Khalas Tv Special Punjab

ਭਾਸ਼ਾ ਦੀ ਬੇਅਦਬੀ ਨਾਲ ਕੀ ਹੱਲ ਹੋ ਜਾਵੇਗਾ ਬੇਅਦਬੀ ਦਾ ਮਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਮਾਣ-ਸਨਮਾਨ ਨੂੰ ਸੱਟ ਮਾਰਨ ਵਾਲੀਆਂ ਘਟਨਾਵਾਂ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਅਤੇ ਮੌਜੂਦਾ ਸੱਤਾਧਾਰੀ ਪਾਰਟੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ।ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੀ ਅਗੁਵਾਈ ਵਾਲੀ ਸਿਟ ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਜਿਥੇ ਸਿੱਖ ਚਿੰਤਕਾਂ ਦਾ ਕਾਨੂੰਨ ਤੋਂ ਭਰੋਸਾ ਹਿੱਲਿਆ ਹੈ, ਉੱਥੇ ਹੀ ਮੌਜੂਦਾ ਤੇ ਬੇਅਦਬੀ ਦੀਆਂ ਘਟਨਾਵਾਂ ਵੇਲੇ ਸੱਤਾ ਪਾਰਟੀ ਦਾ ਰੋਲ ਵੀ ਸਵਾਲਾਂ ਦੇ ਘੇਰੇ ਵਿਚ ਹੈ।

ਪਰ, ਨਵਾਂ ਵਿਵਾਦ ਸ਼ਿਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਵਿਚਾਲੇ ਵਧ ਰਿਹਾ ਹੈ।ਦੋਹਾਂ ਦੇ ਬਿਆਨ ਚਰਚਾ ਦਾ ਵਿਸ਼ਾ ਹਨ।ਜੌਲੀਆ ਪਿੰਡ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਕਮੇਟੀ ਨਾਲ ਬੀਬੀ ਜਗੀਰ ਕੌਰ ਵੀ ਗਏ ਸਨ।ਬੀਬੀ ਜਗੀਰ ਕੌਰ ਨੂੰ ਭਰੀ ਸਭਾ ਵਿਚ ਮਾਝੀ ਵੱਲੋਂ ਸਵਾਲ ਕੀਤੇ ਗਏ ਤੇ ਹੋ ਸਕਦਾ ਹੈ ਕਿ ਇਹ ਬੀਬੀ ਜਗੀਰ ਕੌਰ ਨੂੰ ਚੰਗਾ ਨਾ ਲੱਗਾ ਹੋਵੇ।ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮਾਝੀ ਬੀਬੀ ਜਗੀਰ ਕੌਰ ਨੂੰ ਬਕਾਇਦਾ ਲਿਖਤੀ ਸਵਾਲ ਕਰ ਰਹੇ ਹਨ। ਪਰ ਬੀਬੀ ਜਗੀਰ ਕੌਰ ਇਹ ਕਹਿ ਕੇ ਟਾਲ ਰਹੇ ਹਨ ਕਿ ਇਹ ਸਮਾਂ ਨਹੀਂ ਹੈ। ਹਾਲਾਂਕਿ ਮਾਂਝੀ ਦੇ ਸਵਾਲ ਲੈ ਕੇ ਰੱਖੇ ਵੀ ਜਾ ਸਕਦੇ ਸੀ।ਇਹ ਉਹੀ ਸਿਖ ਪ੍ਰਚਾਰਕ ਮਾਝੀ ਹਨ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਦੇ ਚਿਹਰੇ ਦੇ ਕੇਸ ਮਰਿਆਦਾ ਉੱਤੇ ਸਵਾਲ ਕੀਤੇ ਹਨ।ਖੈਰ ਇਹ ਅਲੱਗ ਮੁੱਦਾ ਹੈ ਪਰ ਇੰਨਾ ਜਰੂਰ ਹੈ ਕਿ ਮੁੱਦੇ ਅਤੇ ਸਵਾਲ ਕਈ ਵਾਰ ਮਨਾਂ ਵਿਚ ਖਟਾਸ ਦਾ ਕਾਰਣ ਜਰੂਰ ਬਣਦੇ ਹਨ।

