India Khaas Lekh Punjab

ਖ਼ਾਸ ਰਿਪੋਰਟ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੌਰਾਨ ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ, ਪਰ ਮੋਦੀ ਸਰਕਾਰ ਦੀ ਹੈਂਕੜ ਬਰਕਰਾਰ

’ਦ ਖ਼ਾਲਸ ਬਿਊਰੋ: ਪੰਜਾਬ-ਹਰਿਆਣਾ ਤੋਂ ਉੱਠੇ ਕਿਸਾਨ ਸੰਘਰਸ਼ ਦੀ ਲਹਿਰ ਹੁਣ ਪੂਰੇ ਭਾਰਤ ਵਿੱਚ ਫੈਲ ਗਈ ਹੈ। ਹੁਣ ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਸੂਬੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਆ ਖਲੋਤੇ ਹਨ। ਅਫ਼ਸੋਸ ਦੀ ਗੱਲ ਹੈ ਕਿ ਦਿੱਲੀ ਕੂਚ ਦੌਰਾਨ ਕਿਸਾਨਾਂ ਨੂੰ ਇੰਨੇ ਪਾਲ਼ੇ ਵਿੱਚ ਵੀ ਠੰਢੇ ਪਾਣੀ ਦੀਆਂ ਬੁਛਾੜਾਂ, ਹੰਝੂ ਗੈਸ, ਲਾਠੀਆਂ ਤੇ ਕਈ ਹੋਰ ਅੜਿੱਕਿਆਂ ਦਾ ਵੀ ਸਾਹਮਣਾ ਕਰਨਾ ਪਿਆ, ਹਾਲ਼ੇ ਵੀ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਇਸ ਸਮੁੱਚੇ ਸੰਘਰਸ਼ ਦੌਰਾਨ ਹੁਣ ਤਕ ਇੱਕ ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਪਰ ਮੋਦੀ ਸਰਕਾਰ ਹੈ ਕਿ ਉਸ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ।

ਕਿਸਾਨਾਂ ਦੇ ‘ਦਿੱਲੀ ਚੱਲੋ ਅੰਦੋਲਨ’ ਦੀ ਚੁਫੇਰੇ ਚਰਚਾ ਹੋ ਰਹੀ ਹੈ। ਪਰ ਪੀਐਮ ਨਰੇਂਦਰ ਮੋਦੀ ਤੇ ਉਨ੍ਹਾਂ ਦੇ ਬਾਕੀ ਮੰਤਰੀ ਫਿਲਹਾਲ ਹੈਦਰਾਬਾਦ ਵਿੱਚ ਹੋਣ ਵਾਲੀ ਚੋਣਾਂ ਦੇ ਪ੍ਰਚਾਰ ਵਿੱਚ ਮਸਰੂਫ਼ ਹਨ। ਚੋਣ ਪ੍ਰਚਾਰ ਦੌਰਾਨ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਕੋਰੋਨਾ ਨੂੰ ਛਿੱਕੇ ਟੰਗ ਗੱਜ-ਵੱਜ ਕੇ ਪ੍ਰਚਾਰ ਕੀਤਾ ਰਿਹਾ ਹੈ, ਪਰ ਕਿਸਾਨਾਂ ਨੂੰ ਕੋਰੋਨਾ ਦਾ ਬਹਾਨਾ ਲੈ ਕੇ ਦਿੱਲੀ ਵੜਨ ਤੋਂ ਮਨ੍ਹਾ ਕਰਦਿਆਂ ਥਾਂ-ਥਾਂ ਉਨ੍ਹਾਂ ਦੇ ਰਾਹ ਵਿੱਚ ਟੋਏ ਪੁੱਟੇ ਗਏ।

