Punjab

ਕੋਰੋਨਾ ਮ੍ਰਿਤਕਾਂ ਦੇ ਅੰਗ ਵੇਚਣ ਦੀ ਅਫ਼ਵਾਹ ਨੇ ਡਰਾਏ ਲੋਕ, ਰਾਜਿੰਦਰਾ ਹਸਪਤਾਲ ਤੋਂ ਕੀਤਾ ਕਿਨਾਰਾ

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸ ਲਈ ਦੁਨੀਆ ਦੇ ਅਲੱਗ-ਅਲੱਗ ਦੇਸ਼ ਇਸ ਮਹਾਂਮਾਰੀ ਤੋਂ ਬਚਣ ਲਈ ਹਰ ਹੀਲਾ ਵਰਤ ਰਹੇ ਹਨ। ਇਸ ਦੌਰਾਨ ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢ ਕੇ ਵੇਚਣ ਦੀਆਂ ਅਫਵਾਹਾਂ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਇਸ ਕਾਰਨ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ ਰਾਜਿੰਦਰਾ ਹਸਪਤਾਲ ਆਉਣ ਤੋਂ ਇਨਕਾਰੀ ਹੋ ਰਹੇ ਹਨ ਅਤੇ ਕੋਰੋਨਾ ਟੈਸਟ ਕਰਵਾਉਣ ਤੋਂ ਵੀ ਕੋਰਾ ਜਵਾਬ ਦੇਣ ਲੱਗੇ ਹਨ।

ਇਸ ਸਬੰਧੀ ਜ਼ਿਲ੍ਹੇ ਦੀਆਂ ਕਈ ਪੰਚਾਇਤਾਂ ਨੇ ਸੈਂਪਲ ਨਾ ਦੇਣ ਅਤੇ ਪਾਜ਼ੀਟਿਵ ਆਉਣ ’ਤੇ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਨਾ ਭੇਜਣ ਦੇ ਮਤੇ ਪਾ ਦਿੱਤੇ ਹਨ। ਸੂਬੇ ਦੇ 10 ਜ਼ਿਲ੍ਹਿਆਂ ਦੇ ਗੰਭੀਰ ਕੋਰੋਨਾ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਹੀ ਦਾਖਲ ਕਰਵਾਇਆ ਜਾਂਦਾ ਹੈ।

ਪਟਿਆਲਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਵਿੱਚ  ਲੋਕਾਂ ਦੇ ਭਾਰੀ ਵਿਰੋਧ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋਕਾਂ ਦੇ ਬਿਨਾਂ ਸੈਂਪਲ ਲੈਣ ਤੋਂ ਹੀ ਮੁੜਨਾ ਪਿਆ। ਇਹ ਸਥਿਤੀ ਕੋਰੋਨਾ ਖ਼ਿਲਾਫ਼ ਜਾਰੀ ਸਰਕਾਰ ਦੀ ਮੁਹਿੰਮ ਨੂੰ ਪ੍ਰਭਾਵਿਤ ਕਰਨ ਲੱਗੀ ਹੈ। ਕੁੱਝ ਕੁ ਦਿਨਾਂ ਦੇ ਅਜਿਹੇ ਵਿਵਾਦ ਕਾਰਨ ਜ਼ਿਲ੍ਹੇ ਵਿੱਚ ਸੈਂਪਲ ਲੈਣ ਦੀ ਗਿਣਤੀ ਲਗਭਗ 50 ਫੀਸਦੀ ਘੱਟ ਗਈ ਹੈ। 25 ਅਗਸਤ ਨੂੰ ਲਏ ਗਏ 2350 ਸੈਂਪਲਾਂ ਦੇ ਮੁਕਾਬਲੇ 31 ਅਗਸਤ ਨੂੰ ਇਹ ਅੰਕੜਾ 1200 ਦੇ ਕਰੀਬ ਰਿਹਾ।

