Punjab

ਰਾਹੁਲ ਗਾਂਧੀ ਅੱਜ ਪੰਜਾਬ ‘ਚ ਕੱਢਣਗੇ ਟਰੈਕਟਰ ਰੈਲੀ, ਨਵਜੋਤ ਸਿੱਧੂ ਵੀ ਹੋਣਗੇ ਸ਼ਾਮਿਲ

‘ਦ ਖ਼ਾਲਸ ਬਿਊਰੋ:- ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਤਿੰਨ ਰੋਜ਼ਾ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀਆਂ ਤੇ ਟਰੈਕਟਰ ਮਾਰਚ ਕਰਨਗੇ। ਰਾਹੁਲ ਗਾਂਧੀ ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਵਿੱਚ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨਗੇ।

ਇਸ ਰੈਲੀ ‘ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਣਗੇ।  ਨਵਜੋਤ ਸਿੱਧੂ ਦੇ ਨਾਲ ਹੀ ਇਸ ਰੈਲੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਹਾਜ਼ਰ ਰਹਿਣ ਦੀ ਉਮੀਦ ਹੈ। ਸਿੱਧੂ ਕਾਫੀ ਸਮਾਂ ਸ਼ਾਂਤ ਰਹਿਣ ਮਗਰੋਂ ਅੱਜ ਕਾਂਗਰਸ ਵਿੱਚ ਸਰਗਰਮ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਜਾਣਕਾਰੀ ਮੁਤਾਬਕ 11 ਵਜੇ ਬੱਧਨੀ ਕਲਾਂ ‘ਚ ਜਨਤਕ ਮੀਟਿੰਗ ‘ਚ ਦਸਤਖਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ ਕਰੀਬ 12:15 ਵਜੇ ਬੱਧਨੀ ਕਲਾਂ ਤੋਂ ਜਾਤਪੁਰਾ ਤੱਕ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ।  ਇਸ ਮਗਰੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਲੁਧਿਆਣਾ ਜ਼ਿਲ੍ਹੇ ਦੇ ਜਾਤਪੁਰਾ ‘ਚ ਜਨਤਕ ਮੀਟਿੰਗ ਕੀਤੀ ਜਾਵੇਗੀ ਤੇ ਇੱਥੇ ਹੀ ਟਰੈਕਟਰ ਮਾਰਚ ਦੀ ਸਮਾਪਤੀ ਹੋਵੇਗੀ।  ਬੀਜੇਪੀ ਵੱਲੋਂ ਖੇਤੀ ਕਾਨੂੰਨ ਬਣਾਏ ਜਾਣ ਮਗਰੋਂ ਕਾਂਗਰਸ ਨੇ ਖੇਤੀ ਪ੍ਰਧਾਨ ਸੂਬੇ ਪੰਜਾਬ ਵੱਲ ਰੁਖ ਕੀਤਾ ਹੈ।