ਇੰਨੇ ਵੱਡੇ ਕਿਸਾਨ ਅੰਦੋਲਨ ਦੇ ਬਾਵਜੂਦ ‘ਮਨ ਕੀ ਬਾਤ’ ਵਿੱਚ ਵੀ ਪੀਐਮ ਮੋਦੀ ਨੇ ਖੇਤੀ ਕਾਨੂੰਨਾਂ ਦੇ ਹੀ ਸੋਹਲੇ ਗਾਏ, ਕਿਸਾਨਾਂ ਦੇ ਸੰਘਰਸ਼ ਬਾਰੇ ਇੱਕ ਸ਼ਬਦ ਤਕ ਨਹੀਂ ਬੋਲਿਆ। ਅੱਜ ਬਨਾਰਸ ਵਿੱਚ ਵੀ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ। ਨੈਸ਼ਨਲ ਮੀਡੀਆ ਵੀ ਕਿਸਾਨੀ ਅੰਦੋਲਨ ਖ਼ਾਲਿਸਤਾਨ ਅਤੇ ਸਿਆਸੀ ਮੁੱਦੇ ਨਾਲ ਜੋੜ ਕੇ ਪੇਸ਼ ਕਰ ਰਿਹਾ ਹੈ। ਕੁਝ ਬੀਜੇਪੀ ਪੱਖੀ ਫ਼ਿਲਮੀ ਸਿਤਾਰੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਿਆਂ ਸਿਆਸੀ ਰੋਟੀਆਂ ਸੇਕ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਕਲਾਕਾਰਾਂ ਨੇ ਠੋਕਵਾਂ ਜਵਾਬ ਵੀ ਦੇ ਦਿੱਤਾ ਹੈ।

ਇਸ ਸਭ ਅੜਿੱਕਿਆਂ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨਾਂ ਨੇ ਸਾਫ ਕਿਹਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਦਿੱਲੀ ਦਾ ਨੱਕ ਬੰਦ ਕਰ ਕੇ ਰੱਖਣਗੇ। ਉਨ੍ਹਾਂ ਸਾਫ ਕੀਤਾ ਹੈ ਕਿ ਅੰਦੋਲਨ ਚਾਹੇ ਕਿੰਨਾ ਵੀ ਲੰਮਾ ਪੈ ਜਾਵੇ, ਚਾਹੇ ਸ਼ਹਾਦਤਾਂ ਦੇਣੀਆਂ ਪੈਣ, ਪਰ ਪਿੱਛੇ ਨਹੀਂ ਹਟਾਂਗੇ। ਇਸ ਖ਼ਾਸ ਰਿਪੋਰਟ ਵਿੱਚ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਸ਼ਹਾਦਤ ਪਾਏ ਕਿਸਾਨਾਂ ਬਾਰੇ ਦੱਸਾਂਗੇ।

‘ਦਿੱਲੀ ਚੱਲੋ ਅੰਦੋਲਨ’ ਦੌਰਾਨ ਕਾਰ ਵਿੱਚ ਅੱਗ ਲੱਗਣ ਨਾਲ ਮਕੈਨਿਕ ਦੀ ਮੌਤ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਦੇ ਦਿੱਲੀ ਜਾ ਰਹੇ ਕਾਫ਼ਲੇ ਵਿੱਚ ਟਰੈਕਟਰਾਂ ਦੀ ਮੁਫ਼ਤ ਮੁਰੰਮਤ ਕਰਨ ਦੀ ਸੇਵਾ ਨਿਭਾਅ ਰਹੇ ਮਕੈਨਿਕ ਜਨਕ ਰਾਜ ਦੀ ਮੌਤ ਹੋ ਗਈ। ਬੀਤੇ ਦਿਨ ਸਵੇਰੇ ਉਸ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਸੋਸ਼ਲ ਮੀਡੀਆ ’ਤੇ ਇੱਕ ਮੁਹਿੰਮ ਚਲਾਈ ਗਈ। ਧਨੌਲਾ (ਬਰਨਾਲਾ) ਤੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੈਂਬਰ ਅਤੇ ਕਿਸਾਨ ਅੰਦੋਲਨ ‘ਚ ਟਰੈਕਟਰ ਰਿਪੇਅਰ ਦੀ ਸੇਵਾ ਨਿਭਾਅ ਰਹੇ ਜਨਕ ਰਾਜ ਦੇ ਦਿੱਲੀ-ਹਰਿਆਣਾ ਸਰਹੱਦ ‘ਤੇ ਬਹਾਦਰਗੜ੍ਹ ਨੇੜੇ ਗੱਡੀ ਨੂੰ ਅੱਗ ਲੱਗਣ ਕਰਕੇ ਮੌਤ ਹੋ ਗਈ ਸੀ।

