Khaas Lekh

ਜਾਣੋ, ਕਿਸਨੂੰ ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਪੰਜ-ਹੱਥਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਇੱਕ ਅਦੁੱਤੀ ਵੀਰ ਯੋਧਾ ਜਿਸ ਦਾ ਜਨਮ ਸ. ਰਾਮ ਸਿੰਘ ਦੇ ਘਰ ਹੋਇਆ। ਇਸ ਵੀਰ ਯੋਧੇ ਦਾ ਨਾਮ ਸ. ਨਿਧਾਨ ਸਿੰਘ ਪੰਜਹੱਥਾ ਹੈ। ਇਨ੍ਹਾਂ ਦੇ ਪਿਤਾ ਰਾਮ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਨੌਕਰੀ ਕਰਦੇ ਸੀ। ਸੰਨ 1799 ਈ. ਵਿੱਚ ਲਾਹੌਰ ਉੱਤੇ ਕਬਜ਼ਾ ਕਰਨ ਵੇਲੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਸੀ ।

ਸ. ਰਾਮ ਸਿੰਘ ਦਾ ਪੁੱਤਰ ਸਰਦਾਰ ਨਿਧਾਨ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਵਿੱਚ ਇੱਕ ਘੋੜ  ਸਵਾਰ ਵਜੋਂ ਭਰਤੀ ਹੋ ਗਿਆ। ਇਨ੍ਹਾਂ ਨੇ ਸੰਨ 1823 ਈ. ਵਿੱਚ ਜਰਨੈਲ ਹਰੀ ਸਿੰਘ ਨਲਵਾ ਦੇ ਅਧੀਨ ਜਹਾਂਗੀਰਾਂ ਦੀ ਮੁਹਿੰਮ ਵੇਲੇ ਆਪਣੀ ਬਹਾਦਰੀ ਪ੍ਰਦਰਸ਼ਿਤ ਕੀਤੀ ਅਤੇ ਅਫ਼ਗ਼ਾਨਾਂ ਨੂੰ ਖਦੇੜ ਦਿੱਤਾ। ਉਦੋਂ ਇਨ੍ਹਾਂ ਨੇ ਇਕੱਲਿਆਂ ਪੰਜ ਪਠਾਣਾਂ ਤੋਂ ਹਥਿਆਰ ਖੋਹ ਲਏ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ । ਇਸ ਬਹਾਦਰੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਨ੍ਹਾਂ ਨੂੰ ‘ ਪੰਜ-ਹੱਥਾ’ ਕਹਿ ਕੇ ਸੰਬੋਧਨ ਕੀਤਾ।

ਉਸ ਦਿਨ ਤੋਂ ‘ਪੰਜ ਹੱਥਾ’ ਵਿਸ਼ੇਸ਼ਣ ਇਨ੍ਹਾਂ ਦਾ ਪਛਾਣ-ਚਿੰਨ੍ਹ ਬਣ ਗਿਆ। ਇਨ੍ਹਾਂ ਨੇ ਨੌਸ਼ਹਿਰਾ ਦੀ ਲੜਾਈ ਵਿੱਚ ਵੀ ਆਪਣੀ ਸੂਰਵੀਰਤਾ ਦਾ ਸਿੱਕਾ ਜਮਾਇਆ। ਉਨ੍ਹਾਂ ਦੇ ਲੜਨ ਦੀ ਇਹ ਵਿਸ਼ੇਸ਼ਤਾ ਸੀ ਕਿ ਉਹ ਸਭ ਤੋਂ ਅੱਗੇ ਹੋ ਕੇ ਲੜਦੇ ਸੀ ਅਤੇ ਸਭ ਤੋਂ ਬਾਅਦ ਪਿੱਛੇ ਹੱਟਦੇ ਸੀ। ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਨ 1831 ਈ. ਵਿੱਚ ਲਾਰਡ ਵਿਲੀਅਮ ਬੈਂਟਿਕ ਨੂੰ ਮਿਲਣ ਲਈ ਸ਼ਿਮਲੇ ਜਾਣ ਵਾਲੇ ਮਿਸ਼ਨ ਵਿੱਚ ਵੀ ਸ਼ਾਮਲ ਕੀਤਾ।

ਉਨ੍ਹਾਂ ਨੇ ਸ. ਹਰੀ ਸਿੰਘ ਨਲਵਾ ਅਧੀਨ ਜ਼ਿਆਦਾ ਸਮਾਂ ਨੌਕਰੀ ਕੀਤੀ। ਸੰਨ 1837 ਈ. ਵਿੱਚ ਹੋਈ ਜਮਰੌਧ ਦੀ ਲੜਾਈ ਵਿੱਚ ਵੀ ਉਹ ਸ਼ਾਮਲ ਸਨ। ਸਰਦਾਰ ਨਿਧਾਨ ਸਿੰਘ ਪੰਜਹੱਥਾ ਦਾ ਦੇਹਾਂਤ ਸੰਨ 1839 ਈ. ਵਿੱਚ ਹੋਇਆ।

Comments are closed.