ ਕੁੱਟਮਾਰ ਕਰਕੇ ਸਿੱਖ ਇਤਿਹਾਸ ਨੂੰ ਕਲੰਕਤ ਕੀਤਾ ਹੈ।

ਜਥੇਦਾਰ ਹਵਾਰਾ ਕਮੇਟੀ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਇਕਸਾਰਤਾ ਆਪਸੀ ਇਤਫਾਕ ਪੈਦਾ ਕਰਨ। ਕਮੇਟੀ ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸੇਵਾ ਕਰ ਰਹੇ ਕਰਮਚਾਰੀਆਂ ਵਿਚੋਂ ਜਾਗਦੀ ਜ਼ਮੀਰ ਵਾਲੇ ਕਰਮਚਾਰੀ ਬਾਦਲਾਂ ਦੇ ਪ੍ਰਬੰਧ ਤੋਂ ਦੁਖੀ ਹਨ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਵੀ ਇਲਜ਼ਾਮ ਲਾਏ ਹਨ ਕਿ ਮੌਜੂਦਾ ਸਮੇਂ ਵਿੱਚ ਇਹ ਸੰਸਥਾ ਵੱਡੇ ਵਾਦ-ਵਿਵਾਦ ਵਿੱਚ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਆਤਮ ਮੰਥਨ ਕਰਨ ਕਿ ਅਜਿਹਾ ਕਿਉਂ ਹੋ ਰਿਹਾ ਹੈ?

ਉਨ੍ਹਾਂ ਕਿਹਾ ਕਿ ਇਸ ਵਕਤ ਸਿਰਫ ਅਕਾਲੀ ਦਲ ਬਾਦਲ ਆਪਣੇ ਪੱਧਰ ’ਤੇ ਸਮੁੱਚੇ ਸ਼ਤਾਬਦੀ ਸਮਾਰੋਹ ਆਪਣੀ ਪਾਰਟੀ ਦੇ ਬੈਨਰ ਹੇਠ ਪਹਿਲਾਂ ਦੀ ਤਰ੍ਹਾਂ ਸਾਰੇ ਪ੍ਰੋਗਰਾਮ ਹਾਈ ਜੈਕ ਕਰਕੇ ਮਨਾ ਰਿਹਾ ਹੈ ਜਦ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਅਕਾਲੀ ਦਲਾਂ ਅਤੇ ਫੈਡਰੇਸ਼ਨਾਂ ਸਮੇਤ ਸਭ ਨੂੰ ਭਰੋਸੇ ਵਿੱਚ ਲੈਕੇ ਸੱਦਾ ਪੱਤਰ ਦੇ ਕੇ ਇਹ ਸ਼ਤਾਬਦੀ ਮਨਾਉਣੀ ਚਾਹੀਦੀ ਸੀ।

ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਪੰਥਕ ਅਕਾਲੀ ਲਹਿਰ ਵੀ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਲਾਤਾਂ ਦਾ ਪਰਦਾਫਾਸ਼ ਕਰਦੀ ਰਹਿੰਦੀ ਹੈ। ਪੰਥਕ ਅਕਾਲੀ ਲਹਿਰ ਦੇ ਵੀ ਇਲਜ਼ਾਮ ਹਨ ਕਿ ਸ਼੍ਰੋਮਣੀ ਕਮੇਟੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਦਬਦਬੇ ਹੇਠ ਕੰਮ ਕਰਦੀ ਹੈ। ਭਾਈ ਰਣਜੀਤ ਸਿੰਘ ਨੇ ਸੰਗਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਨੂੰ ਬਾਦਲਾਂ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਪਿੰਡਾਂ ’ਚ ਉਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ ਹੈ।