India Punjab

ਜ਼ਰਾ ਸੰਭਲ ਕੇ ! ‘ਆਪ’ ਦੇ ਸਾਰੇ ਲੀਡਰਾਂ ਨੇ ਰਿਕਾਰਡਿੰਗ ‘ਤੇ ਲਾਏ ਫੋਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਘਵ ਚੱਢਾ ਨੇ ਕਿਹਾ ਕਿ ਬੀਜੇਪੀ ਦੇ ਵੱਡੇ ਲੀਡਰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਆਉਣ ਲਈ ਫੋਨ ਕਰ ਰਹੇ ਹਨ। ਰਾਘਵ ਚੱਢਾ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਫੋਨ ਕਰਕੇ ਕਿਹਾ ਜਾ ਰਿਹਾ ਹੈ ਕਿ ਰਕਮ ਤੁਸੀਂ ਦੱਸੋ, ਕਿੰਨੇ ਕਰੋੜ ਚਾਹੀਦੇ ਹਨ, ਕਿੰਨੀ ਜ਼ਮੀਨ ਚਾਹੀਦੀ ਹੈ, ਆਦਿ। ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫਤਰੋਂ ਫੋਨ ਆਇਆ ਸੀ। ਬੀਜੇਪੀ ਇਸ ਤਰ੍ਹਾਂ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਰਾਘਵ ਚੱਢਾ ਨੇ ਬੀਜੇਪੀ ਨੂੰ ਦੋ ਗੱਲਾਂ ਕਹੀਆਂ ਹਨ। ਪਹਿਲੀ ਗੱਲ ਕਿ ਜੇਕਰ ਬੀਜੇਪੀ ਕੋਲ ਚੋਣਾਂ ਲੜਵਾਉਣ ਲਈ ਲੋਕ ਨਹੀਂ ਹਨ ਤਾਂ ‘ਆਪ’ ਕੋਲ ਕਾਂਗਰਸ ਦੇ 25 ਵਿਧਾਇਕਾਂ ਦੀ ਲਿਸਟ ਹੈ, ਜੋ ਕਾਂਗਰਸ ਛੱਡਣਾ ਚਾਹੁੰਦੇ ਹਨ। ਉਹ ਸਾਨੂੰ ਸੰਪਰਕ ਕਰ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਲੈ ਲਈਏ ਪਰ ਸਾਨੂੰ ਕੂੜਾ ਪਸੰਦ ਨਹੀਂ ਹੈ। ਸਾਡੇ ਕਈ ਵਿਧਾਇਕਾਂ ਨੂੰ ਫੋਨ ਕਰਕੇ ਪਾਰਟੀ ਛੱਡਣ ਲਈ ਕਿਹਾ ਜਾ ਰਿਹਾ ਹੈ। ਬੀਜੇਪੀ ਸਾਡੀ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।

ਮੈਂ ਬੀਜੇਪੀ ਨੂੰ ਦੂਸਰੀ ਗੱਲ ਸਪੱਸ਼ਟ ਕਹਿਣੀ ਚਾਹੁੰਦਾ ਹੈ ਕਿ ਬੀਜੇਪੀ ਜੋ ਸਾਡੇ ਲੋਕਾਂ ਨੂੰ ਫੋਨ ਕਰਕੇ ਕਹਿ ਰਹੀ ਹੈ ਕਿ ਰਕਮ ਦੱਸੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਬੀਜੇਪੀ ਕੋਲ ਕਿੰਨਾ ਪੈਸਾ ਹੈ। ਤੁਸੀਂ ਆਪਣੇ ਪੈਸਿਆਂ ਨਾਲ ਆਪ ਦੇ ਸਾਧਾਰਨ ਤੋਂ ਸਾਧਾਰਨ ਵਲੰਟੀਅਰ ਨੂੰ ਵੀ ਨਹੀਂ ਖਰੀਦ ਸਕਦੇ, ਸਾਡੇ ਵਿਧਾਇਕ ਅਤੇ ਸੰਸਦ ਮੈਂਬਰ ਤਾਂ ਦੂਰ ਦੀ ਗੱਲ ਹੈ।

ਚੱਢਾ ਨੇ ਕਿਹਾ ਕਿ ਅਸੀਂ ਅੱਜ ਤੋਂ ਆਪਣੇ ਸਾਰੇ ਲੀਡਰਾਂ, ਵਿਧਾਇਕਾਂ, ਸੰਸਦ ਮੈਂਬਰਾਂ ਨੂੰ ਕਹਿ ਦਿੱਤਾ ਹੈ ਕਿ ਉਹ ਆਪਣੇ ਫੋਨ ਹੁਣ ਤੋਂ ਰਿਕਾਰਡਿੰਗ ‘ਤੇ ਲਗਾ ਦਿਉ। ਜੇ ਬੀਜੇਪੀ ਦਾ ਕੋਈ ਵੀ ਨੇਤਾ ਫੋਨ ਕਰਕੇ ਤੁਹਾਨੂੰ ਆਫਰ ਦਿੰਦਾ ਹੈ ਤਾਂ ਤੁਸੀਂ ਪੂਰੀ ਗੱਲਬਾਤ ਨੂੰ ਰਿਕਾਰਡ ਕਰੋ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਆਪਣਾ ਫੋਨ ਰਿਕਾਰਡਿੰਗ ‘ਤੇ ਲਾ ਦਿੱਤਾ ਹੈ। ਹੁਣ ਬੀਜੇਪੀ ਦਾ ਕੋਈ ਵੀ ਲੀਡਰ ਇਸ ਤਰ੍ਹਾਂ ਦੀ ਆਫਰ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸਦੀ ਪੂਰੀ ਗੱਲ ਨੂੰ ਰਿਕਾਰਡ ਕਰ ਲਵਾਂਗੇ। ਰਾਘਵ ਚੱਢਾ ਨੇ ਬੀਜੇਪੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੀਜੇਪੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ ਤਾਂ ਸਾਡੇ ਸਾਰੇ ਲੀਡਰ ਇਨ੍ਹਾਂ ਦੀ ਗੱਲ ਨੂੰ ਆਪਣੇ ਫੋਨ ਵਿੱਚ ਰਿਕਾਰਡ ਕਰਕੇ ਜਨਤਕ ਕਰ ਦੇਵੇਗੀ।

ਚੱਢਾ ਨੇ ਨਵਜੋਤ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੇ ਰਾਖੀ ਸਾਵੰਤ ਕਰਾਰ ਦਿੱਤਾ ਹੈ। ਚੱਢਾ ਨੇ ਕਿਹਾ ਕਿ ਉਹ ਰੋਜ਼ਾਨਾ ਨਵਾਂ ਡਰਾਮਾ, ਨੋਟੰਕੀ ਕਰਦੇ ਹਨ। ਉਨ੍ਹਾਂ ‘ਤੇ ਕੁਮੈਂਟ ਕਰਨਾ ਵੀ ਮੈਨੂੰ ਫਜ਼ੂਲ ਲੱਗਦਾ ਹੈ। ਉਨ੍ਹਾਂ ਨੂੰ ਤਾਂ ਆਪਣੀ ਪਾਰਟੀ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ, ਉਨ੍ਹਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਜਾਵੇ, ਦੁੱਖ ਹੁੰਦਾ ਹੈ।