Punjab

ਕੈਪਟਨ ਪਰਿਵਾਰ ਦੇ ਨਜ਼ਦੀਕੀ ਡਾ. ਯੋਗਰਾਜ ਬਣੇ ‘PSEB’ ਦੇ ਨਵੇਂ ਚੇਅਰਮੈਨ

‘ਦ ਖ਼ਾਲਸ ਬਿਊਰੋ :- ਸੂਬਾ ਸਰਕਾਰ ਨੇ ਅੱਜ 29 ਜੁਲਾਈ ਨੂੰ ਉੱਘੇ ਸਿੱਖਿਆ ਸ਼ਾਸਤਰੀ ਡਾ. ਯੋਗਰਾਜ (59) ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਕਈ ਚੀਰਾਂ ਤੋਂ ਇੱਕ ਪੱਕੇ ਨਵੇਂ ਚੇਅਰਪਰਸਨ ਦੀ ਭਾਲ ਕੀਤੀ ਜਾ ਰਹੀ ਸੀ, ਜੋ ਕਿ ਆਖਰਕਾਰ ਹੁਣ ਮੁੱਕ ਗਈ ਹੈ। ਕੈਪਟਨ ਸਰਕਾਰ ਦੇ ਅੱਜ ਤਾਜ਼ਾ ਹੁਕਮਾਂ ਦੇ ਤਹਿਤ ਜਲਦੀ ਹੀ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਡਾਕਟਰ ਯੋਗਰਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਨਜ਼ਦੀਕੀ ਹਨ ਤੇ ਉਨ੍ਹਾਂ ਨੂੰ ਬੋਰਡ ਦੀ ਚੇਅਰਮੈਨੀ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਦੇ ਕੋਟੇ ’ਚੋਂ ਮਿਲੀ ਹੈ। ਉਨ੍ਹਾਂ ਨੇ ਦਸਵੀਂ ਵੀ ਇਸੇ ਬੋਰਡ ਤੋਂ ਕੀਤੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PHD ਕੀਤੀ। ਇੱਥੋਂ ਹੀ ਡਾ. ਯੋਗਰਾਜ ਨੇ M.A ਪੰਜਾਬੀ/ਹਿੰਦੀ ਕੀਤੀ। ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਹ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਅੰਬਾਲਾ ਕੈਂਟ ‘ਚ 08-09-1987 ਤੋਂ 31-03-1988 ਤੱਕ ਲੈਕਚਰਾਰ ਰਹੇ। 25-07-1989 ਤੋਂ 11-05-1994 (4 ਸਾਲ 10 ਮਹੀਨੇ) ਤੱਕ YPS ਪਟਿਆਲਾ ‘ਚ ਅਧਿਆਪਕ ਰਹੇ। ਕਰੀਬ 30 ਸਾਲ ਦਾ ਤਜਰਬਾ ਰੱਖਣ ਵਾਲੇ ਡਾਕਟਰ ਯੋਗਰਾਜ ਸਾਢੇ 18 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਪ੍ਰੋਫੈਸਰ ਤੇ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹਨ ਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦਾ ਚਾਰਜ ਵੀ ਸੌਂਪਿਆ ਗਿਆ ਸੀ।

ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਜੁਲਾਈ ਦੇ ਪਹਿਲੇ ਹਫ਼ਤੇ ਚੇਅਰਮੈਨ ਦੀ ਨਿਯੁਕਤੀ ਲਈ ਪੰਜ ਉਮੀਦਵਾਰ ਸ਼ਾਟ ਲਿਸਟ ਕੀਤੇ ਸਨ, ਜਿਨ੍ਹਾਂ ‘ਚ ਡਾ. ਯੋਗਰਾਜ ਦਾ ਨਾਮ ਸਭ ਤੋਂ ਉੱਤੇ ਸੀ। ਪਿਛਲੇ ਸਾਲ ਤੋਂ ਬੋਰਡ ਦਾ ਕੰਮ ਰੱਬ ਆਸਰੇ ਚੱਲ ਰਿਹਾ ਸੀ। ਪਿਛਲੇ ਸਾਲ 25 ਨਵੰਬਰ 2019 ਨੂੰ ਬੋਰਡ ਦੇ ਤਤਕਾਲੀ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਉਮਰ 66 ਸਾਲ ਦੀ ਹੋਣ ਕਾਰਨ ਉਹ ਇੱਕ ਦਿਨ ਪਹਿਲਾਂ 24 ਨਵੰਬਰ ਨੂੰ ਛੁੱਟੀ ’ਤੇ ਚਲੇ ਗਏ ਸੀ। ਇਸ ਮਗਰੋਂ ਸਰਕਾਰ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੋਰਡ ਦਾ ਦਫ਼ਤਰੀ ਕੰਮ ਚਲਾਉਣ ਲਈ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਸੀ। ਪ੍ਰੰਤੂ ਉਨ੍ਹਾਂ ਕੋਲ ਪਹਿਲਾਂ ਹੀ ਸਿੱਖਿਆ ਵਿਭਾਗ ਦਾ ਵਾਧੂ ਕੰਮ ਹੋਣ ਕਰਕੇ ਬੋਰਡ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੀ ਬੀਤੀ 13 ਜਨਵਰੀ ਨੂੰ ਸੇਵਾਮੁਕਤ ਹੋ ਚੁੱਕੇ ਹਨ। ਇੰਝ ਹੀ ਸਕੱਤਰ ਦੀ ਆਸਾਮੀ ਦਾ ਵਾਧੂ ਚਾਰਜ DGSE ਮੁਹੰਮਦ ਤਈਅਬ ਨੂੰ ਦਿੱਤਾ ਹੋਇਆ ਹੈ।