India

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੌਦੀਪ ਦਾ ਕੇਸ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੂੰ ਲੜਨ ਦੀ ਕਰੇਗੀ ਸ਼ਿਫਾਰਿਸ਼ – ਪੰਧੇਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਨੌਦੀਪ ਕੌਰ ਖਿਲਾਫ 12 ਜਨਵਰੀ ਨੂੰ ਐਫਆਈਆਰ ਹੋਈ ਸੀ। ਨੌਦੀਪ ਦੇ ਪੂਰੇ ਕੇਸ ਬਾਰੇ ਸਾਨੂੰ ਨਹੀਂ ਪਤਾ ਸੀ। ਉਹ ਲੇਬਰ ਹੱਕਾਂ ਲਈ ਲੜਦੀ ਹੈ। ਉਹ ਪੀਐਚਡੀ ਕਰ ਰਹੀ ਹੈ। ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਆ ਰਹੇ ਹਨ। ਉਨ੍ਹਾਂ ਨੂੰ ਇਹ ਕੇਸ ਲੜਨ ਲਈ ਕਿਹਾ ਜਾਵੇਗਾ।

ਪੰਧੇਰ ਨੇ ਕਿਹਾ ਕਿ 28 ਤਰੀਕ ਨੂੰ ਸਾਡੇ ਕੈਂਪ ‘ਤੇ ਹਮਲਾ ਹੋਇਆ। ਇਸ ਹਮਲੇ ਦੇ ਖਿਲਾਫ ਪੰਜਾਬੀ ਭਾਈਚਾਰੇ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ। ਪਾਣੀ ਬਿਜਲੀ ਕੱਟਣ ਦਾ ਵੀ ਕੌਮਾਂਤਰੀ ਪੱਧਰ ‘ਤੇ ਵੀ ਵਿਰੋਧ ਹੋਇਆ ਹੈ। ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਕਿਹਾ ਕਿ ਲੋਕਤੰਤਰ ‘ਤੇ ਸਵਾਲ ਨਹੀਂ ਚੁੱਕਣੇ ਚਾਹੀਦੇ, ਪਰ ਜੇਕਰ ਕੋਈ ਸ਼ਾਂਤਮਈ ਧਰਨਾ ਚੁੱਕਣ ਦੀ ਗੱਲ ਕਰਦਾ ਹੈ ਤਾਂ ਇਹ ਲੋਕਤੰਤਰ ‘ਤੇ ਹੀ ਹਮਲਾ ਹੈ। 26 ਦੀਆਂ ਘਟਨਾਵਾਂ ਤੋਂ ਬਾਅਦ ਰਣਜੀਤ ਸਿੰਘ ਡਿਬਡਿਬਾ ਦੇ ਪਰਿਵਾਰ ਵੱਲੋਂ ਜੋ ਇਲਜ਼ਾਮ ਲਾਏ ਗਏ ਹਨ ਕਿ ਉਸਨੂੰ ਗੋਲੀ ਮਾਰੀ ਗਈ ਹੈ, ਜਿਨ੍ਹਾਂ ਵੀ ਪੱਤਰਕਾਰਾਂ ਨੇ ਇਸ ਘਟਨਾ ਨੂੰ ਕਵਰ ਕੀਤਾ ਹੈ, ਉਨ੍ਹਾਂ 8 ਪੱਤਰਕਾਰਾਂ ‘ਤੇ ਕੇਸ ਦਰਜ ਹੋਏ ਹਨ।