ਬੀਕੇਯੂ ਏਕਤਾ ਉਗਰਾਹਾਂ ਦੇ ਕਾਫ਼ਲੇ ’ਚ ਸ਼ਾਮਲ ਜਨਕ ਰਾਜ ਦੀ ਗੱਡੀ ਨੂੰ ਰਾਤ ਉਸ ਵੇਲੇ ਅੱਗ ਲੱਗ ਗਈ ਜਦੋਂ ਉਹ ਇੱਕ ਸਵਿਫ਼ਟ ਕਾਰ ’ਚ ਸੁੱਤਾ ਪਿਆ ਸੀ। ਦੇਰ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਉਸ ਦੀ ਕਾਰ ਅੰਦਰ ਹੀ ਮੌਤ ਹੋ ਗਈ।
ਆਮ ਆਦਮੀ ਪਾਰਟੀ ਨੇ ਮਾਨਵਤਾ ਦੀ ਸੇਵਾ ਕਰ ਰਹੇ ਇਸ ਗ਼ਰੀਬ ਦੇ ਪਰਿਵਾਰ ਦੀ ਆਰਥਿਕ ਮੱਦਦ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾਈ। ਆਪਣੇ ਟਵੀਟ ’ਚ ਆਮ ਆਦਮੀ ਪਾਰਟੀ ਨੇ ਇੱਕ ਲਿੰਕ ਵੀ ਦਿੱਤਾ ਜਿੱਥੇ ਜਾ ਕੇ ਲੋਕ ਦਾਨ ਕਰ ਸਕਦੇ ਹਨ।

ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਜਨਕ ਰਾਜ ਦੇ ਪਰਿਵਾਰ ’ਚ ਉਸ ਦੀ ਪਤਨੀ, ਪੁੱਤਰ ਅਤੇ ਧੀ ਸ਼ਾਮਲ ਹਨ। ਜਨਕ ਰਾਜ ਮਗਰੋਂ ਉਸ ਦੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਪੁੱਤਰ ’ਤੇ ਆ ਪਈ ਹੈ ਜੋ ਕਿ ਟਿਊਸ਼ਨਾਂ ਪੜ੍ਹਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ।

ਦਿੱਲੀ ਜਾ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਕਿਸਾਨ ਦੀ ਮੌਤ

‘ਦਿੱਲੀ ਚੱਲੋ’ ਦੇ ਸੱਦੇ ’ਤੇ ਕੌਮੀ ਰਾਜਧਾਨੀ ਜਾ ਰਹੇ ਕਿਸਾਨਾਂ ਦੇ ਇੱਕ ਟਰੈਕਟਰ ਨੂੰ ਸ਼ੁੱਕਰਵਾਰ ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ’ਚ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ’ਚ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਟੱਕਰ ਤੜਕੇ ਭਿਵਾਨੀ ਦੇ ਮੁੰਡਹਾਲ ’ਚ ਹੋਈ ਜਦੋਂ ਟਰੱਕ ਨੇ ਇੱਕ ਪੁਲਿਸ ਬੈਰੀਕੇਡ ਕੋਲ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਫਿਲਹਾਲ ਹਰਿਆਣਾ ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਦਿੱਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਧੰਨਾ ਸਿੰਘ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਸੀ ਅਤੇ ਘਟਨਾ ਵਾਲੀ ਥਾਂ ’ਤੇ ਹੀ ਉਸ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਭਿਵਾਨੀ ਸਥਿਤ ਹਸਪਤਾਲ ’ਚ ਲੈ ਗਈ। ਮ੍ਰਿਤਕ ਧੰਨਾ ਸਿੰਘ ਦੀ ਉਮਰ ਲਗਭਗ 40 ਸਾਲ ਦੱਸੀ ਗਈ ਹੈ।

ਟੋਲ ਪਲਾਜ਼ਾ ’ਤੇ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਆ ਰਹੇ ਕਿਸਾਨ ਦੀ ਮੌਤ

ਪਿੰਡ ਧਨੇਰ ਦੇ ਸਰਗਰਮ ਵਰਕਰ ਕਾਹਨ ਸਿੰਘ ਦੀ 26 ਨਵੰਬਰ ਨੂੰ ਮੌਤ ਹੋ ਗਈ। ਮੌਸਮ ਖਰਾਬ ਹੋਣ ਕਰਕੇ ਧਰਨੇ ‘ਤੇ ਬੈਠੇ ਕਿਸਾਨਾਂ ਲਈ ਇਹ ਕਿਸਾਨ ਨੇੜਲੇ ਪਿੰਡ ਦੇ ਇੱਕ ਗੁਦਾਮ ਤੋਂ ਤਰਪਾਲ ਲੈਣ ਗਏ ਸਨ। ਤਰਪਾਲ ਲੈ ਕੇ ਵਾਪਿਸ ਆਉਂਦੇ ਸਮੇਂ ਮੋਰਚੇ ਨੇੜੇ ਹੀ ਇੱਕ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਕਾਹਨ ਸਿੰਘ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਟੋਲ ਪਲਾਜ਼ਾ ਅੱਗੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਸ਼ਾਮਲ ਸਨ।

ਕਿਸਾਨ ਆਗੂ ਮਨਜੀਤ ਧਨੇਰ ਮੁਤਾਬਕ ਕਾਹਨ ਸਿੰਘ ਧਨੇਰ ਲਗਾਤਾਰ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਦੇ ਆ ਰਹੇ ਸਨ, ਅਤੇ ਮੌਤ ਵਾਲੇ ਦਿਨ ਵੀ ਉਹ ਹਾਦਸੇ ਸਮੇਂ ਕਿਸਾਨ ਮੋਰਚੇ ਲਈ ਤਰਪਾਲ ਦਾ ਪ੍ਰਬੰਧ ਕਰ ਰਹੇ ਸਨ। ਇਸ ਲਈ ਉਹ ਕਿਸਾਨ ਲਹਿਰ ਦੇ ਸ਼ਹੀਦ ਹਨ।

ਪੰਜਾਬ ਵਿੱਚ ਚੱਲੇ ਕਿਸਾਨ ਸੰਘਰਸ਼ ਦੌਰਾਨ ਦਿਲ ਦਾ ਦੌਰਾ ਪੈਣ ਨਾਲ 7 ਕਿਸਾਨਾਂ ਦੀ ਮੌਤ

5 ਅਕਤੂਬਰ ਤੋਂ 13 ਨਵੰਬਰ ਤੱਕ 5 ਕਿਸਾਨਾਂ ਦੀ ਧਰਨੇ ਦੌਰਾਨ ਮੌਤ ਹੋਈ ਸੀ। 5 ਅਕਤੂਬਰ ਨੂੰ ਪਟਿਆਲਾ ਦੇ ਪਿੰਡ ਮਹਿਮਦਪੁਰ ਜੱਟਾਂ ‘ਚ ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਹਰਬੰਸ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਬੰਸ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਸਵੇਰੇ 9.30 ਵਜੇ ਮਹਿਮਦਪੁਰ ਜੱਟਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਸੀ। ਹਰਬੰਸ ਨੇ ਕਿਸਾਨਾਂ ਨੂੰ ਸੰਬੋਧਤ ਵੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਹਸਪਤਾਲ ਲਿਜਾਣ ਸਮੇਂ ਰਸਤੇ ‘ਚ ਉਨ੍ਹਾਂ ਦੀ ਮੌਤ ਹੋ ਗਈ।

