‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :-  ਪੰਜਾਬ ‘ਚ ਐੱਸਸੀ ਸਕਾਲਰਸ਼ਿਪ ਸਕੀਮ ਦੇ ਫੰਡ ਨਾ ਆਉਣ ਕਾਰਨ ਉਚੇਰੀ ਸਿੱਖਿਆ ਵਾਲੇ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਦੀਆਂ ਡਿਗਰੀਆਂ ਤੇ ਹੋਰ ਸਰਟੀਫਿਕੇਟਾਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਵਜ਼ੀਫ਼ੇ ਦਾ ਲਾਹਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਵਧੇਰੇ ਗਰੀਬ ਤੇ ਲੋੋੜਵੰਦ ਪਰਿਵਾਰਾਂ ਦੇ ਬੱਚੇ ਹਨ, ਜੋ ਇਸ ਵੇਲੇ ਸਰਕਾਰ ਵੱਲ ਵੇਖ ਰਹੇ ਕਿ ਕਦ ਸਰਕਾਰ ਫੰਡ ਜਾਰੀ ਕਰੇਗੀ, ਅਤੇ ਉਹ ਆਪਣੀਆਂ ਫ਼ੀਸਾਂ ਦੇ ਬਕਾਏ ਵਿਦਿਅਕ ਅਦਾਰਿਆਂ ਨੂੰ ਦੇ ਕੇ ਆਪਣੀਆਂ ਡਿਗਰੀਆਂ ਲੈ ਸਕਣਗੇ। ਸੂਬਾ ਸਰਕਾਰ ਨੇ ਕੇਂਦਰੀ ਸਕੀਮ ਹੇਠ ਵਜ਼ੀਫ਼ੇ ਦੀ ਇਹ ਰਕਮ ਪਿਛਲੇ 3-4 ਸਾਲਾਂ ਤੋਂ ਜਾਰੀ ਨਹੀਂ ਕੀਤੀ ਹੈ। ਇਸ ਕਾਰਨ ਸਰਕਾਰੀ ਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਇਸ ਯੋਜਨਾ ਹੇਠ ਪੜ੍ਹ ਰਹੇ ਅਤੇ ਪੜ੍ਹ ਚੁੱਕੇ ਐੱਸਸੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡੀਐਮਸੀ ਤੇ ਡਿਗਰੀਆਂ ਨਹੀਂ ਮਿਲੀਆਂ ਹਨ। ਸਰਟੀਫ਼ਿਕੇਟ ਨਾ ਹੋਣ ਕਾਰਨ ਅਜਿਹੇ ਵਿਦਿਆਰਥੀ ਨਾ ਤਾਂ ਨੌਕਰੀ ਲਈ ਦਰਖ਼ਾਸਤ ਦੇਣ ਯੋਗ ਹਨ ਅਤੇ ਨਾ ਹੀ ਅਗਾਂਹ ਹੋਰ ਪੜ੍ਹਾਈ ਕਰ ਸਕਦੇ ਹਨ।

ਗੁਰੂ ਨਾਨਕ ਦੇਵ ’ਵਰਸਿਟੀ ਵਿੱਚ MCA ਦੇ ਕੋਰਸ ਦੇ ਆਖਰੀ ਵਰ੍ਹੇ ਦੇ ਵਿਦਿਆਰਥੀ ਸੁਨੀਲ ਕੁਮਾਰ ਨੇ ਆਪਣੇ ਕੋਰਸ ਦੇ ਪੰਜ ਸਮੈਸਟਰ ਪਾਸ ਕਰ ਲਏ ਹਨ, ਪਰ ਉਸ ਨੂੰ ਇੱਕ ਵੀ ਸਮੈਸਟਰ ਦੀ ਡੀਐਮਸੀ ਨਹੀਂ ਮਿਲੀ ਹੈ। ਪਿੰਡ ਜੇਠੂਵਾਲ ਦਾ ਵਾਸੀ ਸੁਨੀਲ ਗਰੀਬ ਪਰਿਵਾਰ ਦਾ ਨੌਜਵਾਨ ਹੈ। ਨੌਜਵਾਨ ਦੀ ਪੜ੍ਹਾਈ ਦਾ ਇਹ ਵੱਡਾ ਖ਼ਰਚਾ ਪਰਿਵਾਰ ਦੇ ਵਸ ਦਾ ਨਹੀਂ ਹੈ। ਸੁਨੀਲ ਦਾ ਇੱਕ ਛੋਟਾ ਭਰਾ ਵੀ ਹੈ ਜੋ ਪ੍ਰਾਈਵੇਟ ਕਾਲਜ ਤੋਂ LLB ਕਰ ਰਿਹਾ ਹੈ। ਪਰਿਵਾਰ ਲਈ ਉਸ ਦੀ ਫੀਸ ਦਾ ਭੁਗਤਾਨ ਵੀ ਵੱਡੀ ਸਮੱਸਿਆ ਬਣੀ ਹੋਈ ਹੈ।

