Punjab

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਇਆ ਹਮਲਾ, ਗੱਡੀ ਨੂੰ ਘੇਰਿਆ

‘ਦ ਖ਼ਾਲਸ ਬਿਊਰੋ:- ਜਲੰਧਰ ਤੋਂ ਪਠਾਨਕੋਟ ਜਾ ਰਹੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ਨੂੰ ਜਾਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਘੇਰ ਲਿਆ ਤੇ ਇਸ ਦੌਰਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਵੀ ਹੋਇਆ। ਸੁਰੱਖਿਆ ਕਰਮੀਆਂ ਨੇ ਸ਼ਰਮਾ ਨੂੰ ਕਾਫੀ ਮੁਸ਼ਕਿਲਾਂ ਨਾਲ ਬਚਾਇਆ। ਹਮਲੇ ਦੌਰਾਨ ਸ਼ਰਮਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ।

ਕੱਲ੍ਹ ਰਾਤ ਕਰੀਬ ਪੌਣੇ 8 ਵਜੇ ਭਾਜਪਾ ਪ੍ਰਧਾਨ ਜਦੋਂ ਜਲੰਧਰ ਵਿੱਚ ਪਾਰਟੀ ਦੀ ਮੀਟਿੰਗ ਕਰ ਕੇ ਪਠਾਨਕੋਟ ਜਾ ਰਹੇ ਸਨ ਤਾਂ ਰਸਤੇ ਵਿੱਚ ਚੌਲਾਂਗ ਟੋਲ ਪਲਾਜ਼ਾ ’ਤੇ ਉਨ੍ਹਾਂ ਦੀ ਕਰੇਟਾ ਗੱਡੀ ’ਤੇ ਪੱਥਰਾਂ ਤੇ ਬੇਸ ਬਾਲ ਬੱਲਿਆਂ ਨਾਲ ਹਮਲਾ ਹੋਇਆ। ਸ਼ਰਮਾ ਤਾਂ ਵਾਲ-ਵਾਲ ਬਚ ਗਏ ਪਰ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਭਾਜਪਾ ਆਗੂ ਮੌਕੇ ’ਤੇ ਪਹੁੰਚ ਗਏ। ਸ਼ਰਮਾ ਖੁਦ ਆਪਣੀ ਸ਼ਿਕਾਇਤ ਲਿਖਵਾਉਣ ਲਈ ਦਸੂਹਾ ਥਾਣੇ ਪੁੱਜੇ ਪਰ ਪੁਲਿਸ ਨਾਲ ਤਕਰਾਰ ਹੋਣ ’ਤੇ ਭਾਜਪਾ ਆਗੂ ਭੜਕ ਗਏ ਅਤੇ ਰੋਸ ਵਜੋਂ ਥਾਣੇ ਦੇ ਬਾਹਰ ਧਰਨੇ ’ਤੇ ਬੈਠ ਗਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਦੋ ਹੋਰ ਗੱਡੀਆਂ ਪਿੱਛਾ ਕਰ ਰਹੀਆਂ ਸਨ, ਜਿਵੇਂ ਹੀ ਟੌਲ ਪਲਾਜ਼ਾ ’ਤੇ ਉਨ੍ਹਾਂ ਦੀ ਗੱਡੀ ਹੌਲੀ ਹੋਈ ਤਾਂ ਕਾਰ ਸਵਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਸਿੱਧੇ ਤੌਰ ’ਤੇ ਇਸ ਹਮਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸ਼ਹਿ ’ਤੇ ਭਾਜਪਾ ਆਗੂਆਂ ਦੇ ਘਿਰਾਓ ਹੋ ਰਹੇ ਹਨ।

ਅਸ਼ਵਨੀ ਸ਼ਰਮਾ ਦੀ ਗੱਡੀ ’ਤੇ ਹਮਲੇ ਨੂੰ ਲੈ ਕੇ ਭਾਜਪਾ ਪਾਰਟੀ ਦੇ ਆਗੂਆਂ ਨੇ ਕੈਪਟਨ ਸਰਕਾਰ ਵੱਲ ਉਂਗਲ ਕੀਤੀ ਹੈ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਕਿਸਾਨਾਂ ਨੇ ਨਹੀਂ, ਸਗੋਂ ਸਰਕਾਰ ਦੇ ਇਸ਼ਾਰੇ ਉੱਤੇ ਹੋਇਆ ਹੈ। ਉਨ੍ਹਾਂ ਇਸ ਹਮਲੇ ਨੂੰ ਸਰਕਾਰ ਦੀ ਸਾਜਿਸ਼ ਕਰਾਰ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ਹਮਲਾ ਕਰਨ ਵਾਲੇ ਕਿਸਾਨ ਕਦੇ ਨਹੀਂ ਹੋ ਸਕਦੇ। ਉਨ੍ਹਾਂ ਦੱਸਿਆ ਕਿ ਉਹ ਅਕਸਰ ਇਸ ਰੂਟ ਤੋਂ ਲੰਘਦੇ ਹਨ ਪਰ ਟੌਲ ਪਲਾਜ਼ਾ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਨਾਅਰੇਬਾਜ਼ੀ ਤੋਂ ਇਲਾਵਾ ਕਦੀ ਕੁੱਝ ਨਹੀਂ ਕਿਹਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਬਾਰੇ ਡੀਜੀਪੀ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਤੁਰੰਤ ਐਕਸ਼ਨ ਲਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।