Punjab

ਔਰਤਾਂ ਨੂੰ 1000 ਰੁਪਏ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ : ਹਰਪਾਲ ਚੀਮਾ

ਦ ਖ਼ਾਲਸ ਬਿਊਰੋ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੇਠਲੀ ਸਰਕਾਰ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਛੇਤੀ ਹੀ ਪੂਰਾ ਕਰੇਗੀ। ਉਨ੍ਹਾਂ ਨਿਊਜ਼18 ਦੇ ਮੈਗਾ ਲਾਈਵ ਸ਼ੋਅ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਵਾਅਦਾ ਜ਼ਰੂਰ ਪੂਰਾ ਕਰੇਗੀ, ਪਰ ਇਸ ਲਈ ਅਜੇ ਥੋੜ੍ਹਾ ਸਮਾਂ ਚਾਹੀਦਾ ਹੈ।

ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਹੈ ਕਿ ਇਹ ਜਿਹੜੀ ਗਰੰਟੀ ਹੈ ਉਹ ਵੀ ਛੇਤੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਂਵਾਂ-ਭੈਣਾਂ ਜੋ ਕਿ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਦੀਆਂ ਹਨ, ਕੋਲੋਂ ਵਾਅਦਾ ਪੂਰਾ ਕਰਨ ਲਈ ਸਮਾਂ ਮੰਗਿਆ ਗਿਆ ਹੈ ਅਤੇ ਉਨ੍ਹਾਂ ਨੇ ਸਮਾਂ ਦਿੱਤਾ ਵੀ ਹੈ।

ਉਨ੍ਹਾਂ ਕਿਹਾ ਕਿ ਸਰਕਾਰਾਂ 5 ਸਾਲਾਂ ਵਿੱਚ ਵਾਅਦੇ ਪੂਰੇ ਨਹੀਂ ਕਰ ਪਾਉਂਦੀਆਂ, ਪਰ ਅਸੀਂ ਆਪਣੇ 5 ਵੱਡੇ ਵਾਅਦਿਆਂ ਵਿਚੋਂ 4 ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਰਹਿੰਦਾ ਇਹ 1 ਵਾਅਦਾ ਵੀ ਛੇਤੀ ਪੂਰਾ ਕਰ ਦਿੱਤਾ ਜਾਵੇਗਾ।