Punjab

ਜਲ੍ਹਿਆਂਵਾਲੇ ਬਾਗ ‘ਚ ਲੱਗੀਆਂ ਅਸ਼ਲੀਲ ਤਸਵੀਰਾਂ, ਸ਼ਹੀਦਾਂ ਦੇ ਪਰਿਵਾਰਾਂ ਵਲੋਂ ਕੀਤਾ ਰੋਸ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਅਮ੍ਰਿਤਸਰ ‘ਚ ਸਥਿਤ ਜਲ੍ਹਿਆਂਵਾਲਾ ਬਾਗ ‘ਚ ਨਵੀਨੀਕਰਨ ਦਾ ਕੰਮ ਪੂਰੇ ਜੋਰਾਂ ‘ਤੇ ਚੱਲ ਰਿਹਾ ਹੈ।  ਇਸੇ ਦੌਰਾਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਲ੍ਹਿਆਂਵਾਲਾ ਬਾਗ ਦੀ ਗੈਲਰੀ ‘ਚ ਕੁੱਝ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀਆਂ ਅਸ਼ਲੀਲ ਤਸਵੀਰਾਂ ਲਗਾ ਦਿੱਤੀਆਂ ਗਈਆਂ ਹਨ।
ਅੰਮ੍ਰਿਤਸਰ ਦੇ SDM ਵਿਕਾਸ ਹੀਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਰੋਜ਼ਾਨਾ ਚੈਕਿੰਗ ਦੇ ਤਹਿਤ ਹੀ ਇੱਥੇ ਆਏ ਹਨ ਉਨ੍ਹਾਂ ਕਿਹਾ ਕਿ ਸਿਰਫ ਅਸ਼ਲੀਲ ਤਸਵੀਰਾਂ ਹੀ ਨਹੀਂ ਬਲਕਿ ਹੋਰ ਵੀ ਤਸਵੀਰਾਂ ਦੇ ਮਾਮਲੇ ਨੂੰ ਧਿਆਨ ‘ਚ ਰੱਖਦਿਆਂ ਹੋਇਆਂ, ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਜਲ੍ਹਿਆਂਵਾਲਾ ਬਾਗ ‘ਨੈਸ਼ਨਲ ਮੈਮੋਰੀਅਲ ਟਰੱਸਟ’ ਦੇ ਪ੍ਰਧਾਨ ਵੱਲ਼ੋਂ ਇਹਨਾਂ ਤਸਵੀਰਾਂ ਦਾ ਸਖ਼ਤ ਵਿਰੋਧ ਕੀਤਾ ਗਿਆ।
ਪ੍ਰਧਾਨ ਸਮੇਤ ਉੱਥੋ ਦੇ ਉਚ ਅਧਿਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤਸ਼ਾਹ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਸ਼ਹੀਦ ਉਧਮ ਸਿੰਘ ਦੇ ਬੁੱਤ ਦੇ ਬਿਲਕੁਲ ਸਾਹਮਣੇ ਟਿਕਟ ਖਿੜਕੀ ਸਥਾਪਤ ਕਰਕੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ। ਇਸ ਲਈ ਟਿਕਟ ਖਿੜਕੀ ਨੂੰ ਵੀ ਬਦਲਿਆ ਜਾਵੇ।
ਕੇਂਦਰ  ਸਰਕਾਰ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਇਸ ਦਾ ਨਵੀਨੀਕਰਨ ਕੀਤਾ ਹੈ। 15 ਫਰਵਰੀ ਨੂੰ ਜਲ੍ਹਿਆਂਵਾਲਾ ਬਾਗ ਕੰਪਲੈਕਸ ਦੇ ਨਵੀਨੀਕਰਣ ਦੀ ਸ਼ੁਰੂਆਤ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ, ਜਲ੍ਹਿਆਂਵਾਲਾ ਬਾਗ 31 ਜੁਲਾਈ ਤੋਂ ਮੁੜ ਦੁਬਾਰਾ ਨੂੰ ਖੋਲ੍ਹ ਦਿੱਤਾ ਜਾਵੇਗਾ।