ਸ਼ਿਰੋਮਣੀ ਸੰਸਥਾ ਦੇ ਮੁਖੀ ਦੀ ਭਾਸ਼ਾ ਕਿੱਥੋ ਤੱਕ ਜਾਇਜ

ਉੱਥੋ ਮੁੜ ਕੇ ਬੀਬੀ ਜਗੀਰ ਕੌਰ ਨੇ ਜਿਸ ਲਹਿਜੇ ਨਾਲ ਮਾਝੀ ਨੂੰ ਜਵਾਬ ਦਿੱਤਾ ਹੈ, ਉਹ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਹੈ।ਬੀਬੀ ਜਗੀਰ ਕੌਰ ਦਾ ਦੋ ਵਾਰ ਮਾਝੀ…ਮਾਝੀ ਜਿਹਾ ਕਹਿਣਾ ਬੀਬੀ ਜਗੀਰ ਕੌਰ ਵੱਲੋਂ ਬੋਲਣ ਦੀ ਮਰਿਆਦਾ ਉੱਤੇ ਸਵਾਲ ਖੜੇ ਕਰ ਰਿਹਾ ਹੈ।ਬੀਬੀ ਜਗੀਰ ਕੌਰ ਦੀਆਂ ਤਲਖੀਆਂ ਮਾਝੀ ਵੱਲੋਂ ਕੀਤੇ ਸਵਾਲ ਹੀ ਨਹੀਂ ਸਨ, ਸਗੋਂ ਉਨ੍ਹਾਂ ਤਾਂ ਇਹ ਵੀ ਕਿਹਾ ਕਿ ਅਸੀਂ ਪਿੰਡਾ ਵਿਚ ਕਿਸੇ ਨੂੰ ਵੀ ਗ੍ਰੰਥੀ ਰੱਖ ਲੈਂਦੇ ਹਾਂ।

ਪਿੰਡਾ ਦੇ ਗੁਰੂਦੁਆਰਿਆਂ ਵਿਚ ਕੋਈ ਸੇਵਾਦਰ ਨਹੀਂ, ਪਿੰਡਾ ਵਿਚ ਗ੍ਰੰਥੀ ਸਹੀ ਨਹੀਂ ਰੱਖੇ ਜਾਂਦੇ ਪਰ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਕਸੂਰ ਕਮੇਟੀ ਦਾ ਕੱਢਿਆ ਜਾਂਦਾ ਹੈ।ਹਾਲਾਂਕਿ ਇਸਨੂੰ ਖੁਲ੍ਹੇ ਤੌਰ ‘ਤੇ ਵਿਚਾਰਨਾ ਹੋਵੇ ਤਾਂ ਘਟਨਾਵਾਂ ਲਈ ਬੇਸ਼ੱਕ ਕਮੇਟੀ ਜਿੰਮੇਦਾਰ ਨਹੀਂ ਪਰ ਕਮੇਟੀ ਦਾ ਫਰਜ ਜਰੂਰ ਹੈ ਕਿ ਉਹ ਇਨ੍ਹਾਂ ਘਟਨਾਵਾਂ ਦਾ ਮੂੰਹ ਭੰਨਣ ਲਈ ਉਹ ਕਦਮ ਜਰੂਰ ਚੁੱਕੇ ਜਿਸ ਨਾਲ ਇਨ੍ਹਾਂ ਘਟਨਾਵਾਂ ਨੂੰ ਨੱਥ ਪੈ ਸਕੇ।

