India Punjab

ਕੀ ਪੈਰੋਲ ‘ਤੇ ਬਾਹਰ ਆਇਆ ਰਾਮ ਰਹੀਮ ਨਕਲੀ ਹੈ ? ਡੇਰਾ ਸਮਰਥਕਾਂ ਨੇ ਹਾਈਕੋਰਟ ‘ਚ ਪਾਈ ਪਟੀਸ਼ਨ

‘ਦ ਖ਼ਾਲਸ ਬਿਊਰੋ : ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਇਆ ਰਾਮ ਰਹੀਮ ਅਸਲੀ ਨਹੀਂ ਸਗੋਂ ਨਕਲੀ ਹੈ।  ਡੇਰਾ ਸਿਰਸਾ ਦੇ ਕੁਝ ਪ੍ਰੇਮੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਿਹੜਾ ਵਿਅਕਤੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ, ਉਹ ਨਕਲੀ ਗੁਰਮੀਤ ਰਾਮ ਰਹੀਮ ਹੈ ਜਦੋਂ ਕਿ ਅਸਲੀ ਰਾਮ ਰਹੀਮ ਨੁੰ ਅਗਵਾ ਕੀਤਾ ਹੋਇਆ ਹੈ।

 ਹਾਈ ਕੋਰਟ ਵਿਚ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ। ਚੰਡੀਗੜ੍ਹ ਨਿਵਾਸੀ ਅਸ਼ੋਕ ਕੁਮਾਰ ਅਤੇ ਇਕ ਦਰਜਨ ਦੇ ਕਰੀਬ ਪ੍ਰੇਮੀਆਂ ਨੇ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਅਗਵਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਾਮ ਰਹੀਮ ਦੇ ਹਾਵ-ਭਾਵ ਪਹਿਲਾਂ ਵਰਗੇ ਨਹੀਂ ਹਨ। ਪਟੀਸ਼ਨ ਦਾਇਰ ਕਰਨ ਵਾਲੇ ਚੰਡੀਗੜ੍ਹ ਤੋਂ ਇਲਾਵਾ ਪੰਚਕੂਲਾ ਤੇ ਅੰਬਾਲਾ ਦੇ ਵਸਨੀਕ ਹਨ।

ਉਨ੍ਹਾਂ ਨੇ ਹਰਿਆਣਾ ਸਰਕਾਰ, ਹਨੀਪ੍ਰੀਤ ਤੇ ਸਿਰਸਾ ਡੇਰੇ ਦੇ ਪ੍ਰਬੰਧਕ ਪੀਆਰ ਨੈਨ ਨੂੰ ਪਾਰਟੀ ਬਣਾਇਆ ਹੈ। ਇਨ੍ਹਾਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਨ ਤੋਂ ਬਾਅਦ ਨਕਲੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਹੁਣ ਇਸ ਨਕਲੀ ਨੂੰ ਅਸਲੀ ਬਣਾ ਕੇ ਡੇਰੇ ਦੀ ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰੇ ਦੀ ਗੱਦੀ ਲਈ ਅਸਲੀ ਡੇਰਾ ਮੁਖੀ ਮਾਰਿਆ ਗਿਆ ਹੈ ਜਾਂ ਮਾਰਿਆ ਜਾਵੇਗਾ। ਜੇਲ੍ਹ ਵਿੱਚ ਬੰਦ ਨਕਲੀ ਰਾਮ ਰਹੀਮ ਦੀ ਜਾਂਚ ਹੋਣੀ ਚਾਹੀਦੀ ਹੈ।

 ਦੱਸ ਦਈਏ ਕਿ ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਨੇ ਪੈਰੋਲ ਦਿੱਤੀ ਹੈ। 17 ਜੂਨ ਦੀ ਸਵੇਰ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਅਤੇ ਪੈਰੋਲ ਦੀ ਮਿਆਦ ਦੌਰਾਨ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹਿ ਰਿਹਾ ਹੈ।

 ਇਹ ਆਸ਼ਰਮ ਬਾਗਪਤ ਦੇ ਬਰਨਾਵਾ ਪਿੰਡ ਵਿੱਚ ਸਥਿਤ ਹੈ ਅਤੇ ਇੱਥੇ ਰਾਮ ਰਹੀਮ ਰਹਿ ਰਿਹਾ ਹੈ। ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਇੱਕ ਮਹੀਨੇ ਲਈ ਪੈਰੋਲ ਦਿੱਤੀ ਗਈ ਹੈ।

ਦੂਜੇ ਪਾਸੇ ਡੇਰਾ ਸਾਧ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਵੀਡੀਓਜ਼ ‘ਚ ਡੇਰਾ ਸਾਧ ਰਾਮ ਰਹੀਮ ਆਪਣੇ ਸਮਰਥਕਾਂ ਨੂੰ ਮਿਲ ਰਿਹਾ ਹੈ। ਪੈਰੋਲ ਮਿਲਣ ਤੋਂ ਬਾਅਦ ਤੋਂ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਹੈ। ਰਾਮ ਰਹੀਮ ਡੇਰਾ ਪ੍ਰਬੰਧਨ ਨਾਲ ਜੁੜੇ ਲੋਕਾਂ ਨਾਲ ਵੀ ਮੀਟਿੰਗਾਂ ਕਰ ਰਿਹਾ ਹੈ।