Punjab

ਸਨੌਰ ਦੇ ਪ੍ਰਾਇਵੇਟ ਸਕੂਲ ਨੇ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫ਼ੀਸ ਮੁਆਫ ਕਰਨਾ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਪਟਿਆਲਾ ਦੇ ਕਸਬਾ ਸਨੌਰ ਅਧੀਨ ਪੈਂਦੇ ‘ਜਸਦੇਵ ਪਬਲਿਕ ਸਕੂਲ ਕੌਲੀ’ ਵੱਲੋਂ ਕੋਰੋਨਾ ਦੌਰਾਨ ਵਿਦਿਆਰਥੀਆਂ ਦੇ ਮਾਪਿਆ ਦੀ ਆਰਥਿਕ ਤੰਗੀ ਨੂੰ ਵੇਖਦਿਆਂ ਸਾਲ ਦੇ ਅੰਤ ਤੱਕ ਪੂਰੀ ਫ਼ੀਸ ਮੁਆਫ਼ ਕਰਨ ਦਾ ਵੱਡਾ ਐਲਾਨ ਕੀਤਾ ਹੈ।

ਸਕੂਲ ਦੀ ਪ੍ਰਿੰਸੀਪਲ ਅਨੂਪਿੰਦਰ ਕੌਰ ਸੰਧੂ ਨੇ ਕਿਹਾ ਕਿ ਕੋਰੋਨਾ ਵਿਦਿਆਰਥੀਆਂ ਦੇ ਮਾਪੇ ਬੇਹੱਦ ਆਰਥਿਕ ਤੰਗੀ ਵਿੱਚੋਂ ਲੰਘ ਰਹੇ ਹਨ। ਜਿਸ ਨੂੰ ਮਹਿਸੂਸ ਕਰਦਿਆਂ ਸਕੂਲ ਵੱਲੋਂ ਅਗਸਤ ਤੋਂ ਦਸੰਬਰ ਤੱਕ ਦੀ ਬੱਚਿਆਂ ਦੀ ਫੀਸਾਂ ਨੂੰ ਮੁਆਫ ਕਰ ਦਿੱਤਾ ਹੈ। ਪ੍ਰਿੰਸੀਪਲ ਅਨੂਪਿੰਦਰ ਕੌਰ ਨੇ ਕਿਹਾ ਕਿ ਸਕੂਲ ਪ੍ਰਬੰਧਕ ਸਮਝਦੇ ਹਨ ਕਿ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਨ੍ਹਾਂ ਦਿਨਾਂ ਵਿੱਚ ਰੁਜ਼ਗਾਰ ਠੱਪ ਪੈ ਗਿਆ ਜਿਸ ਲਈ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਸਕਦੇ। ਜਿਸ ਨੂੰ ਵੇਖਦਿਆਂ ਸਕੂਲ ਦੀ ਮੈਨੇਜਮੈਂਟ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੇ ਹੋਰ ਬੱਚੇ ਸਕੂਲ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ, ਪਰ ਆਰਥਿਕ ਤੰਗੀ ਕਾਰਨ ਸਕੂਲ ਫੀਸ ਦੇਣ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਤੋਂ ਵੀ ਸਾਲ ਦੇ ਅੰਤ ਤੱਕ ਫ਼ੀਸ ਨਹੀਂ ਲਈ ਜਾਵੇਗੀ। ਸਕੂਲ ਦੇ ਵਿਦਿਆਰਥੀ ਦੇ ਪਿਤਾ ਹਰਵਿੰਦਰ ਸਿੰਘ ਸਣੇ ਕਈ ਹੋਰਨਾਂ ਨੇ ਮੈਨੇਜਮੈਂਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।