ਅਜਿਹੇ ਬਿਆਨ ਸੁਣ ਕੇ ਲੋਕ ਇਹੀ ਕਹਿਣਗੇ ਕਿ ਅਸੀਂ ਆਪਣੀ ਜਿੰਮੇਦਾਰੀ ਤੋਂ ਫਾਰਗ ਹੋ ਕੇ ਸੋਚ ਰਹੇ ਹਾਂ।ਪਿੰਡਾਂ ਦੀ ਕਮੇਟੀਆਂ ਨੂੰ ਜਿਥੇ ਚੱਜ ਦੇ ਪ੍ਰਬੰਧ ਕਰਨੇ ਪੈਣਗੇ, ਉੱਥੇ ਹੀ ਕਮੇਟੀ ਨੂੰ ਉਹ ਪ੍ਰਬੰਧ ਸੁਝਾਉਣੇ ਪੈਣਗੇ ਤਾਂ ਜੋ ਇਕਸਾਰ ਗੁਰਦੁਆਰਿਆਂ ਦੀ ਸੁਰੱਖਿਆ ਪੁਖਤਾ ਹੋ ਸਕੇ।ਪਿੰਡਾਂ ਦੇ ਗੁਰੂਦੁਆਰਿਆਂ ਦੇ ਪ੍ਰਬੰਧ ਪਿੰਡ ਦੇ ਲੋਕਾਂ ਦੇ ਆਪਸੀ ਸਰੋਕਾਰਾਂ ਨਾਲ ਜੁੜੇ ਹੁੰਦੇ ਹਨ।ਉੱਥੇ ਕਈ ਵਾਰ ਇਸ ਗੱਲ ਦਾ ਇਲਮ ਹੁੰਦਾ ਵੀ ਨਹੀਂ ਹੈ ਕਿ ਕੌਣ ਕਿੱਥੇ ਢਾਅ ਲਾਵੇਗਾ, ਪਰ ਕਮੇਟੀ ਨਿਯਮ ਬਣਾਵੇ ਤਾਂ ਕਿਸੇ ਪਿੰਡ ਦੇ ਗੁਰੂਦੁਆਰੇ ਦੀ ਹਿੰਮਤ ਨਹੀਂ ਕਿ ਉਸ ਨੂੰ ਲਾਗੂ ਨਾ ਕਰੇ।ਦੂਜੀ ਗੱਲ ਮੌਕੇ ਦੀ ਤਲਖੀ ਮੌਕੇ ਤੇ ਤਿਆਗਣੀ ਗਿਆਨਵਾਨ ਦੀ ਵਿਸ਼ੇਸ਼ਤਾ ਹੈ, ਪਰ ਬਾਅਦ ਵਿਚ ਉਸਨੂੰ ਰੋਹ ਵਿਚ ਆ ਕੇ ਖਿਲਾਰ ਲੈਣਾ ਵਿਵਾਦ ਦਾ ਕਾਰਣ ਬਣਦਾ ਹੈ।

ਮਾਝੀ ਦਾ ਬੀਬੀ ਜਗੀਰ ਕੌਰ ਨੂੰ ਸਿੱਧਾ ਸਵਾਲ

ਇਕ ਟੀਵੀ ਇੰਟਰਵਿਊ ਵਿਚ ਮਾਝੀ ਨੇ ਕਿਹਾ ਕਿ ਜੌਲੀਆ ਆਉਣ ਤੇ ਅਸੀਂ ਬੀਬੀ ਦਾ ਬਕਾਇਦਾ ਸਵਾਗਤ ਕੀਤਾ ਹੈ ਤੇ ਸਾਨੂੰ ਸਵਾਲ ਕਰਨ ਦਾ ਵੀ ਹੱਕ ਹੱਕ ਹੈ।ਕਿਉਂ ਕਿ ਗੁਰੂ ਸਾਹਿਬ ਦੇ ਮਾਣ ਦੀ ਹੱਤਕ ਕਰਨੀ ਕਿਸੇ ਦਾ ਨਿਜੀ ਮਸਲਾ ਨਹੀਂ ਹੈ, ਸਗੋਂ ਕੌਮ ਦਾ ਮਸਲਾ ਹੈ।ਪਰ ਹੈਰਾਨੀ ਦੀ ਗੱਲ ਹੈ ਕਿ ਲਿਖਤੀ ਜਵਾਬ ਦੇਣ ਦੀ ਥਾਂ ਅਕਾਲ ਤਖਤ ਤੇ ਦਬਕੇ ਮਾਰੇ ਜਾ ਰਹੇ ਹਨ। ਮਾਝੀ ਨੇ ਚੈਲੇਂਜ ਕੀਤਾ ਹੈ ਕਿ ਜੇਕਰ ਇਕ ਫੀਸਦ ਵੀ ਬੀਬੀ ਵਿਚ ਇਮਾਨਦਾਰੀ ਹੈ ਤਾਂ ਬੈਠ ਕੇ ਵਿਚਾਰ ਕਰ ਸਕਦੇ ਹਨ।ਸਵਾਲਾਂ ਤੋਂ ਭਗੌੜੇ ਹੋ ਕੇ ਮਸਲਾ ਹੱਲ ਨਹੀਂ ਹੋ ਸਕਦਾ।ਜੋ ਲੜ ਰਹੇ ਹਨ ਉਨ੍ਹਾਂ ਨੂੰ ਹੀ ਦੋਸ਼ੀ ਕਹਿ ਦੇਣਾ ਕਿੱਥੋ ਦੀ ਸਮਝਦਾਰੀ ਹੈ।ਹਾਲਾਂਕਿ ਇਸੇ ਇੰਟਰਵਿਊ ਵਿਚ ਆਕਾਲੀ ਲੀਡਰ ਸੁਚਾ ਸਿੰਘ ਵਲਟੋਹਾ ਨੇ ਬੇਸ਼ੱਕ ਇਹ ਕਿਹਾ ਕਿ ਇਹ ਗਲਤ ਸੀ, ਪਰ ਇਹ ਜਰੂਰ ਕਿਹਾ ਹੈ ਕਿ ਸਵਾਲ ਰੌਲਾ ਪਾ ਕੇ ਕੀਤੇ ਗਏ ਹਨ।ਪਾਸੇ ਹੋ ਕੇ ਵੀ ਕੀਤੇ ਜਾ ਸਕਦੇ ਹਨ। ਇਜਤਦਾਰ ਤਰੀਕੇ ਨਾਲ ਕੀਤੇ ਜਾ ਸਕਦੇ ਹਨ।

