Punjab

47 ਦੀ ਵੰਡ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਮਸਜਿਦ ‘ਚ ਦੂਜੀ ਵਾਰ ਪੜ੍ਹੀ ਗਈ ਨਮਾਜ਼, ਜਾਣੋ ਖਾਸੀਅਤ

‘ਦ ਖ਼ਾਲਸ ਬਿਊਰੋ :- ਸੁਲਤਾਨਪੁਰ ਲੋਧੀ ਦੀ ਪਵਿੱਤਰ ਅਤੇ ਇਤਿਹਾਸਕ ਥਾਂ ‘ਤੇ  ਸਿੱਖ-ਮੁਸਲਮਾਨ ਭਾਈਚਾਰੇ ਸਿੱਖਾਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਸਜਿਦ ਵਿੱਚ ਇੱਕ ਵਾਰ ਫਿਰ ਤੋਂ ਨਮਾਜ-ਏ-ਸ਼ੁਕਰਾਨਾ ਪੜ੍ਹੀ। ਭਾਰਤ ਪਕਿਸਤਾਨ ਵੰਡ ਤੋਂ ਬਾਅਦ ਹੁਣ ਦੂਜੀ ਵਾਰ ਇਸ ਇਤਿਹਾਸਕ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਜੁਮੇ ਦੀ ਨਮਾਜ਼ ਅਦਾ ਕੀਤੀ ਗਈ। ਇਹ ਸੁਲਤਾਨਪੁਰ ਲੋਧੀ ਦੀ ਉਹ ਇਤਿਹਾਸਕ ਮਸਜਿਦ ਹੈ, ਜਿਸ ਦੇ ਮੌਲਵੀ ਸਾਹਿਬ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਬਣ ਗਏ ਸਨ ਅਤੇ ਬਾਬਾ ਜੀ ਨੇ ਉਨ੍ਹਾਂ ਨੂੰ ਸਹੀ ਰਾਹ ਵਿਖਾਇਆ ਸੀ।

ਜਾਣਕਾਰੀ ਮੁਤਾਬਕ ਵੰਡ ਤੋਂ ਬਾਅਦ, ਇਹ ਇਤਿਹਾਸਿਕ ਮਸਜਿਦ ਬੇਰੌਣਕੀ ਹੋ ਗਈ ਸੀ, ਪਰ ਸਿੱਖ-ਮੁਸਲਮਾਨ ਭਾਈਚਾਰੇ ਦੇ ਪਿਆਰ ਦੀਆਂ ਤੰਦਾਂ ਨੇ ਅੱਜ ਫਿਰ ਇੱਥੇ ਰੌਣਕਾਂ ਲਾ ਦਿੱਤੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਮਕਾਮੀ, ਮਲੇਰਕੋਟਲਾ ਸਮੇਤ ਪੰਜਾਬ ਦੇ ਵੱਖਰੇ ਇਲਾਕਿਆਂ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਅਦਾ ਕੀਤੀ ਗਈ।

ਅਣਗਿਣਤ ਸਾਲਾਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕ ਫਿਰ ਤੋਂ ਅੱਲ੍ਹਾ ਦੇ ਘਰ ਨਮਾਜ ਅਦਾ ਕਰਨ ਲਈ ਆਏ। ਇਸ ਮੌਕੇ ‘ਤੇ ਡਾਕਟਰ ਨਸੀਰ ਅਖ਼ਤਰ ਨੇ ਕਿਹਾ ਕਿ ਇਸ ਮਸਜਿਦ ਵਿੱਚ ਹੁਣ ਹਰ ਰੋਜ਼ ਨਮਾਜ਼ ਅਦਾ ਕੀਤੀ ਜਾਵੇਗੀ ਅਤੇ ਮਸਜਿਦ ਦੀ ਵੀ ਜਲਦੀ ਹੀ ਮੁਰੰਮਤ ਕਾਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਲਸਫ਼ੇ, ਰੂਹਾਨੀਅਤ ਅਤੇ ਸਾਂਝੀਵਾਲਤਾ ਦੇ ਸੁਨੇਹੇ ਉੱਤੇ ਚਾਨਣ ਪਾਇਆ।

 ਸੁਲਤਾਨਪੁਰ ਲੋਧੀ ਵਿੱਚ ਸਥਿਤ ਇਹ ਮੁਗਲੀਆ ਦੌਰ ਦੀ ਇਤਿਹਾਸਕ ਸਫ਼ੇਦ ਮਸਜਿਦ ਸੈਂਕੜੇ ਸਾਲ ਪੁਰਾਣੀ ਹੈ ਅਤੇ ਇੱਥੇ ਪੰਜ ਸੋ ਸਾਲ ਪਹਿਲਾਂ ਮੌਲਵੀ ਨੇ ਸੰਗਤ ਨੂੰ ਨਮਾਜ਼ ਸੁਣਾਈ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੌਲਵੀ ਨੂੰ ਸਿੱਧੇ ਰਾਹੇ ਪਾਇਆ ਸੀ। ਇਸ ਮਸਜਿਦ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਅਤੇ ਉਸਦਾ ਭਰਾ ਦਾਰਾ ਸ਼ਿਕੋਹ ਸਮੇਤ 10 ਹਜ਼ਾਰ ਤੋਂ ਜਿਆਦਾ ਮੁਗ਼ਲਾਂ ਨੇ ਸਿੱਖਿਆ ਹਾਸਲ ਕੀਤੀ ਸੀ।