‘ਦ ਖ਼ਾਲਸ ਬਿਊਰੋ:- ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ‘ਤੇ ਮੀਂਹ ਕਾਰਨ ਪਹਾੜਾਂ ਤੋਂ ਥਾਂ-ਥਾਂ ਚੱਟਾਨਾਂ ਟੁੱਟ ਕੇ ਡਿੱਗ ਰਹੀਆਂ ਹਨ। ਹਾਲਾਂਕਿ, ਹਾਈਵੇ ‘ਤੇ ਟ੍ਰੈਫਿਕ ਨੂੰ ਪਹਾੜਾਂ ਵਾਲੇ ਪਾਸੇਂ ਤੋਂ ਦੂਜੀ ਲਾਈਨ ਵੱਲ ਮੋੜਿਆ ਜਾ ਰਿਹਾ ਹੈ ਪਰ ਕੁੱਝ ਅਜਿਹੀਆਂ ਥਾਂਵਾਂ ਹਨ, ਜਿੱਥੇ ਪਹਾੜੀ ਤੋਂ ਪੱਥਰ ਸਿੱਧੇ ਦੂਜੀ ਲੇਨ ਵਿੱਚ ਪਹੁੰਚ ਰਹੇ ਹਨ। ਅਜਿਹੇ ਵਿੱਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ‘ਤੇ ਯਾਤਰਾ ਕਰਨਾ ਲੋਕਾਂ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ, ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਸੋਲਨ ਦੇ TTR ਚੌਂਕ ਤੋਂ ਸ਼ਿਮਲਾ ਤੱਕ ਫੋਰਲੇਨ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਲਈ ਇੱਥੋਂ ਪਹਾੜੀ ਨੂੰ ਕੱਟ ਦਿੱਤਾ ਹੈ ਜਿਸ ਕਾਰਨ ਇੱਥੇ ਚੱਟਾਨ ਨੂੰ ਹਿਲਾਉਣ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਸ਼ੁਰੂ ਹੋ ਗਈ ਹੈ। ਪਹਾੜਾਂ ਦੀ ਕਟਾਈ ਹੁਣ ਲੋਕਾਂ ‘ਤੇ ਕਹਿਰ ਬਰਸਾ ਰਹੀ ਹੈ। ਲੋਕਾਂ ਦੇ ਘਰ ਤੇ ਖੇਤ ਤਬਾਹੀ ਦੇ ਕੰਢੇ ਪਹੁੰਚ ਗਏ ਹਨ।

ਜ਼ਮੀਨ ਧੱਸਣ ਕਰਕੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਜੇ ਲੋਕ ਜਲਦੀ ਹੀ ਸੁਰੱਖਿਅਤ ਥਾਂ ‘ਤੇ ਨਹੀਂ ਪਹੁੰਚੇ ਤਾਂ ਜ਼ਮੀਨ ਵਿਚਲੀਆਂ ਇਹ ਦਰਾਰਾਂ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਫੋਰਲੇਨ ਦੀ ਕਟਾਈ ਕਰਕੇ TTR ਨੇੜੇ ਦਤਯਾਰ, ਚੱਕੀ ਮੋੜ, ਜਬਾਲੀ, ਧਰਮਪੁਰ ਬੜੋਗ ਬਾਈਪਾਸ ਦੇ ਪਿੱਛੇ ਪਹਾੜੀ ਤੋਂ ਪੱਥਰ ਡਿੱਗ ਰਹੇ ਹਨ। ਅਜੇ ਤੱਕ ਚੱਟਾਨਾਂ ਦੇ ਡਿੱਗਣ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

JCB ਮਸ਼ੀਨਾਂ ਨਾਲ ਸੜਕਾਂ ‘ਤੇ ਡਿੱਗੇ ਪੱਥਰਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਬਾਰਸ਼ ਹੋਣ ਕਰਕੇ ਸੜਕਾਂ ਨੇ ਵੀ ਦਰਿਆ ਦਾ ਰੂਪ ਧਾਰ ਲਿਆ ਹੈ ਤੇ ਸੜਕਾਂ ‘ਤੇ ਪਏ ਵੱਡੇ-ਵੱਡੇ ਖੱਡੇ ਵੀ ਹਾਦਸਿਆਂ ਨੂੰ ਦਾਅਵਤ ਦੇ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ‘ਚ ਰਹਿ ਰਹੇ ਕਰੀਬ 15-20 ਪਰਿਵਾਰ ਹਮੇਸ਼ਾ ਖ਼ਤਰੇ ਦੇ ਸਾਏ ‘ਚ ਰਹਿ ਰਹੇ ਹਨ।

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ RO, GS ਸੰਘਾ ਨੇ ਕਿਹਾ ਕਿ ਭਾਰੀ ਬਾਰਸ਼ ਕਰਕੇ ਕੁੱਝ ਘਰਾਂ ਨੂੰ ਫੋਰਲੇਨ ਦੀ ਕਟਾਈ ਕਾਰਨ ਨੁਕਸਾਨ ਪਹੁੰਚਿਆ ਹੈ। ਬਹੁਤ ਸਾਰੀਆਂ ਥਾਂਵਾਂ ਤੋਂ 100 ਮੀਟਰ ਪਿੱਛੇ ਦੀ ਪਹਾੜੀ ਹੌਲੀ-ਹੌਲੀ ਖਿਸਕ ਰਹੀ ਹੈ ਤੇ ਹਾਈਵੇ ‘ਤੇ ਪਹੁੰਚ ਰਹੀ ਹੈ। ਇਸ ਲਈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਦੀ ਜਾਂਚ ਕਰੇਗੀ।

Leave a Reply

Your email address will not be published. Required fields are marked *