‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਸੰਗਰੂਰ ਦੇ ਕਸਬਾ ਨਾਭਾ ਦੀ ਜੇਲ੍ਹ ‘ਚ ਭੁੱਖ ਹੜਤਾਲ ‘ਤੇ ਬੈਠੇ ਦੋ ਕੈਦੀਆਂ ਦੀ ਸਿਹਤ ਖ਼ਰਾਬ ਹੋਣ ’ਤੇ ਕੱਲ੍ਹ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਇਲਾਜ ਲਈ ਲਿਆਂਦਾ ਗਿਆ ਤੇ ਗੁਲੂਕੋਜ਼ ਲਗਾ ਕੇ ਵਾਪਸ ਭੇਜ ਦਿੱਤਾ ਗਿਆ। ਡਾਕਟਰਾਂ ਮੁਤਾਬਿਕ ਕੈਦੀ ਰਣਦੀਪ ਸਿੰਘ ਤੇ ਕੈਦੀ ਗੁਰਪ੍ਰੀਤ ਸਿੰਘ ਜਾਗੋਵਾਲ ਦੇ ਕਈ ਦਿਨਾਂ ਤੋਂ ਭੁੱਖੇ ਰਹਿਣ ਕਾਰਨ ਸਿਹਤ ਸਬੰਧੀ ਸਮੱਸਿਆ ਆ ਰਹੀਆਂ ਸੀ। ਇਸ ਤੋਂ ਇਲਾਵਾ ਕੈਦੀ ਗੁਰਪ੍ਰੀਤ ਸਿੰਘ ਕਮਜ਼ੋਰੀ ਕਾਰਨ ਚੱਕਰ ਖਾ ਕੇ ਡਿੱਗ ਪਿਆ ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਵੱਜੀ।

ਦੱਸਣਯੋਗ ਹੈ ਕਿ ਕੁ੍ੱਝ ਬੰਦੀ ਸਿੰਘਾਂ ਵੱਲੋਂ ਇਹ ਭੁੱਖ ਹੜਤਾਲ ਨਾਭਾ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਮਾੜਾ ਸਲੂਕ ਕਰਨ ਤੇ ਹੋਰਨਾਂ ਜੇਲ੍ਹਾਂ ਵਿੱਚ ਬਦਲੀ ਕਰਨ ਦੇ ਵਿਰੋਧ ‘ਚ ਸ਼ੁਰੂ ਕੀਤੀ ਗਈ ਹੈ। ਬੰਦੀ ਸਿੰਘਾਂ ਦੀ ਵਕੀਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੁੁਪਰੀਮ ਕੋਰਟ ਨੇ ਕੈਦੀਆਂ ਦੀ ਬਦਲੀ ’ਤੇ ਰੋਕ ਲਗਾਈ ਸੀ। ਉਨ੍ਹਾਂ ਦੱਸਿਆ ਕਿ ਹੜਤਾਲ ’ਤੇ ਬੈਠੇ ਕਈ ਬੰਦੀ ਸਿੰਘਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਕਈਆਂ ਨੂੰ ਹੋਰ ਸਿਹਤ ਸਮੱਸਿਆਵਾਂ ਆ ਰਹੀਆਂ ਹਨ।

ਉੱਥੇ ਦੂਜੇ ਪਾਸੇ ADGP (ਜੇਲ੍ਹ) ਪੀਕੇ ਸਿਨਹਾ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਜਨਰਲ ਬਦਲੀ ’ਤੇ ਰੋਕ ਲਗਾਈ ਸੀ, ਪਰ ਇਹ ਬਦਲੀਆਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਕੀਤੀਆਂ ਗਈਆਂ ਹਨ, ਅਤੇ ਇਸ ਬਾਰੇ ਅਦਾਲਤ ਨੂੰ ਜਵਾਬ ਵੀ ਲਿਖਿਆ ਗਿਆ ਹੈ। ਬੰਦੀ ਸਿੰਘਾਂ ਦੀ ਵਿਗੜਦੀ ਸਿਹਤ ਨੂੰ ਵੇਖਦਿਆ ਹੋਇਆਂ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਭੋਜਨ ਖਾਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸੇ ਦੀ ਵੀ ਸਿਹਤ ਖ਼ਰਾਬ ਹੋਣ ’ਤੇ ਉਸ ਨੂੰ ਤੁਰੰਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਬੰਦੀ ਸਿੰਘਾਂ ਦੀ ਭੁੱਖ ਹੜਤਾਲ ਦੇ ਮਸਲੇ ‘ਤੇ ਪਿਛਲੇਂ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਣੀ ਹਰਪ੍ਰੀਤ ਸਿੰਘ ਜੀ ਨੇ ਵੀ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਬੰਦੀ ਸਿੰਘਾਂ ਦੀਆਂ ਮੁਸ਼ਕਲਾਂ ਦੇ ਤੁਰੰਤ ਹੱਲ ਕੀਤੇ ਜਾਣ, ਤਾਂ ਜੋ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਣ। ਜਥੇਦਾਰ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਜ਼ਿਮੇਵਾਰ ਹੋਵੇਗੀ, ਬਾਵਜੂਦ ਇਸ ਦੇ ਪੰਜਾਬ ਸਰਕਾਰ ਜਾਂ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਜਥੇਦਾਰ ਦੇ ਬਿਆਣ ‘ਤੇ ਕੋਈ ਬਹੁਤਾ ਅਸਰ ਨਹੀਂ ਕੀਤਾ।

Leave a Reply

Your email address will not be published. Required fields are marked *