Punjab

ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਵਿੰਦਰ ਸਿੰਘ ਜਾਖੜ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਦਿੱਤਾ ਅਸਤੀਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਦਿਨੋ-ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਵਿੱਚ ਹਰ ਕੋਈ ਆਪਣਾ ਬਣਦਾ ਸਹਿਯੋਗ ਪਾ ਰਿਹਾ ਹੈ। ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਕਈ ਖਿਡਾਰੀਆਂ ਨੇ ਆਪਣੇ ਪੁਰਸਕਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਾਪਸ ਮੋੜਨ ਦਾ ਐਲਾਨ ਕੀਤਾ ਹੈ ਤਾਂ ਉੱਥੇ ਹੀ ਕਈ ਉੱਚੇ ਅਹੁਦਿਆਂ ‘ਤੇ ਲੱਗੇ ਕਰਮਚਾਰੀ ਵੀ ਆਪਣੇ ਅਹੁਦਿਆਂ ਤੋ ਅਸਤੀਫਾ ਦੇ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਹਿੱਸਾ ਪਾ ਰਹੇ ਹਨ।

ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਵਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਖੜ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਭਾਰਤ ਦਾ ਕਿਸਾਨ ਪਰੇਸ਼ਾਨ ਹੈ। ਉਹ ਇਹਨਾਂ ਠੰਢੀਆਂ ਰਾਤਾਂ ਦੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਮੈਨੂੰ ਵੀ ਉਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਕਰਕੇ ਮੈਨੂੰ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਫਾਰਗ ਕੀਤਾ ਜਾਵੇ।

ਇਸ ਤੋਂ ਇਲਾਵਾ ਜਾਖੜ ਨੇ ਡਿਊਟੀ ਤੋਂ ਫਾਰਗ ਹੋਣ ਲਈ ਆਪਣੀ ਤਿੰਨ ਮਹੀਨੇ ਦੀ ਤਨਖਾਹ ਅਤੇ ਹੋਰ ਭੱਤੇ ਜਮ੍ਹਾਂ ਕਰਾਉਣ ਦੀ ਵੀ ਗੱਲ ਕੀਤੀ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਕਨੂੰਨੀ ਅੜਚਣ ਅਸਤੀਫਾ ਮਨਜੂਰ ਕਰਨ ਵਿੱਚ ਨਾ ਆਵੇ।