India

ਪੱਤਰਕਾਰ ਰਾਣਾ ਅਯੂਬ ਨੂੰ ਮਿਲੀ ਚਾਰ ਹਫਤਿਆਂ ਦੀ ਰਾਹਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਵਿੱਚ ਇਕ ਬਜੁਰਗ ਨਾਲ ਕੁੱਟਮਾਰ ਦੇ ਵਾਇਰਲ ਹੋਏ ਵੀਡੀਓ ਮਾਮਲੇ ਵਿੱਚ ਬੰਬੇ ਹਾਈਕੋਰਟ ਨੇ ਪੱਤਰਕਾਰ ਰਾਣਾ ਅਯੂਬ ਨੂੰ ਚਾਰ ਹਫਤਿਆਂ ਲਈ ਟ੍ਰਾਂਜਿਟ ਐਂਟੀਸਿਪੇਟਰੀ ਬੇਲ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਣਾ ਅਯੂਬ ‘ਤੇ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕਥਿਤ ਰੂਪ ਵਿਚ ਇਕ ਵੀਡੀਓ ਸਰਕੁਲੇਟ ਕੀਤਾ, ਜਿਸ ਵਿਚ ਇੱਕ ਬਜੁਰਗ ਮੁਸਲਿਮ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੁੱਟਿਆ ਗਿਆ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਗਏ।

ਪੁਲਿਸ ਨੇ ਆਪਣੀ ਐੱਫਆਈਆਰ ਵਿਚ ਲਿਖਿਆ ਹੈ ਕਿ ਇਹ ਵੀਡੀਓ ਸੰਪਰਦਾਇਕ ਭਾਈਵਾਲੀ ਵਿਗਾੜਨ ਦੇ ਮਕਸਦ ਨਾਲ ਫੈਲਾਇਆ ਗਿਆ ਹੈ। ਇਸ ਸਿਲਸਿਲੇ ਵਿੱਚ ਗਾਜ਼ਿਆਬਾਦ ਦੇ ਲੋਨੀ ਪੁਲਿਸ ਸਟੇਸ਼ਨ ਵਿੱਚ 15 ਜੂਨ ਨੂੰ ਆਈਪੀਸੀ ਦੇ ਸੈਕਸ਼ਨ 153, 153-ਏ, 295-ਏ ਅਤੇ 120 ਬੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।

ਰਾਣਾ ਦੇ ਵਕੀਲ ਮਿਹਿਰ ਦੇਸਾਈ ਨੇ ਸੋਮਵਾਰ ਨੂੰ ਬੰਬੇ ਹਾਈਕੋਰਟ ਦੇ ਜਸਟਿਸ ਪੀਡੀ ਨਾਇਕ ਦੀ ਬੈਂਚ ਨੂੰ ਦੱਸਿਆ ਕਿ ਪਟੀਸ਼ਨ ਪਾਉਣ ਵਾਲਾ ਇੱਕ ਪੱਤਰਕਾਰ ਹੈ ਅਤੇ ਉਨ੍ਹਾਂ ਨੇ ਕੇਵਲ ਆਪਣੇ ਟਵਿੱਟਰ ਉੱਤੇ ਇਹ ਵੀਡੀਓ ਫਾਰਵਡ ਕੀਤਾ ਸੀ।

ਮਿਹਿਰ ਦੇਸਾਈ ਨੇ ਦੱਸਿਆ ਕਿ 16 ਜੂਨ ਨੂੰ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਵੀਡੀਓ ਦਾ ਕੰਟੈਂਟ ਸਹੀ ਨਹੀਂ ਹੈ ਤਾਂ ਉਨ੍ਹਾਂ ਨੇ ਉਸੇ ਵੇਲੇ ਇਹ ਡਿਲੀਟ ਕਰ ਦਿੱਤਾ।

ਵਕੀਲ ਨੇ ਕਿਹਾ ਹੈ ਕਿ ਅਯੂਬ ਉੱਤੇ ਜਿਹੜੇ ਦੋਸ਼ ਲਗਾਏ ਗਏ ਹਨ, ਉਹ ਸਿਰਫ ਤਿੰਨ ਸਾਲ ਦੀ ਸਜਾ ਲਈ ਹਨ। ਇਸ ਲਈ ਰਾਣਾ ਅਯੂਬ ਨੂੰ ਉੱਤਰ ਪ੍ਰਦੇਸ਼ ਦੀ ਸਮਰੱਥ ਅਦਾਲਤ ਤੱਕ ਪਹੁੰਚਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਜਸਟਿਸ ਪੀਡੀ ਨਾਇਕ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਯੂਬ ਦੀ ਗ੍ਰਿਫਤਾਰੀ ਨੂੰ ਅਸਥਾਈ ਤੌਰ ‘ਤੇ ਚਾਰ ਹਫਤਿਆਂ ਲਈ ਰੋਕਣ ਦਾ ਹੁਕਮ ਦਿੱਤਾ ਜਾਂਦਾ ਹੈ, ਤਾਂ ਜੋ ਜਿੱਥੇ ਐੱਫਆਈਆਰ ਦਰਜ ਕਰਵਾਈ ਗਈ ਹੈ, ਰਾਣਾ ਅਯੂਬ ਉੱਥੋਂ ਦੀ ਅਦਾਲਤ ਨਾਲ ਸੰਪਰਕ ਕਰ ਸਕੇ।ਕੋਰਟ ਨੇ ਇਹ ਸਾਫ ਕੀਤਾ ਹੈ ਰਾਣਾ ਅਯੂਬ ਨੂੰ ਦਿੱਤੀ ਗਈ ਇਹ ਮੋਹਲਤ ਵਧਾਈ ਨਹੀਂ ਜਾਵੇਗੀ।