India Punjab

ਅਸੀਂ ਪੰਜਾਬ ‘ਚ ਯਾਤਰੀ ਅਤੇ ਮਾਲ ਗੱਡੀਆਂ ਚਲਾਉਣ ਲਈ ਤਿਆਰ ਹਾਂ: ਚੇਅਰਮੈਨ ਰੇਲਵੇ ਬੋਰਡ

‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਪੰਜਾਬ ਵਿੱਚ ਰੇਲਾਂ ਚਲਾਉਣ ਨੂੰ ਲੈ ਕੇ ਹਾਲੇ ਵੀ ਕੋਈ ਸ਼ਪੱਸ਼ਟ ਜਵਾਬ ਨਹੀਂ ਦੇ ਰਹੀ। ਕੇਂਦਰੀ ਰੇਲਵੇ ਬੋਰਡ ਵੱਲੋਂ ਇਹੀ ਆਖਿਆ ਜਾ ਰਿਹਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਰੇਲਾਂ, ਰੇਲਵੇ ਅਧਿਕਾਰੀਆਂ, ਡਰਾਇਵਰਾਂ ਅਤੇ ਸੁਰੱਖਿਆ ਕਰਮੀਆਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਉਂਦੀ, ਉਦੋਂ ਤੱਕ ਰੇਲਾਂ ਨਹੀਂ ਚਲਾਈਆਂ ਜਾ ਸਕਦੀਆਂ।

 

ਰੇਲਵੇ ਵਿਭਾਗ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਦੋਵੇਂ ਚਲਾਉਣ ਲਈ ਤਿਆਰ ਹਾਂ। ਪਰ ਪੰਜਾਬ ਸਰਕਾਰ ਰੇਲਵੇ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਅਤੇ ਰੇਲਵੇ ਟਰੈਕ ਪੂਰੀ ਤਰ੍ਹਾਂ ਖਾਲੀ ਕੀਤੇ ਜਾਣ, ਤਾ ਹੀ ਰੇਲਾਂ ਚਲਾਈਆਂ ਜਾਣਗੀਆਂ।

 

ਵਿਨੋਦ ਕੁਮਾਰ ਨੇ ਕਿਹਾ ਕਿ ਪੰਜਾਬ ‘ਚ ਭਾਵੇਂ ਕਿਸਾਨਾਂ ਨੇ ਟਰੈਕ ਖਾਲੀ ਕਰ ਦਿੱਤੇ ਹਨ, ਪਰ ਫਿਰ ਵੀ ਇੱਕ ਸਟੇਸ਼ਨ ਦੇ ਪਲੇਟਫਾਰਮ ਅਤੇ ਬਾਕੀ 22 ਹੋਰ ਸਟੇਸ਼ਨਾਂ ਦੇ ਬਾਹਰ ਕਿਸਾਨ ਬੈਠੇ ਹਨ ਅਤੇ ਇਹਨਾਂ ਵੱਲੋਂ ਲਗਾਤਾਰ ਸਟੇਸ਼ਨ ਮਾਸਟਰ ਨੂੰ ਇਹ ਸੁਨੇਹੇ ਭੇਜੇ ਜਾ ਰਹੇ ਹਨ ਕਿ ਅਸੀਂ ਸਿਰਫ ਮਾਲ ਗੱਡੀਆਂ ਨੂੰ ਚੱਲਣ ਦੀ ਹੀ ਆਗਿਆ ਦੇ ਰਹੇ ਹਾਂ।

 

ਵਿਨੋਦ ਕੁਮਾਰ ਨੇ ਅੱਗੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਕਿਸਾਨਾਂ ਦੇ ਕਹਿਣ ਅਨੁਸਾਰ ਸਿਰਫ ਮਾਲ ਗੱਡੀਆਂ ਹੀ ਚਲਾਈਆਂ ਜਾਣ। ਅਸੀਂ ਦੋਵੇਂ ਤਰ੍ਹਾਂ ਦੀਆਂ ਰੇਲਾਂ ਚਲਾਉਣ ਲਈ ਤਿਆਰ ਹਾਂ, ਪਰ ਸ਼ਰਤ ਇਹ ਹੈ ਕਿ ਪੰਜਾਬ ਸਰਕਾਰ ਰੇਲਵੇ ਦੀ ਸੁਰੱਖਿਆ ਯਕੀਨੀ ਬਣਾਵੇ।

ਕੇਂਦਰੀ ਰੇਲਵੇ ਦੇ ਇਸ ਬਿਆਨ ਨੇ ਰੇਲਾਂ ਚਲਾਉਣ ਨੂੰ ਲੈ ਗੇਂਦ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕਿਹਾ ਜਾ ਚੁੱਕਿਆ ਹੈ ਪੰਜਾਬ ਵਿੱਚ ਰੇਲਵੇ ਟਰੈਕ ਖਾਲੀ ਹੋ ਚੁੱਕੇ ਹਨ ਅਤੇ ਰੇਲਾਂ ਚਲਾਈਆਂ ਜਾ ਸਕਦੀਆਂ ਹਨ।