Punjab

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਤੇ ਭੜਕੋ ਲੌਂਗੋਵਾਲ, ਸਰਕਾਰ ਨੂੰ ਬਾਰੀਕੀ ਨਾਲ ਜਾਂਚ ਕਰਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਜ਼ਿਲ੍ਹਾ ਸਿਰਸਾ ‘ਚ ਪੈਂਦੇ ਪਿੰਡ ਸੰਤ ਨਗਰ (ਢਾਣੀ ਚੇਲੇਵਾਲੀ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਹੇਰਾਂ ਦੇ ਗੁਰਦੁਆਰਾ ਸਾਹਿਬ ‘ਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਦੁੱਖ ਦਾ ਪ੍ਰਗਟਾਇਆ ਹੈ।

ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਸਰਬਸਾਂਝੇ ਗੁਰੂ ਹਨ, ਅਤੇ ਇਸ ਪਾਵਨ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਟੀਮ ਤੁਰੰਤ ਮੌਕੇ ’ਤੇ ਭੇਜੀ ਗਈ ਸੀ। ਟੀਮ ਵੱਲੋਂ ਮੁਕੰਮਲ ਜਾਣਕਾਰੀ ਪ੍ਰਾਪਤ ਕਰਕੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਦਿੱਤੀ ਗਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰ ਸਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਾ ਦਿੱਤਾ ਗਿਆ।

ਇਸੇ ਦੌਰਾਨ ਭਾਈ ਲੌਂਗੋਵਾਲ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਹੇਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ’ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸੁਚੇਤ ਕੀਤਾ ਗਿਆ ਹੈ। ਪਰ ਫਿਰ ਵੀ ਅਜਿਹੀਆਂ ਘਟਨਾਵਾਂ ਦਾ ਵਾਪਰ ਜਾਣਾ ਵੱਡੀ ਅਣਗਹਿਲੀ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਤੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਪਾਲਕੀ ਸਾਹਿਬ ਤੇ ਸੁਖਆਸਣ ਅਸਥਾਨ ਨੇੜੇ ਬਿਜਲੀ ਯੰਤਰਾਂ ਦੀ ਵਰਤੋਂ ਨਾ ਕਰਨ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ।