‘ਦ ਖ਼ਾਲਸ ਬਿਊਰੋ :- ਸਯੁੰਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਵਾਲੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਕਿਸਾਨ ਲੀਡਰਾਂ ਨੇ ਕਿਹਾ ਕਿ ਅੱਜ ਦੇ ਚੱਕਾ ਜਾਮ ਦੇ ਸੱਦੇ ਨੂੰ ਦੇਸ਼ ਭਰ ਵਿੱਚ ਭਾਰੀ ਸਮਰਥਨ ਮਿਲਿਆ। ਕਿਸਾਨ ਲੀਡਰਾਂ ਨੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੱਲ੍ਹ ਸੰਸਦ ਵਿੱਚ ਤੋਮਰ ਨੇ ਕਿਸਾਨੀ ਅੰਦੋਲਨ ਨੂੰ ਸਿਰਫ ਇੱਕ ਸੂਬੇ ਦਾ ਅੰਦੋਲਨ ਦੱਸ ਕੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦਾ ਅਪਮਾਨ ਕੀਤਾ ਸੀ; ਪਰ ਅੱਜ ਦੇ ਦੇਸ਼ ਵਿਆਪੀ ਚੱਕਾ ਜਾਮ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਵਿਰੁੱਧ ਇਕਜੁੱਟ ਹਨ।

ਕਿਸਾਨ ਲੀਡਰਾਂ ਨੇ ਅੱਜ ਦੇ ਦੇਸ਼ ਵਿਆਪੀ ਚੱਕਾ ਜਾਮ ਦੀ ਜਾਣਕਾਰੀ ਦਿੰਦਿਆਂ ਦੇਸ਼ ਦੇ ਸਾਰੇ ਸੂਬਿਆਂ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਸੂਬਿਆਂ ਦਾ ਵੇਰਵਾ ਦਿੰਦਿਆ ਕਿਹਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਬਿਹਾਰ ਵਿੱਚ ਚੱਕਾ ਜਾਮ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਸਫਲ ਰਿਹਾ। ਚੰਪਾਰਣ, ਪੂਰਨੀਆ, ਭੋਜਪੁਰ, ਕਟਿਹਾਰ ਸਮੇਤ ਪੂਰੇ ਖੇਤਰ ਦੇ ਕਿਸਾਨਾਂ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ। 

ਮੱਧ ਪ੍ਰਦੇਸ਼ ਵਿੱਚ 200 ਤੋਂ ਵੱਧ ਥਾਂਵਾਂ ‘ਤੇ ਕਿਸਾਨਾਂ ਨੇ ਚੱਕਾ ਜਾਮ ਦੇ ਪ੍ਰੋਗਰਾਮ ਆਯੋਜਿਤ ਕੀਤੇ। ਮਹਾਰਾਸ਼ਟਰ ਵਿੱਚ ਵਰਧਾ, ਪੁਣੇ ਅਤੇ ਨਾਸਿਕ ਸਮੇਤ ਕਈ ਥਾਂਵਾਂ ‘ਤੇ ਚੱਕਾ ਜਾਮ ਦੀ ਅਗਵਾਈ ਕਿਸਾਨਾਂ ਨੇ ਕੀਤੀ। ਚੱਕਾ ਜਾਮ ਦੀ ਸਫਲਤਾ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲ ਅਤੇ ਤਾਮਿਲਨਾਡੂ ਵਿੱਚ ਵੀ ਵੇਖੀ ਗਈ। ਬੈਂਗਲੁਰੂ ਸਮੇਤ ਕਰਨਾਟਕ ਦੇ 25 ਜ਼ਿਲ੍ਹਿਆਂ ਵਿੱਚ ਕਿਸਾਨਾਂ ਦਾ ਇਹ ਪ੍ਰੋਗਰਾਮ ਸਫਲ ਰਿਹਾ।

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ, ਮਜ਼ਦੂਰ, ਵਿਦਿਆਰਥੀ ਜਥੇਬੰਦੀਆਂ ਨੇ ਪੂਰੇ ਜੋਸ਼ ਅਤੇ ਜ਼ੋਰ ਨਾਲ ਸੈਂਕੜੇ ਸੜਕਾਂ ਜਾਮ ਕੀਤੀਆਂ। ਰਾਜਸਥਾਨ ਵਿੱਚ ਕਿਸਾਨਾਂ ਨੇ ਪੀਲੀਬੰਗਾ, ਬਿੰਜਬੈਲਾ ਅਤੇ ਉਦੈਪੁਰ ਸਮੇਤ ਦਰਜਨਾਂ ਸੜਕਾਂ ਜਾਮ ਕੀਤੀਆਂ। ਭੁਵਨੇਸ਼ਵਰ ਸਮੇਤ ਓਡੀਸ਼ਾ ਦੇ ਹੋਰ ਹਿੱਸਿਆਂ ਵਿੱਚ ਕਿਸਾਨਾਂ ਨੇ ਸ਼ਾਂਤੀਪੂਰਵਕ ਸੜਕਾਂ ਜਾਮ ਕੀਤੀਆਂ। ਕਿਸਾਨ ਲੀਡਰਾਂ ਨੇ ਬਾਗਪਤ ਦੇ 150 ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਦੁਆਰਾ ਨੋਟਿਸ ਦਿੱਤੇ ਜਾਣ ਦੀ ਨਿਖੇਧੀ ਕੀਤੀ। ਅਖੀਰ ‘ਤੇ ਸੰਯੁਕਤ ਕਿਸਾਨ ਮੋਰਚੇ ਨੇ ਦੁਨੀਆ ਭਰ ਤੋਂ ਸਹਿਯੋਗ ਲਈ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *