India Punjab

ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਲੰਮੇ ਸਮੇਂ ਤੱਕ ਕਿਸਾਨਾਂ ਨਾਲ ਗੱਲ ਨਾ ਕਰਕੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਭੁਲੇਖੇ ‘ਚੋਂ ਕੱਢਿਆ

‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਰਕਾਰ ਨੂੰ ਇਸ ਧੋਖੇ ‘ਚ ਨਹੀਂ ਰਹਿਣਾ ਚਾਹੀਦਾ ਕਿ ਲੰਬੇ ਸਮੇਂ ਤੱਕ ਗੱਲਬਾਤ ਨਾ ਕਰਨ ਨਾਲ ਕਿਸਾਨ ਅੰਦੋਲਨ ਖਤਮ ਹੋ ਜਾਵੇਗਾ। ਸਰਕਾਰ ਦੀ ਮਿਆਦ ਹੁੰਦੀ ਹੈ, ਕਿਸਾਨਾਂ ਦੇ ਹੌਂਸਲਿਆਂ ਦੀ ਕੋਈ ਮਿਆਦ ਨਹੀਂ ਹੈ’। ਟਿਕੈਤ ਨੇ ਕਿਹਾ ਕਿ ‘ਉਹ ਕਿਸਾਨ ਸੰਗਠਨ ਦੇ ਲੀਡਰਾਂ ਦੇ ਨਾਲ ਪੱਛਮੀ ਬੰਗਾਲ ‘ਚ ਕਿਸਾਨਾਂ ਨੂੰ ਜਾਗਰੂਕ ਕਰਨਗੇ ਅਤੇ ਉਨ੍ਹਾਂ ਨੂੰ ਭਾਜਪਾ ਦੀ ਅਸਲੀਅਤ ਦੱਸਣਗੇ’।

ਟਿਕੈਤ ਨੇ ਕਿਹਾ ਕਿ ‘ਭਾਜਪਾ ਦੇ ਹਰ ਮੰਤਰੀ ਦਾ ਹਾਲ ਮਨੋਹਰ ਲਾਲ ਵਰਗਾ ਹੀ ਹੋ ਜਾਵੇਗਾ। ਉਨ੍ਹਾਂ ਦੇ ਹੈਲੀਕਾਪਟਰ ਵੀ ਹਵਾ ‘ਚ ਹੀ ਉੱਡਦੇ ਰਹਿ ਜਾਣਗੇ। ਐੱਮਐੱਸਪੀ ਲਈ ਲੜਾਈ ਜਾਰੀ ਹੈ ਅਤੇ ਉਸ ਨੂੰ ਹਰ ਹਾਲ ‘ਚ ਜਿੱਤਾਂਗੇ। ਕਿਸਾਨੀ ਅੰਦੋਲਨ ‘ਚ ਵਿਰੋਧੀਆਂ ਨੇ ਸਾਕਾਰਾਤਮਕ ਭੂਮਿਕਾ ਨਹੀਂ ਨਿਭਾਈ। ਧਰਨਿਆਂ ‘ਤੇ ਕਦੇ ਵੀ ਵਿਰੋਧੀ ਪਾਰਟੀਆਂ ਦੇ ਟੈਂਟ ਦਿਖਾਈ ਨਹੀਂ ਦਿੱਤੇ।

ਕੇਐੱਮਪੀ ਜਾਮ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਹ ਵੀ ਕੀ ਬਚਿਆ ਹੈ। ਟਿਕੈਤ ਨੇ ਕਿਹਾ ਕਿ ਕਿਸਾਨ ਦਿੱਲੀ ਦੀ ਮੰਡੀ ‘ਚ ਆਪਣਾ ਅਨਾਜ ਲੈ ਕੇ ਜਾਣ ਅਤੇ ਐੱਮਐੱਸਪੀ ‘ਤੇ ਖਰੀਦ ਨਾ ਹੋਣ ‘ਤੇ ਉੱਥੇ ਹੀ ਟੈਂਟ ਲਗਾ ਕੇ ਬੈਠ ਜਾਣ। ਸਰਕਾਰ ਕਿਸਾਨਾਂ ਨੂੰ ਭੜਕਾਉਣ ਦਾ ਯਤਨ ਕਰ ਰਹੀ ਹੈ ਪਰ ਕਿਸਾਨ ਸਰਕਾਰ ਦੀਆਂ ਚਾਲਾਂ ਸਮਝ ਚੁੱਕਾ ਹੈ।