ਜਥੇਦਾਰ ਦੀਆਂ ਤਿੰਨ ਸ਼੍ਰੇਣੀ ਵਾਲੀਆਂ ਘਟਨਾਵਾਂ ਦਾ ਮਕਸਦ ਕੀ…

27 ਜੁਲਾਈ ਨੂੰ ਇਸੇ ਮਸਲੇ ਨੂੰ ਪੰਥ ਪੱਧਰ ਤੇ ਖਾਸ ਕਰਕੇ ਬਰਗਾੜੀ ਕਾਂਡ ਵੇਲੇ ਪਹਿਲੀ ਸਿਟ ਦੇ ਮੁਖੀ ਅਫਸਰ ਰਣਬੀਰ ਸਿੰਘ ਖਟਰਾ ਦੇ ਮੂੰਹੋਂ ਸੱਚ ਸੁਣਨ ਲ਼ਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗੁਵਾਈ ਵਿਚ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਦੌਰਾਨ ਜਥੇਦਾਰ ਨੇ ਦੱਸਿਆ ਕਿ ਕਮੇਟੀ ਇਨ੍ਹਾਂ ਘਟਨਾਵਾਂ ਨੂੰ ਤਿੰਨ ਹਿੱਸਿਆ ਵਿੱਚ ਵੰਡ ਕੇ ਵਿਚਾਰ ਰਹੀ ਹੈ।ਇਸ ਵਿਚ ਦੋਸ਼ੀ ਸ਼ਾਤਿਰ ਤੇ ਉਨ੍ਹਾਂ ਪਿੱਛੇ ਕੋਈ ਵੱਡੇ ਰਸੂਖ ਵਾਲੇ ਹਨ ਲੋਕ ਹਨ। ਬਰਗਾੜੀ ਬੇਅਦਬੀ ਦੀ ਘਟਨਾ ਦਾ ਖਾਸਤੌਰ ਤੇ ਜਥੇਦਾਰ ਨੇ ਜਿਕਰ ਕੀਤਾ ਹੈ।ਦੂਜੇ ਹਿੱਸੇ ਵਿਚ ਕੁੱਝ ਬਦਦਿਮਾਗ, ਕਿਸੇ ਗ੍ਰੰਥੀ ਪਿੰਡ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਵਾਲੇ ਲੋਕ ਅਜਿਹੀਆਂ ਘਟਨਾਵਾਂ ਦੇ ਪਿੱਛੇ ਹਨ।ਜਥੇਦਾਰ ਨੇ ਕਿਹਾ ਕਿ ਤੀਜੀ ਘਟਨਾ ਵਿਚ ਉਹ ਲੋਕ ਸ਼ਾਮਿਲ ਹਨ, ਜਿਨ੍ਹਾਂ ਨੇ ਅਣਜਾਣਪੁਣੇ ਵਿਚ ਇਹ ਕਾਰਾ ਕੀਤਾ ਹੈ।ਗੁਰਦਾਸਪੁਰ ਵਿਚ ਇਕ ਬੀਬੀ ਵਲੋਂ ਆਪਣੇ ਪਤੀ ਨਾਲ ਮਿਲ ਕੇ ਅਣਭੋਲਪੁਣੇ ਵਿਚ ਕੀਤੀ ਬੇਅਦਬੀ ਦੀ ਘਟਨਾ ਇਸੇ ਦੀ ਉਦਾਹਰਣ ਹੈ।ਜਥੇਦਾਰ ਨੇ ਕਿਹਾ ਕਿ ਸੀ ਕਿ ਇਸ ਬੈਠਕ ਦਾ ਮਕਸਦ ਕਿਸੇ ਪਾਰਟੀ ਨੂੰ ਟਾਰਗੇਟ ਕਰਨਾ ਨਹੀਂ ਹੈ।