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਖੋਕੇ ਦਾ ਵਾਸੀ ਜਸ਼ਨਦੀਪ ਸਿੰਘ ਵੀ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉਹ ਬੀਏ-ਸੋਸ਼ਲ ਸਾਇੰਸ (ਆਨਰਜ਼) ਕੋਰਸ ਦੇ ਆਖਰੀ ਵਰ੍ਹੇ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਪਿਤਾ ਪੰਚਾਇਤੀ ਪਾਣੀ ਦੀ ਟੈਂਕੀ ਦੇ ਪੰਪ ਅਪਰੇਟਰ ਵਜੋਂ ਅਤੇ ਮਾਂ ਆਂਗਨਵਾੜੀ ਵਰਕਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਦੀ ਤਨਖ਼ਾਹ ਨਾਲ ਸਿਰਫ਼ ਘਰ ਦਾ ਗੁਜ਼ਾਰਾ ਹੀ ਚੱਲਦਾ ਹੈ। ਹੋਰਨਾਂ ਵਾਂਗ ਜਸ਼ਨਦੀਪ ਵੀ ਫ਼ਿਕਰਮੰਦ ਹੈ। ਉਸ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਹਰ ਸਾਲ ਇੱਕ ਹਲਫ਼ਨਾਮੇ ’ਤੇ ਦਸਤਖਤ ਕਰਵਾਉਣ ਮਗਰੋਂ ਹੀ ਉਸ ਸਾਲ ਦੀ ਪੜ੍ਹਾਈ ਅਗਾਂਹ ਕਰਵਾਈ ਜਾਂਦੀ ਹੈ। ਜਿਸ ਵਿਚ ਲਿਖਿਆ ਹੁੰਦਾ ਹੈ ਕਿ ਫੀਸ ਦਾ ਭੁਗਤਾਨ ਨਾ ਹੋਣ ਦੀ ਸੂਰਤ ਵਿੱਚ ਡਿਗਰੀ ਰੋਕ ਲਈ ਜਾਵੇਗੀ। ਉਸ ਨੇ ਕਿਹਾ ਕਿ ਜੇ ਫੰਡ ਨਾ ਆਏ ਤਾਂ ਕਰਜ਼ਾ ਲੈ ਕੇ ਯੂਨੀਵਰਸਿਟੀ ਦੀ ਫੀਸ ਦਾ ਭੁਗਤਾਨ ਕਰ ਕੇ ਆਪਣੀ ਡਿਗਰੀ ਲੈ ਲਵੇਗਾ ਤਾਂ ਜੋ ਕਿਸੇ ਨੌਕਰੀ ਵਾਸਤੇ ਅਪਲਾਈ ਕਰ ਸਕੇ। ਯੂਨੀਵਰਸਿਟੀ ਵਿੱਚ ਹੀ ਅਜਿਹੇ ਹੋਰ ਸੈਂਕੜੇ ਵਿਦਿਆਰਥੀ ਹਨ।

’ਵਰਸਿਟੀ ਨੂੰ ਵਜ਼ੀਫ਼ਾ ਸਕੀਮ ਤਹਿਤ ਫ਼ੀਸਾਂ ਨਹੀਂ ਮਿਲੀਆਂ

ਗੁਰੂ ਨਾਨਕ ਦੇਵ ’ਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ) ਜਸਪਾਲ ਸਿੰਘ ਸੰਧੂ ਨੇ ਇਸ ਮਾਮਲੇ ਬਾਰੇ ਆਪਣੀ ਬੇਬਸੀ ਦਾ ਪ੍ਰਗਟਾਵਾ ਕੀਤਾ। ਊਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਪਿਛਲੇ 3-4 ਸਾਲਾਂ ਤੋਂ ਅਜਿਹੇ ਵਿਦਿਆਰਥੀਆਂ ਦੀਆਂ ਫੀਸਾਂ ਨਹੀਂ ਮਿਲ ਰਹੀਆਂ ਹਨ। ਸਰਕਾਰ ਨੂੰ ਪੱਤਰ ਵੀ ਭੇਜਿਆ ਹੈ ਕਿ ਸਕੀਮ ਦੇ ਫੰਡ ਜਲਦੀ ਜਾਰੀ ਕੀਤੇ ਜਾਣ।

ਅਕਾਲੀਆਂ ਵੱਲੋਂ ਰੋਸ ਵਿਖਾਵੇ ਕਰਨ ਦੀ ਯੋਜਨਾ 

ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਸਕੱਤਰ ਜਨਰਲ ਅਤੇ ਵਿਧਾਇਕ ਪਵਨ ਕੁਮਾਰ ਟੀਨੂੰ ਜਿਨ੍ਹਾਂ ਬੀਤੇ ਦਿਨ ਇਸ ਮਾਮਲੇ ਵਿੱਚ ਉਪ ਕੁਲਪਤੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਸੀ, ਨੇ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਲਗਭਗ 10 ਹਜ਼ਾਰ ਤੋਂ ਵੱਧ ਐੱਸਸੀ ਵਿਦਿਆਰਥੀ ਵਜ਼ੀਫ਼ਾ ਫੰਡ ਜਾਰੀ ਨਾ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇਸ ਮਾਮਲੇ ਬਾਰੇ ਸਰਕਾਰ ’ਤੇ ਦਬਾਅ ਬਣਾਉਣ ਲਈ ਪਾਰਟੀ ਵਲੋਂ ਰੋਸ ਵਿਖਾਵੇ ਸ਼ੁਰੂ ਕਰਨ ਦੀ ਵੀ ਯੋਜਨਾ ਹੈ।

Leave a Reply

Your email address will not be published. Required fields are marked *