‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਐਸ.ਐਸ. ਮਰਵਾਹਾ ਨੇ ਦਿੱਲੀ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਦਲੀਲਾਂ ਦਿੰਦਿਆਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐਨ ਕਰਵਾਉਣਾ ਬਹੁਤ ਜ਼ਰੂਰੀ ਹੈ।

ਚੇਅਰਮੈਨ ਮਰਵਾਹਾ ਨੇ ਕਿਹਾ ਕਿ ਜਦੋਂ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਮਿਆਰੀ ਸੂਚਕ ਅੰਕ ਹਰਿਆਣਾ ਦੇ ਦਿੱਲੀ ਨਾਲ ਲੱਗਦੇ ਪ੍ਰਮੁੱਖ ਸ਼ਹਿਰਾਂ ਨਾਲੋਂ ਬਹੁਤ ਘੱਟ ਹੈ। ਇਸ ਲਈ ਪੰਜਾਬ ਦੇ ਕਿਸਾਨਾਂ ਸਿਰ ਦਿੱਲੀ ਦੇ ਪ੍ਰਦੂਸ਼ਣ ਦਾ ਦੋਸ਼ ਮੜਨਾ ਗ਼ਲਤ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਜੇ ਪਟਿਆਲਾ ਦੇ ਧੂੜ-ਕਣ ਅੰਬਾਲਾ ਤੱਕ ਨਹੀਂ ਪਹੁੰਚ ਸਕਦੇ ਤਾਂ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਪਰਾਲੀ ਦਾ ਧੂੰਆਂ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ।

ਮਰਵਾਹਾ ਨੇ ਦੱਸਿਆ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ ਤੇ ਪਟਿਆਲਾ ਦੇ ਮੁਕਾਬਲਾਤਨ ਸੋਨੀਪਤ, ਪਾਣੀਪਤ, ਕਰਨਾਲ ਤੇ ਜੀਂਦ ਦੇ ਮਿਆਰੀ ਹਵਾ ਸੂਚਕ ਅੰਕ ਦਾ ਪੱਧਰ ਬਹੁਤ ਹੀ ਖਰਾਬ ਹੈ, ਜਦਕਿ ਪੰਜਾਬ ’ਚ ਪਰਾਲੀ ਦੀ ਸਾਂਭ-ਸੰਭਾਲ ਦੇ ਸੀਜ਼ਨ ਦੌਰਾਨ ਇਹ ਸੂਚਕ ਅੰਕ ਸੰਤੋਖਜਨਕ ਤੋਂ ਦਰਮਿਆਨਾ ਹੈ। ਇਸ ਤੋਂ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਬਿਨਾਂ ਵਜ੍ਹਾ ਹੀ ਦਿੱਲੀ ਦੇ ਪ੍ਰਦੂਸ਼ਨ ਦਾ ਦੋਸ਼ੀ ਬਣਾਇਆ ਜਾ ਰਿਹਾ ਹੈ।

ਚੇਅਰਮੈਨ ਮਰਵਾਹਾ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜਿੱਥੇ ਜਾਗਰੂਕਤਾ ਨੂੰ ਵਧਾਇਆ ਜਾ ਰਿਹਾ ਹੈ, ਉੱਥੇ ਹੀ ਐਨ.ਐਸ.ਐਸ. ਵਲੰਟੀਅਰਾਂ ਰਾਹੀਂ ਕੁੱਝ ਚੋਣਵੇਂ ਕਿਸਾਨਾਂ ਦੇ ਖੇਤਾਂ ’ਚ ਸੂਖਮ ਜੈਵਿਕ ਤਕਨੀਕਾਂ ਰਾਹੀਂ ਪਰਾਲੀ ਦਾ ਖੇਤ ’ਚ ਹੀ ਨਿਪਟਾਰਾ ਕਰਨ ਦਾ ਤਜਰਬਾ ਕੀਤਾ ਜਾ ਰਿਹਾ ਹੈ, ਜਿਸ ਲਈ ਇੱਕ ਵਲੰਟੀਅਰ 45 ਦਿਨ ਦੀ ਇਸ ਪ੍ਰਕਿਰਿਆ ਦੌਰਾਨ ਨਜ਼ਰ ਰੱਖ ਰਿਹਾ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਨਸੀਟੂ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਪਿਛਲੇ ਸਾਲ ਤੱਕ 52000 ਮਸ਼ੀਨਰੀ ਉਪਲੱਬਧ ਕਰਵਾਈ ਗਈ ਅਤੇ ਇਸ ਸਾਲ 23000 ਪਰਾਲੀ ਸੰਭਾਲ ਯੰਤਰ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ।

Leave a Reply

Your email address will not be published. Required fields are marked *