ਉਸੇ ਦਿਨ 5 ਅਕਤੂਬਰ ਨੂੰ ਬਰਨਾਲਾ ਦੇ ਮਹਿਲ ਕਲਾਂ ਵਿੱਚ ਖੇਤੀ ਕਾਨੂੰਨ ਦੇ ਖ਼ਿਲਾਫ਼ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਕਿਸਾਨ ਆਗੂ ਜਸਪਾਲ ਸਿੰਘ ਦੀ ਮੌਤ ਹੋਈ ਸੀ। ਧਰਨੇ ‘ਤੇ ਬੈਠੇ ਕਿਸਾਨਾਂ ਨੇ ਦੱਸਿਆ ਸੀ ਕਿ ਜਸਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ, ਜਸਪਾਲ ਸਿੰਘ ਲੋਕਤੰਤਰਿਕ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਨ, 68 ਸਾਲ ਦੇ ਜਸਪਾਲ ਸਿੰਘ ਮੌਤ ਤੋਂ 4 ਦਿਨਾਂ ਪਹਿਲਾਂ ਕਿਸਾਨਾਂ ਦੇ ਨਾਲ ਧਰਨੇ ‘ਤੇ ਡਟੇ ਸਨ।

10 ਅਕਤੂਬਰ ਨੂੰ ਸੰਗਰੂਰ ਦੇ ਧੂਰੀ ‘ਚ ਵੀ ਕਿਸਾਨਾਂ ਵੱਲੋਂ ਧਰਨੇ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਧੂਰੀ ‘ਚ ਵੀ ਪੈਟਰੋਲ ਪੰਪ ਦੇ ਅੱਗੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ‘ਚ ਸੰਗਰੂਰ ਦੇ ਪਿੰਡ ਨਾਗਰੀ ਦੇ ਕਿਸਾਨ ਮੇਘਰਾਜ ਸਿੰਘ ਦੀ ਮੌਤ ਹੋ ਗਈ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕਿਸਾਨ ਦੀ ਮੌਤ ਦੀ ਜ਼ਿੰਮੇਵਾਰ ਹੈ। ਖੇਤੀ ਕਾਨੂੰਨਾਂ ਕਰਕੇ ਹੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।

ਇਸੇ ਤਰ੍ਹਾਂ 15 ਅਕਤੂਬਰ ਨੂੰ ਸੰਗਰੂਰ ਵਿੱਚ ਰੇਲਵੇ ਟਰੈਕ ‘ਤੇ ਬੈਠੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ, ਜਿਸ ਦੌਰਾਨ ਕਿਸਾਨ ਲਾਭ ਸਿੰਘ ਦਾ ਰੇਲਵੇ ਟਰੈਕ ‘ਤੇ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਾਤ ਨੂੰ ਲਾਭ ਸਿੰਘ ਧਰਨੇ ‘ਤੇ ਬੈਠੇ ਸਨ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜੀ ਅਤੇ ਬਾਅਦ ਵਿੱਚ ਮੌਤ ਹੋ ਗਈ। ਮ੍ਰਿਤਕ ਸਾਭ ਸਿੰਘ ਸੰਗਰੂਰ ਦੇ ਪਿੰਡ ਭੁੱਲਰ ਹੇੜੀ ਦੇ ਰਹਿਣ ਵਾਲੇ ਸਨ।

ਉੱਥੇ ਹੀ 17 ਅਕਤੂਬਰ ਨੂੰ ਮਾਨਸਾ ਰੇਲਵੇ ਸਟੇਸ਼ਨ ਲਾਗੇ ਕਿਸਾਨਾਂ ਨੇ ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੋਇਆ ਸੀ। ਇਸ ਦੌਰਾਨ ਧਰਨੇ ‘ਚ ਸ਼ਾਮਲ ਕਿਸਾਨ ਜੁਗਰਾਜ ਸਿੰਘ (60) ਪੁੱਤਰ ਮੋਹਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਗੋਰਾ ਸਿੰਘ ਭੈਣੀਵਾਘਾ ਨੇ ਦੱਸਿਆ ਕਿ ਲਗਭਗ 11 ਵਜੇ ਧਰਨਾ ਵਾਲੀ ਥਾਂ ‘ਤੇ ਜੁਗਰਾਤ ਸਿੰਘ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਉਨ੍ਹਾਂ ‘ਤੇ ਕਰੀਬ 17 ਲੱਖ ਰੁਪਏ ਦਾ ਕਰਜ਼ਾ ਹੈ। ਤਿੰਨ ਬੱਚੇ ਹਨ ਜਦਕਿ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਇਸੇ ਤਰ੍ਹਾਂ ਫਿਰੋਜ਼ਪੁਰ ਫਾਜ਼ਿਲਕਾ ਸੜਕ ‘ਤੇ ਟੋਲ ਪਲਾਜ਼ਾ ਉੱਪਰ ਚੱਲ ਰਹੇ ਧਰਨੇ ਵਿੱਚ ਇੱਕ ਕਿਸਾਨ ਬਲਦੇਵ ਰਾਜ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕਿਸਾਨਾਂ ਅਤੇ ਪਰਿਵਾਰ ਵੱਲੋਂ ਮ੍ਰਿਤਕ ਕਿਸਾਨ ਦੀ ਦੇਹ ਨੂੰ ਸੜਕ ‘ਤੇ ਰੱਖ ਕੇ ਧਰਨਾ ਜਾਰੀ ਰੱਖਿਆ ਗਿਆ। ਕਿਸਾਨਾਂ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ, ਕਰਜ਼ਾ ਮੁਆਫੀ ਅਤੇ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਇਲਾਵਾ ਬਰਨਾਲਾ ਵਿੱਚ ਵੀ ਬੀਜੇਪੀ ਲੀਡਰ ਅਰਚਨਾ ਦੱਤ ਦੇ ਘਰ ਬਾਹਰ ਪੱਕੇ ਧਰਨੇ ‘ਤੇ ਬੈਠੇ ਇੱਕ ਕਿਸਾਨ ਆਗੂ ਦੀ ਮੌਤ ਹੋਈ। ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਿਤ ਕਿਸਾਨ ਜੋਰਾ ਸਿੰਘ ਲੰਮੇ ਵਕਤ ਤੋਂ ਅਰਚਨਾ ਦੱਤ ਦੇ ਘਰ ਬਾਹਰ ਧਰਨੇ ‘ਤੇ ਬੈਠੇ ਸੀ, ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਜੋਰਾ ਸਿੰਘ ਬਰਨਾਲਾ ਦੇ ਪਿੰਡ ਸੇਖਾ ਦਾ ਰਹਿਣ ਵਾਲੇ ਸਨ। ਉਹ ਰੋਜ਼ਾਨਾ ਆਪਣੀ ਪਤਨੀ ਦੇ ਨਾਲ ਡੇਢ ਮਹੀਨੇ ਤੋਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸਨ। ਜੋਰਾ ਸਿੰਘ ਨੂੰ ਕਿਸਾਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ।

ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀ ਮੌਤ

ਸਭ ਤੋਂ ਪਹਿਲਾਂ 18 ਸਤੰਬਰ ਨੂੰ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਦੀ ਕੋਠੀ ਦੇ ਬਾਹਰ ਕਿਸਾਨਾਂ ਵੱਲੋਂ ਲਗਾਏ ਧਰਨੇ ‘ਚ ਪ੍ਰੀਤਮ ਸਿੰਘ ਨਾਂ ਦੇ ਇਕ ਕਿਸਾਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ।

ਉੱਥੇ ਹੀ ਅੰਬਾਲਾ ਵਿਖੇ ਟਰੈਕਟਰ ਰੈਲੀ ਦੌਰਾਨ ਇੱਕ ਕਿਸਾਨ ਭਰਤ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਕਿਸਾਨ ਭਰਤ ਸਿੰਘ ਇਨ੍ਹਾਂ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ‘ਚ ਹਿੱਸਾ ਲੈਣ ਦੀ ਥਾਂ ‘ਤੇ ਭਾਜਪਾ ਵੱਲੋਂ ਕੱਢੀ ਜਾ ਰਹੀ ਟਰੈਕਟਰ ਰੈਲੀ ਦਾ ਹਿੱਸਾ ਸਨ ਪਰ ਕਿੱਤੇ ਵਜੋਂ ਕਿਸਾਨ ਹੋਣ ਕਾਰਨ ਉਹ ਵੀ ਇਸੇ ਅੰਦੋਲਨ ਦੀ ਭੇਟ ਚੜ੍ਹ ਗਏ।