ਜਥੇਦਾਰ ਨੇ ਕਿਹਾ ਕਿ 4 ਮਾਰਚ 2013 ਤੋਂ 27-2-17 ਤੱਕ 143 ਬੇਅਦਬੀ ਦੀਆਂ ਘਟਨਾਵਾਂ ਤੇ 4-3-2013 ਤੋ 12-12-2019 ਤੱਕ 104 ਘਟਨਾਵਾਂ ਵਾਪਰੀਆਂ ਹਨ। ਇਹ ਉਹ ਸਮਾਂ ਸੀ ਜਦੋਂ ਅਕਾਲੀ ਸਰਕਾਰ ਤੇ ਕੈਪਟਨ ਦੀ ਸਰਕਾਰ ਵੇਲੇ ਘਟਨਾਵਾਂ ਵਾਪਰੀਆਂ ਹਨ। ਕਰੀਬ 250 ਘਟਨਾਵਾਂ ਸਾਂਝੇ ਤੌਰ ਤੇ ਦੋਵੇਂ ਸਰਕਾਰਾਂ ਦੇ ਵੇਲੇ ਵਾਪਰੀਆਂ ਹਨ।ਜਥੇਦਾਰ ਨੇ ਬਿਨਾਂ ਨਾਂ ਲਿਆ ਕਿਹਾ ਕਿ ਇਹ ਡਾਟਾ ਦੱਸਣ ਦਾ ਮਕਸਦ ਇਹ ਵੀ ਨਹੀਂ ਹੈ ਕਿ ਕਿਸ ਸਰਕਾਰ ਵੇਲੇ ਕਿੰਨੀਆਂ ਘਟਨਾਵਾਂ ਵਾਪਰੀਆਂ ਹਨ।

ਮੁਕਦੀ ਗੱਲ…

ਬੀਬੀ ਜਗੀਰ ਕੌਰ ਤੇ ਮਾਝੀ ਵਿਚਾਲੇ ਜੋ ਤਿਖੇ ਹਮਲੇ ਹਨ ਉਹ ਸਵਾਲਾਂ ਦੇ ਜਵਾਬ ਤੇ ਭਾਸ਼ਾ ਦੀ ਮਰਿਆਦਾ ਨੂੰ ਲੈ ਕੇ ਹੋ ਰਹੇ ਹਨ। ਬੀਬੀ ਜਗੀਰ ਨੂੰ ਪ੍ਰੋਟੈਕਟ ਕਰਦਿਆਂ ਜੇਕਰ ਵਲਟੋਹਾ ਦੇ ਬਿਆਨ ਨੂੰ ਦੇਖਿਆ ਜਾਵੇ ਤਾਂ ਉਹ ਕਹਿ ਰਹੇ ਹਨ ਕਿ ਸਵਾਲ ਰੌਲਾ ਪਾ ਕੇ ਕੀਤੇ ਗਏ ਹਨ, ਸਲੀਕੇ ਨਾਲ ਵੀ ਕੀਤੇ ਜਾ ਸਕਦੇ ਸਨ।ਪਰ ਜਦੋਂ ਬੀਬੀ ਜਗੀਰ ਵੱਲੋਂ ਸਿਖ ਵਿਦਵਾਨਾਂ ਦੀ ਬੈਠਕ ਵਿਚ ਮਾਝੀ ਮਾਝੀ ਮਾਝੀ ਜਿਹਾ ਕਹਿਣ ਤੇ ਗੌਰ ਕਰੀਏ ਤਾਂ ਇਸ ਨਾਲ ਸਿੱਖ ਮਰਿਆਦਾ ਦਾ ਅਕਸ ਵੀ ਖਰਾਬ ਹੁੰਦਾ ਹੈ। ਤਲਖੀਆਂ ਮਾਇਕ ਉੱਤੇ ਕਿਉਂ ਆਈਆਂ ਹਨ ਇਹ ਤਾਂ ਬੀਬੀ ਜਗੀਰ ਕੌਰ ਹੀ ਜਾਣਦੇ ਹਨ।

