Punjab

ਭਗਵੰਤ ਮਾਨ ਸਰਕਾਰ ਲੋਕਾਂ ਦੇ ਦੁਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਦੇ ਸੇਵਾ ਕੇਂਦਰ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਹੈ। ਹੁਣ ਸੇਵਾ ਕੇਂਦਰਾਂ ਵਿੱਚ 100 ਤੋਂ ਵੱਧ ਨਵੀਆਂ ਸੇਵਾਵਾਂ ਉਪਲੱਬਧ ਹੋਣਗੀਆਂ। ਹੁਣ ਤੱਕ ਸੇਵਾ ਕੇਂਦਰਾਂ ‘ਤੇ 380 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਸੇਵਾ ਕੇਂਦਰਾਂ ਉੱਤੇ 280 ਤਰ੍ਹਾਂ ਦੀਆਂ ਵੱਖ ਵੱਖ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ। ਨਵੇਂ ਫੈਸਲੇ ਨਾਲ ਗਿਣਤੀ ਵੱਧ ਕੇ ਪੌਣੇ ਚਾਰ ਸੌ ਦੇ ਕਰੀਬ ਹੋ ਗਈ ਹੈ।

ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਆਮ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ, ਲੋਕਾਂ ਨੂੰ ਪਿੰਡ-ਸ਼ਹਿਰ ਪੱਧਰ ‘ਤੇ ਸੇਵਾਵਾਂ ਦੇਣ ਲਈ ਅੱਜ ਪੰਜਾਬ ਦੇ ਸੇਵਾ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ‘ਚ ਵਾਧਾ ਕਰਦਿਆਂ 100 ਤੋਂ ਜ਼ਿਆਦਾ ਸੇਵਾਵਾਂ ਹੋਰ ਸ਼ੁਰੂ ਕੀਤੀਆਂ ਹਨ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ ਅਤੇ ਆਪਣੇ ਕੰਮਾਂ ਲਈ ਲੋਕਾਂ ਨੂੰ ਖੱਜਲ-ਖ਼ੁਆਰ ਨਹੀਂ ਹੋਣਾ ਪਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਵੀ ਮੀਟਿੰਗ ਕੀਤੀ। ਮਾਨ ਨੇ ਟਵੀਟ ਕਰਕੇ ਕਿਹਾ ਕਿ ਮੀਟਿੰਗ ਵਿੱਚ E-Office ਦੇ ਕਲਚਰ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ ਗਈ ਹੈ। ਆਮ ਲੋਕਾਂ ਨੂੰ ਸਹੂਲਤਾਂ ਉਨ੍ਹਾਂ ਦੇ ਦੁਆਰ ਪਹੁੰਚਾਉਣ ਲਈ, ਸਰਕਾਰੀ ਦਫ਼ਤਰਾਂ ‘ਚ ਫਾਈਲਾਂ ਦਾ ਭਾਰ ਘਟਾਉਣ ਅਤੇ ਕੰਮ-ਕਾਜ ਨੂੰ E-Office ਵੱਲ ਲੈ ਕੇ ਜਾਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।

ਉਹਨਾਂ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਸੂਬੇ ‘ਚ ਬਹੁਤ ਸਾਰੀਆਂ ਖੂਬਸੂਰਤ ਥਾਂਵਾਂ ਹਨ, ਜੋ ਕਿ ਸੈਰ-ਸਪਾਟੇ ਲਈ ਵੱਡਾ ਕੇਂਦਰ ਬਣ ਸਕਦੀਆਂ ਹਨ। ਇਸ ਦੀ ਸ਼ੁਰੂਆਤ ਰਣਜੀਤ ਸਾਗਰ ਡੈਮ ਦੇ ਵਿਕਾਸ ਪ੍ਰੋਜੈਕਟ ਤੋਂ ਕਰਨ ਜਾ ਰਹੇ ਹਾਂ, ਜਿਸ ਨੂੰ ਮਿੰਨੀ ਆਇਰਲੈਂਡ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਧਿਕਾਰੀਆਂ ਨਾਲ ਇਸ ਪ੍ਰੋਜੈਕਟ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਗਈ ਹੈ।

ਇਸਦੇ ਨਾਲ ਹੀ ਸੂਬੇ ਭਰ ਦੇ ਬੱਚਿਆਂ ਦਾ ਲਾਜ਼ਮੀ ਟੀਕਾਕਰਨ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 5 ਸਾਲ ਦੀ ਉਮਰ ਦੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਮੋਬਾਈਲ ਫੋਨਾਂ ‘ਤੇ ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ ਸੰਦੇਸ਼ ਭੇਜਣ ਦੀ ਸ਼ੁਰੂਆਤ ਕੀਤੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਵੱਡੇ ਕਾਰਜ ਨੂੰ ਇੱਕ ਮੁਹਿੰਮ ਵਜੋਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟੀਕਾਕਰਨ ਦੀ ਸਮਾਂ-ਸਾਰਣੀ ਅਤੇ ਨਜ਼ਦੀਕੀ ਟੀਕਾਕਰਨ ਕੇਂਦਰ ਦੇ ਵੇਰਵਿਆਂ ਵਾਲਾ ਸੁਨੇਹਾ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਆਪਣੇ ਆਪ ਭੇਜ ਦਿੱਤਾ ਜਾਇਆ ਕਰੇਗਾ। ਇਹ ਸਹੂਲਤ ਪੰਜਾਬ ਦੀ ਟੀਕਾਕਰਨ ਸਥਿਤੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ‘ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ 1 ਮਹੀਨੇ ਪਹਿਲਾਂ, 1 ਹਫ਼ਤੇ ਅਤੇ ਇੱਕ ਦਿਨ ਪਹਿਲਾਂ ਮਾਪਿਆਂ ਨੂੰ ਫ਼ੋਨ ‘ਤੇ ਅਲਰਟ ਮੈਸੇਜ ਭੇਜੇ ਜਾਣਗੇ। ਮਾਨ ਨੇ ਕਿਹਾ ਕਿ ਸਾਡਾ ਟੀਚਾ ਬੱਚਿਆਂ ਨੂੰ ਬਿਮਾਰੀ ਮੁਕਤ ਅਤੇ ਹਰ ਪੱਖੋਂ ਤੰਦਰੁਸਤ ਰੱਖਣਾ ਹੈ।