Punjab

ਗ੍ਰਿਫਤਾਰੀ ਤੋਂ ਡਰਿਆ ਸੈਣੀ, ਹਾਈਕੋਰਟ ‘ਚ ਪਾਈ ਇੱਕ ਹੋਰ ਪਟੀਸ਼ਨ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਇੱਕ ਵਾਰ ਫਿਰ ਤੋਂ ਹਾਈਕੋਰਟ ਦਾ ਰੁਖ ਕੀਤਾ ਹੈ। ਸੈਣੀ ਨੇ ਗ੍ਰਿਫਤਾਰੀ ਦੇ ਡਰ ਤੋਂ ਹਾਈਕੋਰਟ ‘ਚ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਹੈ।  ਸੈਣੀ ਨੂੰ ਬੇਅਦਬੀ ਮਾਮਲੇ, ਸਕੌਡਾ ਕੇਸ ਅਤੇ ਕਈ ਹੋਰ ਮਾਮਲਿਆਂ ਤੋਂ ਪਹਿਲਾਂ ਬਲੈਂਕੇਟ ਬੇਲ ਮਿਲੀ ਹੋਈ ਹੈ, ਪਰ ਇਸ ਦੇ ਬਾਵਜੂਦ ਸੈਣੀ ਨੂੰ ਡਰ ਸਤਾ ਰਿਹਾ ਹੈ ਕਿ ਉਸ ਦੀ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰੀ ਨਾ ਹੋ ਜਾਵੇ।

ਸੈਣੀ ਨੇ ਕੋਰਟ ‘ਚ ਅਪੀਲ ਦਾਖਲ ਕਰਕੇ ਕਿਹਾ ਹੈ ਕਿ ਉਹ ਬਲਵੰਤ ਮੁਲਤਾਨੀ ਮਾਮਲੇ ‘ਚ ਹੋ ਰਹੀ ਜਾਂਚ ‘ਚ ਸ਼ਾਮਿਲ ਹੋਣ ਲਈ ਤਿਆਰ ਹੈ, ਪਰ ਉਸ ਨੂੰ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰ ਨਾ ਕੀਤਾ ਜਾਵੇ।  ਅੱਜ ਮੁਹਾਲੀ ਦੇ ਮਟੌਰ ਥਾਣੇ ‘ਚ ਸਾਬਕਾ DGP ਸੁਮੇਧ ਸੈਣੀ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ, ਪਰ ਅਜੇ ਤੱਕ ਉਹ SIT ਸਾਹਮਣੇ ਪੇਸ਼ ਹੋਣ ਲਈ ਨਹੀਂ ਪਹੁੰਚੇ।  SIT ਸਾਹਮਣੇ ਪੇਸ਼ ਹੋਣ ਲਈ ਸੈਣੀ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਖਬਰ ਲਿਖੇ ਜਾਣ ਤੱਕ ਸੈਣੀ ਥਾਣੇ ਨਹੀਂ ਪਹੁੰਚਿਆ।

ਸੁਮੇਧ ਸੈਣੀ ਦਸੰਬਰ 1991 ਵਿੱਚ ਮੁਹਾਲੀ ਦੇ ਵਸਨੀਕ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਕੇਸ ਵਿੱਚ ਘਿਰਿਆ ਹੋਇਆ ਹੈ। ਹਾਈਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਉਹ ਰੂਪੋਸ਼ ਹੈ। ਉਸ ਦੀ ਗ੍ਰਿਫਤਾਰੀ ਲਈ ਪੁਲਿਸ ਕਈ ਰਾਜਾਂ ਵਿੱਚ ਛਾਪੇ ਮਾਰ ਰਹੀ ਹੈ।