ਜੇਕਰ ਮਾਝੀ ਨੂੰ ਪਤਾ ਸੀ ਮਸਲਾ ਗੰਭੀਰ ਹੈ ਤਾਂ ਭਰੀ ਸਭਾ ਵਿਚ ਥੋੜ੍ਹਾ ਵਿਚ ਸਲੀਕਾ ਰੱਖ ਹੀ ਲੈਣਾ ਚਾਹੀਦਾ ਸੀ, ਹੋ ਸਕਦਾ ਤਲਖੀ ਬੀਬੀ ਦੇ ਨਾਲ ਨਾ ਜਾਂਦੀ।ਪਰ ਜੇਕਰ ਜਥੇਦਾਰ ਅਕਾਲ ਤਖਤ ਇਹ ਕਹਿੰਦੇ ਹਨ ਕਿ ਇਹ ਸਾਰਿਆਂ ਨੂੰ ਸੱਦਾ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਠੱਲਣ ਲਈ ਆਪਣੇ ਵਿਚਾਰ, ਸਵਾਲ, ਸੁਝਾਅ ਦਿਓ ਤਾਂ ਸਾਨੂੰ ਇਹ ਸਵਾਲ, ਸੁਝਾਅ, ਵਿਚਾਰ ਸੁਣਨੇ ਹੀ ਪੈਣਗੇ, ਭਾਸ਼ਾ ਦੀ ਮਰਿਆਦਾ ਰੱਖਣੀ ਹੀ ਪਵੇਗੀ ਤੇ ਸਲੀਕੇ ਨਾਲ ਗੱਲ ਕਰਨ ਦਾ ਵਲ ਸਿਖਣਾ ਹੀ ਪਵੇਗਾ।

ਜੇ ਸਿਖਾਂ ਦੀ ਸ਼ਿਰੋਮਣੀ ਸੰਸਥਾਂ ਇਹ ਮੰਨਦੀ ਹੈ ਕਿ ਹੁਣ ਕਾਨੂੰਨ ਤੋਂ ਆਸ ਨਹੀਂ ਰਹੀ ਕਿ ਇਨਸਾਫ ਕਰ ਸਕੇ, ਤੇ ਜੇਕਰ ਖੁਦ ਇਹ ਹੰਭਲਾ ਮਾਰਨ ਦੀ ਸੋਚ ਹੀ ਲਈ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜੜ੍ਹ ਤੇ ਇਨ੍ਹਾਂ ਜੜ੍ਹਾਂ ਵਿਚ ਤੇਲ ਪਾਉਣ ਵਾਲਿਆਂ ਤੱਕ ਪਹੁੰਚਿਆ ਜਾਵੇ ਤਾਂ ਪਹਿਲਾਂ ਇਹ ਤੈਅ ਕਰਨਾ ਪਵੇਗਾ ਕਿ ਸਾਡੇ ਕਿਸੇ ਕਦਮ ਨਾਲ ਸਿਖ ਕੌਮ ਦਾ ਅਕਸ ਖਰਾਬ ਨਾ ਹੋਵੇ, ਬਾਕੀ ਅਕਸ ਖਰਾਬ ਕਰਨ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਸੰਵੇਦਨਸ਼ੀਲਤਾ ਨੂੰ ਸਮਝ ਕੇ ਤੇ ਵਰਤ ਕੇ ਇਹ ਕੰਮ ਕਰ ਹੀ ਰਹੇ ਹਨ, ਘੱਟੋ-ਘੱਟ ਅਸੀਂ ਤਾਂ ਇਸ ਤੋਂ ਬਚੀਏ…