ਇਸ ਵਿੱਚ ਕਾਰਵਾਂ ਮੈਗਜ਼ੀਨ ਵੀ ਸ਼ਾਮਿਲ ਹੈ। ਪ੍ਰੈੱਸ ਦੇ ਖੇਤਰ ਵਿੱਚ ਭਾਰਤ ਬਦਨਾਮ ਹੋ ਰਿਹਾ ਹੈ। ਜੇ ਸਾਡੇ ‘ਤੇ ਹੋਏ ਹਮਲੇ ਦਾ ਕੋਈ ਫੈਸਲਾ ਨਾ ਹੋਇਆ ਤਾਂ ਅਸੀਂ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕਰ ਰਹੇ ਹਾਂ। ਰਣਜੀਤ ਸਿੰਘ ਡਿਬਡਿਬਾ ਦੇ ਕੇਸ ‘ਤੇ ਅਸੀਂ ਤਿਆਰੀਆਂ ਕਰ ਰਹੇ ਹਾਂ। ਅਸੀਂ ਕੇਸ ਦੀ ਪੈਰਵਾਈ ਲਈ ਤੱਥ ਇਕੱਠੇ ਕਰ ਰਹੇ ਹਾਂ। ਅਜੇ ਗ੍ਰਿਫਤਾਰ ਕੀਤੇ ਹੋਏ ਨੌਜਵਾਨਾਂ ਦੇ ਮਾਪਿਆਂ ਨੂੰ ਮਿਲਣਾ ਅਤੇ ਉਨ੍ਹਾਂ ਦੇ ਐੱਡਰੈੱਸ ਲੈਣ ਦਾ ਕੰਮ ਕਰ ਰਹੇ ਹਾਂ।

12 – 13 ਫਰਵਰੀ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੇ ਮਾਪੇ ਗੁਰਦੁਆਰਾ ਰਕਾਬ ਗੰਜ ਸਾਹਿਬ ਆਉਣ। ਦੁੱਖ ਵਾਲੀ ਗੱਲ ਹੈ ਕਿ ਸਕੂਲ ਖੁੱਲ੍ਹ ਰਹੇ ਹਨ, ਸਾਰਾ ਕੰਮ ਚੱਲ ਰਿਹਾ ਹੈ, ਕੋਰੋਨਾ ਵੈਕਸੀਨ ਤੱਕ ਆ ਗਈ ਪਰ ਜੇਲ੍ਹ ‘ਚ ਬੰਦ ਵਿਅਕਤੀਆਂ ਨੂੰ ਕੋਰੋਨਾ ਦੇ ਨਾਂ ‘ਤੇ ਆਪਣੇ ਮਾਪਿਆਂ ਨੂੰ ਮਿਲਣ ਤੋਂ ਰੋਕਿਆ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਮੰਤਰੀ ਸੋਮ ਨਾਥ ਚੰਡੀਗੜ੍ਹ ‘ਚ ਜਾ ਕੇ ਪ੍ਰੈੱਸ ਕਾਨਫਰੰਸ ਕਰਕੇ ਹੱਥ ਜੋੜ ਕੇ ਕਹਿੰਦੇ ਹਨ ਕਿ ਅਸੀਂ ਮਾਮਲੇ ਦਾ ਹੱਲ ਕੱਢਣਾ ਚਾਹੁੰਦੇ ਹਾਂ। ਇੱਕ ਪਾਸੇ ਚੰਡੀਗੜ੍ਹ ‘ਚ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੂੰ ਚੁੱਕਿਆ ਜਾਂਦਾ ਹੈ ਅਤੇ ਪੂਰੇ ਪੰਜਾਬ ‘ਚ ਮੀਡੀਆ ‘ਚ ਦਹਿਸ਼ਤ ਫੈਲਾਈ ਜਾਂਦੀ ਹੈ। ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਕਿਸਾਨ ਰਿਹਾਅ ਕਰੋ, ਜੋ ਕੁੱਝ ਸਾਡੇ ਦੁਆਲੇ ਹੋ ਰਿਹਾ ਹੈ, ਹਾਲਾਤ ਆਮ ਕਰੋ, ਗੱਲਬਾਤ ਲਈ ਅਸੀਂ ਤਿਆਰ ਹਾਂ।

ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫਿਰ ਕਿਹਾ ਕਿ ਹੈ ਕਿ ਖੇਤੀ ਕਾਨੂੰਨ ਚੰਗੇ ਹਨ। ਆਖਰੀ ਮੀਟਿੰਗ ਵਿੱਚ ਇਨ੍ਹਾਂ ਦੇ ਹੀ ਮੰਤਰੀ ਮੀਟਿੰਗ ਤੋੜ ਕੇ ਗਏ ਸਨ ਕਿ ਅਸੀਂ ਜੋ ਪ੍ਰਸਤਾਵ ਦੇਣੇ ਸੀ, ਦੇ ਦਿੱਤੇ। ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਬਾਰੇ ਮੋਦੀ ਨੇ ਕਿਹਾ ਹੈ, ਤੁਸੀਂ ਰੀਪੀਟ ਕੀਤਾ ਕਿ ਐਮਐਸਪੀ ਖਤਮ ਨਹੀਂ ਹੋਈ। ਸਾਨੂੰ ਸਰਕਾਰੀ ਖਰੀਦ ਖਤਮ ਹੋਣ ਦਾ ਖਦਸ਼ਾ ਹੈ। ਇਸ ‘ਤੇ ਮੋਦੀ ਜੀ ਨੇ ਸਵਾਲ ਦਾ ਜਵਾਬ ਨਹੀਂ ਦਿੱਤਾ। ਅਸੀਂ ਇਸ ‘ਤੇ ਕਾਨੂੰਨ ਦੀ ਮੰਗ ਕਰ ਰਹੇ ਹਾਂ। ਗੱਲਾਂ ਨੂੰ ਤੋੜ-ਮੋੜ ਕੇ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਨਵਾਂ ਨਾਅਰਾ ਦਿੰਦੇ ਹਾਂ, ਆਪਣੇ ਖੇਤ ਦੀ ਮਿੱਟੀ ਮੱਥੇ ਲਾ ਕੇ ਸੰਕਲਪ ਲੈਣਾ ਚਾਹੀਦਾ ਹੈ। ਕਿਸਾਨਾਂ ਚ ਕੋਈ ਫੁੱਟ ਨਹੀਂ ਹੈ। ਅਸੀਂ ਰਲ ਕੇ ਪਰਦੇ ਦੇ ਪਿੱਛੇ ਦੀਆਂ ਸਾਜਿਸ਼ਾ ਨਹੀਂ ਹੋਣ ਦੇਵਾਂਗੇ।

ਪੰਧੇਰ ਨੇ ਕਿਹਾ ਕਿ ਸਾਡੇ ਕੋਲ ਗ੍ਰਿਫਤਾਰ ਹੋਏ 120 ਲੋਕਾਂ ਦਾ ਡਾਟਾ ਹੈ ਜਿਨ੍ਹਾਂ ਵਿੱਚੋਂ 6 ਰਿਹਾਅ ਹੋਏ ਹਨ। ਕੁੱਝ ਬੰਦਿਆਂ ਦੀ ਸ਼ਨਾਖਤ ਨਹੀਂ ਹੋ ਰਹੀ। ਅਸੀਂ ਦਿੱਲੀ ਤੋਂ ਦੋ ਵਕੀਲ ਉਚੇਚੇ ਤੌਰ ‘ਤੇ ਮੰਗੇ ਹਨ। 20 ਫਰਵਰੀ ਤੋਂ ਬਾਅਦ ਨੌਜਵਾਨ ਰਿਹਾਅ ਹੋ ਸਕਦੇ ਹਨ। ਜਦੋਂ ਇੱਕ ਜਾਂ ਦੋ ਨੌਜਵਾਨ ਰਿਹਾਅ ਹੋਏ ਤਾਂ ਪੰਜਾਬ ਵਿੱਚ ਜੋ ਦਹਿਸ਼ਤ ਫੈਲਾਈ ਜਾ ਰਹੀ ਹੈ, ਉਸਦਾ ਸਿਲਸਿਲਾ ਖਤਮ ਹੋ ਜਾਵੇਗਾ।’