‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚਾ ਨੇ ਮਈ ਮਹੀਨੇ ਵਿੱਚ ਸੰਸਦ ਕੂਚ ਦਾ ਐਲਾਨ ਕੀਤਾ ਹੈ। ਇਸਦੇ ਪ੍ਰਚਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਰੇ ਹੀ ਖਾਲੀ ਹੱਥ ਚੱਲਣਗੇ। ਇਸ ਲਈ ਇਕ ਕਮੇਟੀ ਬਣਾਈ ਜਾਵੇਗੀ, ਜੋ ਅਗਲੇ ਫੈਸਲੇ ਲਵੇਗੀ। ਚੜੂਨੀ ਨੇ ਕਿਹਾ ਕਿ ਪਿੱਛੇ ਜਿੰਨੀਆਂ ਵੀ ਹਿੰਸਕ ਘਟਨਾਵਾਂ ਹੋਈਆਂ ਹਨ ਉਸ ਤੋਂ ਸਿਖਿਆ ਹੈ ਤੇ ਉਨ੍ਹਾਂ ਨੂੰ ਕਿਵੇਂ ਰੋਕਣਾ ਹੈ, ਉਸਦਾ ਧਿਆਨ ਰੱਖਿਆ ਜਾਵੇਗਾ।


ਇਸ ਲਈ ਸਮੇਂ ਸਮੇਂ ‘ਤੇ ਸਾਰੀਆਂ ਰਣਨੀਤੀਆਂ ਬਣਾਈਆਂ ਜਾਣਗੀਆਂ। ਕਿਸਾਨਾਂ ਨਾਲ ਸਾਰੇ ਬੇਰੁਜਗਾਰ, ਮਾਤਾਵਾਂ, ਨੌਜਵਾਨ, ਬਜੁਰਗ ਸ਼ਾਮਿਲ ਹੋਣਗੇ।
ਚੜੂਨੀ ਨੇ ਕਿਹਾ ਸੰਸਦ ਵੱਲ ਟਰੈਕਟਰ ਲੈ ਕੇ ਜਾਣ ਦਾ ਬਿਆਨ ਰਾਕੇਸ਼ ਟਿਕੈਤ ਦਾ ਨਿਜੀ ਬਿਆਨ ਸੀ। ਟਰੈਕਟਰ ਨਹੀਂ ਲੈ ਕੇ ਜਾਵਾਂਗੇ ਕਿਉਂ ਕਿ ਹਿੰਸਾ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਪਹਿਲਾਂ ਅਸੀਂ ਇਸ ਕੂਚ ਨਾਲ ਜੁੜੇ ਸਾਰੇ ਐਲਾਨ ਕਰਨੇ ਸ਼ੁਰੂ ਕਰ ਦੇਵਾਂਗੇ।


ਚੜੂਨੀ ਨੇ ਮੀਡੀਆ ਨੂੰ ਕਿਹਾ ਕਿ ਕਿਸੇ ਇਕ ਵਿਅਕਤੀ ਦੇ ਬਿਆਨ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਨਹੀਂ ਮੰਨਣਾ ਚਾਹੀਦਾ। 26 ਜਨਵਰੀ ਨੂੰ ਵੀ ਸਿਰਫ ਰਿੰਗ ਰੋਡ ਜਾਣ ਦਾ ਐਲਾਨ ਸੀ। ਉਸ ਵੇਲੇ ਨੌਜਵਾਨ ਜੇਕਰ ਲਾਲ ਕਿਲ੍ਹਾ ਗਏ ਹਨ ਤਾਂ ਉਹ ਭੁਲੇਖੇ ਨਾਲ ਗਏ ਹਨ। ਇਸ ਤੋਂ ਬਾਅਦ ਹੀ ਝਗੜਾ ਹੋਇਆ ਸੀ।
ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਬਾਅਦ ਬਹੁਤ ਸੰਭਲ ਕੇ ਸੰਯੁਕਤ ਮੋਰਚਾ ਕਦਮ ਚੁੱਕ ਰਿਹਾ ਹੈ। ਪਾਰਲੀਮੈਂਟ ਵੱਲ ਵੀ ਸ਼ਾਂਤੀ ਪੂਰਵਕ ਜਾ ਰਹੇ ਹਾਂ। ਚੜੂਨੀ ਨੇ ਕਿਹਾ ਕਿ ਐਫਸੀਆਈ ਦੇ ਦਫਤਰ 5 ਅਪ੍ਰੈਲ ਨੂੰ ਘੇਰੇ ਜਾਣਗੇ। ਸਰਕਾਰ ਕੋਲ ਕਿਸੇ ਵੀ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਹੀਂ ਹੈ। ਐਮਐਸਪੀ ਮੁੱਖ ਮੁੱਦਾ ਹੈ ਤੇ ਸਰਕਾਰ ਨੇ ਹਮੇਸ਼ਾ ਇਸ ਤੇ ਆ ਕੇ ਚੁੱਪੀ ਧਾਰੀ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਗਏ ਨਵੇਂ ਫੈਸਲੇ : –

  1. ਐਫਸੀਆਈ ਬਚਾਓ ਦਿਵਸ 5 ਅਪ੍ਰੈਲ ਨੂੰ ਮਨਾਇਆ ਜਾਵੇਗਾ, ਜਿਸ ਦਿਨ ਦੇਸ਼ ਭਰ ਵਿਚ ਐਫਸੀਆਈ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ!
  2. 10 ਅਪ੍ਰੈਲ ਨੂੰ ਕੇ ਐਮ ਪੀ ਨੂੰ 24 ਘੰਟਿਆਂ ਲਈ ਬੰਦ ਕੀਤਾ ਜਾਵੇਗਾ।
  3. 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾਇਆ ਜਾਵੇਗਾ।
  4. 14 ਅਪ੍ਰੈਲ ਨੂੰ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ‘ਤੇ ‘ਸੰਵਿਧਾਨ ਬਚਾਓ ਦਿਵਸ’ ਮਨਾਇਆ ਜਾਵੇਗਾ.
  5. 1 ਮਈ ਨੂੰ ਮਜ਼ਦੂਰ ਦਿਵਸ ਵੀ ਦਿੱਲੀ ਦੇ ਮੋਰਚਿਆਂ ‘ਤੇ ਮਨਾਇਆ ਜਾਵੇਗਾ। ਇਸ ਦਿਨ ਸਾਰੇ ਪ੍ਰੋਗਰਾਮ ਮਜ਼ਦੂਰ ਕਿਸਾਨ ਏਕਤਾ ਨੂੰ ਸਮਰਪਿਤ ਕੀਤੇ ਜਾਣਗੇ।

Leave a Reply

Your email address will not be published. Required fields are marked *