Punjab

ਖੇਤੀ ਬਿਲਾਂ ਖ਼ਿਲਾਫ ਕੱਲ੍ਹ ਤੋਂ ਰਾਹੁਲ ਤੇ ਕੈਪਟਨ ਕੱਢਣਗੇ ਪੰਜਾਬ ਟਰੈਕਟਰ ਰੈਲੀਆਂ

‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪੰਜਾਬ ਫੈਲੇ ਕੇਂਦਰ ਸਰਕਾਰ ਦੇ ਖੇਤੀ ਕਾਲੇ ਕਾਨੂੰਨ ਖ਼ਿਲਾਫ਼ ਕਾਂਗਰਸ ਆਗੂ ਰਾਹੁਲ ਗਾਂਧੀ ਕੱਲ੍ਹ 4 ਅਕਤੂਬਰ ਤੋਂ ਪੰਜਾਬ ’ਚ ਤਿੰਨ ਦਿਨਾਂ ਟਰੈਕਟਰ ਮਾਰਚ ਸ਼ੁਰੂ ਕਰਨਗੇ। ਰਾਹੁਲ ਗਾਂਧੀ ਪੰਜਾਬ ਮਗਰੋਂ ਉਹ ਹਰਿਆਣਾ ਵਿੱਚ ਦਾਖ਼ਲ ਹੋਣਗੇ। ਰਾਹੁਲ ਵੱਲੋਂ ਕੱਲ੍ਹ ਸ਼ਾਮ ਨੂੰ ਪੰਜਾਬ ਦੌਰੇ ਦੀ ਤਿਆਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ।

ਰਾਹੁਲ 4 ਅਕਤੂਬਰ ਨੂੰ ਬੱਧਨੀ ਕਲਾਂ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ, ਅਤੇ ਦੂਸਰੇ ਦਿਨ ਪੰਜ ਅਕਤੂਬਰ ਨੂੰ ਰਾਹੁਲ ਗਾਂਧੀ ਸੰਗਰੂਰ ਤੋਂ ਟਰੈਕਟਰ ਮਾਰਚ ਸ਼ੁਰੂ ਕਰਨਗੇ ਤੇ ਹਲਕਾ ਸਨੌਰ ਵਿੱਚ ਸਮਾਪਤ ਕਰਨਗੇ। ਉਸ ਮਗਰੋਂ ਉਹ ਪਟਿਆਲਾ ਠਹਿਰਣਗੇ ਅਤੇ ਫਿਰ ਤੀਸਰੇ ਦਿਨ ਛੇ ਅਕਤੂਬਰ ਨੂੰ ਉਹ ਪਟਿਆਲਾ ਤੋਂ ਪਾਤੜਾਂ ਤੱਕ ਟਰੈਕਟਰ ਮਾਰਚ ਕੱਢਣਗੇ। ਇਸ ਮਗਰੋਂ ਉਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਦਾਖ਼ਲ ਹੋਣਗੇ। ਸੂਤਰਾਂ ਦੀ ਜਾਣਕਾਰੀ ਮੁਤਾਬਕ ਹਰਿਆਣਾ ਦੀ ਖੱਟਰ ਸਰਕਾਰ ਰਾਹੁਲ ਗਾਂਧੀ ਦੇ ਰਾਹ ਰੋਕਣ ਬਾਰੇ ਵੀ ਨਵਾਂ ਪੈਂਤੜਾ ਲਗਾ ਰਹੀ ਹੈ।

ਰਾਹੁਲ ਗਾਂਧੀ ਲਈ ਚਾਰ ਟਰੈਕਟਰ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਗਏ ਹਨ, ਜਿਨ੍ਹਾਂ ਦੀ ਸੁਰੱਖਿਆ ਨਜ਼ਰੀਏ ਤੋਂ ਵੀ ਜਾਂਚ ਕੀਤੀ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਰਾਹੁਲ ਦੀ ਕਿਸੇ ਪਿੰਡ ਵਿੱਚ ਕਿਸਾਨ ਦੇ ਘਰ ਵਿੱਚ ਠਹਿਰਣ ਦੀ ਸੱਧਰ ਵੀ ਅਧੂਰੀ ਰਹਿ ਗਈ ਹੈ। ਟਰੈਕਟਰ ਮਾਰਚ ਦੌਰਾਨ ਰਾਹੁਲ ਗਾਂਧੀ ਪਿੰਡਾਂ ਵਿੱਚ ਕਿਸਾਨਾਂ ਨੂੰ ਮਿਲਣ ਦੇ ਨਾਲ ਨਾਲ ਖ਼ਰੀਦ ਕੇਂਦਰਾਂ ਵਿੱਚ ਕਿਸਾਨਾਂ ਨਾਲ ਸਿੱਧੀ ਗੱਲਬਾਤ ਵੀ ਕਰਨਗੇ।

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਵਿਧਾਇਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਫ਼ੀ ਅਰਸੇ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਤਾਰੀਫ਼ ਕੀਤੀ ਹੈ ਜੋ ਸਿਆਸੀ ਵਿੱਥਾਂ ਘਟਾਉਣ ਵੱਲ ਸੰਕੇਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਜਦੋਂ ਸਪੋਰਟਸ ਪਾਰਕਾਂ ਦਾ ਵਰਚੁਅਲ ਮੀਟਿੰਗ ਜਰੀਏ ਉਦਘਾਟਨ ਕਰਨ ਮੌਕੇ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ, ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਾਂ ਦੇ ਨਾਮ ਸ਼ਹੀਦਾਂ ਦੇ ਨਾਮ ’ਤੇ ਜਾਂ ਫਿਰ ਨਾਮੀ ਖਿਡਾਰੀਆਂ ਦੇ ਨਾਮ ’ਤੇ ਰੱਖੇ ਜਾਣ। ਮੁੱਖ ਮੰਤਰੀ ਨੇ ਮਿਸਾਲ ਦਿੱਤੀ ਕਿ ਜਿਵੇਂ ਨਵਜੋਤ ਸਿੱਧੂ ਤੇ ਪਰਗਟ ਸਿੰਘ ਚੰਗੇ ਨਾਮਣਾ ਖੱਟਣ ਵਾਲੇ ਖਿਡਾਰੀ ਰਹੇ ਹਨ। ਮੁੱਖ ਮੰਤਰੀ ਦੀ ਜ਼ੁਬਾਨ ’ਤੇ ਨਵਜੋਤ ਸਿੱਧੂ ਦਾ ਨਾਮ ਉਦੋਂ ਆਇਆ ਜਦੋਂ ਨਵਜੋਤ ਸਿੱਧੂ ਅੰਮ੍ਰਿਤਸਰ ਵਿੱਚ ਹਰੀਸ਼ ਰਾਵਤ ਨਾਲ ਮੀਟਿੰਗ ਕਰ ਰਹੇ ਸਨ।