ਇਸੇ ਤਰ੍ਹਾਂ ਸਤੰਬਰ ਮਹੀਨੇ ਵਿੱਚ ਪਿੰਡ ਬਾਦਲ ਦੇ ਧਰਨੇ ਤੋਂ ਪਰਤ ਰਹੇ ਕਿਸਾਨ ਦੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਬਠਿੰਡਾ ਵਿੱਚ ਬਾਦਲ ਰੋਡ ‘ਤੇ ਧਰਨੇ ਤੋਂ ਮੁੜਦੇ ਸਮੇਂ ਕਿਸਾਨਾਂ ਨਾਲ ਭਰੀ ਹੋਈ ਬੱਸ ਹਾਦਸਾਗ੍ਰਸਤ ਹੋ ਗਈ ਸੀ, ਜਿਸ ਦੌਰਾਨ 15 ਕਿਸਾਨ ਜ਼ਖਮੀ ਹੋਏ ਸਨ ਅਤੇ ਦੋ ਕਿਸਾਨਾਂ ਦੀ ਹਾਲਤ ਗੰਭੀਰ ਸੀ। ਇਹ ਕਿਸਾਨ ਬਾਦਲ ਪਿੰਡ ਤੋਂ ਮਾਨਸਾ ਵੱਲ ਜਾ ਰਹੇ ਸੀ ਕਿ ਰਸਤੇ ਵਿੱਚ ਹੀ ਇਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਇਸੇ ਤਰ੍ਹਾਂ ਬਠਿੰਡਾ ਧਰਨੇ ਦੌਰਾਨ ਕਿਸਾਨ ਪਰਿਵਾਰ ਤੋਂ ਤੇਜ ਕੌਰ ਦੀ ਕਿਸਾਨ ਸੰਘਰਸ਼ ਕਰਦਿਆਂ ਮੌਤ ਹੋ ਗਈ ਸੀ। ਕਿਸਾਨੀ ਅੰਦੋਲਨ ਦੌਰਾਨ 80 ਸਾਲਾ ਮਾਤਾ ਤੇਜ ਕੌਰ ਦੀ ਰੇਲਵੇ ਟਰੈਕ ‘ਤੇ ਧਰਨਾ ਦੇਣ ਮੌਕੇ ਮੌਤ ਹੋ ਗਈ ਸੀ। ਇੱਕ ਮਹੀਨੇ ਬਾਅਦ ਮਾਤਾ ਤੇਜ ਕੌਰ ਦਾ ਸਸਕਾਰ ਕੀਤਾ ਗਿਆ ਸੀ।

ਇਨ੍ਹਾਂ ਕਿਸਾਨਾਂ ਤੋਂ ਇਲਾਵਾ ਵੀ ਜੇ ਕੋਈ ਹੋਰ ਕਿਸਾਨ ਭਰਾ ਦੀ ਸੰਘਰਸ਼ ਦੌਰਾਨ ਮੌਤ ਹੋ ਗਈ ਹੋਵੇ, ਜਿਸ ਦਾ ਜ਼ਿਕਰ ਇਸ ਰਿਪੋਰਟ ਵਿੱਚ ਰਹਿ ਗਿਆ ਹੋਵੇ ਤਾਂ ਮੁਆਫ਼ੀ ਚਾਹੁੰਦੇ ਹਾਂ। ਤੁਸੀਂ ਇਸ ਦੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਦੇ ਸਕਦੇ ਹੋ।

ਖ਼ਾਲਸ ਟੀਵੀ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ‘ਦਿੱਲੀ ਚੱਲੋ ਅੰਦੋਲਨ’ ਵਿੱਚ ਡਟੇ ਕਿਸਾਨਾਂ ਨੂੰ ਸਲਿਊਟ ਕਰਦਾ ਹੈ। ਖ਼ਾਲਸ ਟੀਵੀ ਕਿਸਾਨ ਸੰਘਰਸ਼ ਦਾ ਸਮਰਥਕ ਹੈ।