ਜ਼ਿਲ੍ਹੇ ਦੇ ਪਿੰਡ ਬਲਬੇੜਾ ਦੀ ਪੰਚਾਇਤ ਨੇ ਮਤਾ ਪਾਇਆ ਹੈ ਕਿ ਉਨ੍ਹਾਂ ਦੇ ਪਿੰਡ ਦਾ ਜੇ ਕੋਈ ਵੀ  ਵਸਨੀਕ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਰਾਜਿੰਦਰਾ ਹਸਪਤਾਲ ਜਾਂ ਆਈਸੋਲੇਸ਼ਨ ਸੈਂਟਰ ਦੀ ਜਗ੍ਹਾ ਉਸ ਨੂੰ ਪਿੰਡ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ।  ਸਰਪੰਚ ਹਰਵਿੰਦਰ ਕੌਰ ਨੇ ਕਿਹਾ ਕਿ ਜੇ ਕਿਸੇ ਪਿੰਡ ਵਾਸੀ ਵਿੱਚ ਕੋਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ, ਤਾਂ ਪੰਚਾਇਤ ਖੁਦ ਉਸ ਦਾ ਕੋਰੋਨਾ ਟੈਸਟ ਕਰਵਾਏਗੀ। ਪਰ ਪਾਜ਼ੀਟਿਵ ਪਾਏ ਜਾਣ ’ਤੇ  ਉਸ ਨੂੰ ਪਿੰਡ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ।

ਧਨੌਰਾ, ਧਨੌਰੀ ਅਤੇ ਮੋਹਲ ਗੁਆਰਾ ਸਮੇਤ ਕੁੱਝ ਹੋਰਨਾਂ ਪੰਚਾਇਤਾਂ ਨੇ ਵੀ ਅਜਿਹੇ ਮਤੇ ਪਾਏ ਹਨ। ਪਾਤੜਾਂ ਦੇ ਪਿੰਡ ਅਰਨੇਟੂ ਵਿੱਚ ਗਈ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅਸਲ ’ਚ ਅਜਿਹੇ ਗੰਭੀਰ ਹਾਲਾਤ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਕਾਰਨ ਬਣੇ ਹਨ। ਸੋਸ਼ਲ ਮੀਡੀਆ ’ਤੇ ਇਹ  ਗੱਲ ਜ਼ੋਰ  ਦੇ ਕੇ ਆਖੀ  ਜਾ ਰਹੀ ਹੈ ਕਿ ਹਸਪਤਾਲਾਂ ਵਿੱਚ ਕਰੋਨਾ ਮ੍ਰਿਤਕਾਂ  ਦੇ ਅੰਗ ਕੱਢ ਲਏ ਜਾਂਦੇ ਹਨ। ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਹੁਣ ਤੱਕ ਲਗਪਗ 275 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚੋਂ 163 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ।

ਪਰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇੱਥੇ ਕੋਰੋਨਾ ਕਾਰਨ ਗੰਭੀਰ ਹਾਲਤ ਵਾਲੇ ਮਰੀਜ਼ ਹੀ ਦਾਖਲ ਕੀਤੇ ਜਾਂਦੇ ਹਨ ਤੇ ਮ੍ਰਿਤਕਾਂ ’ਚੋਂ 95 ਫੀਸਦੀ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸਨ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਕਾਰਨ ਸਿਹਤ ਵਿਭਾਗ ਨੂੰ ਸੈਂਪਲ ਲੈਣ ਤੇ ਪਾਜ਼ੀਟਿਵ ਮਰੀਜ਼ਾਂ ਨੂੰ ਵਾਰਡ ’ਚ  ਤਬਦੀਲ ਕਰਨ ’ਚ ਮੁਸ਼ਕਲ ਆ ਰਹੀ  ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢਣ ਜਾਂ ਨੈਗੇਟਿਵ  ਹੁੰਦਿਆਂ ਵੀ ਪਾਜ਼ੀਟਿਵ ਐਲਾਨਣ ਦੀਆਂ ਗੱਲਾਂ ਕੋਰੀਆਂ ਅਫਵਾਹਾਂ ਹਨ।

 ਹਾਲਾਂਕਿ, ਪਟਿਆਲਾ ਪੁਲਿਸ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। SSP ਵਿਕਰਮਜੀਤ ਦੁੱਗਲ ਨੇ ਇਸ ਦੀ ਪੁਸ਼ਟੀ ਕੀਤੀ ਹੈ।