ਪੁਲਿਸ ਵੱਲੋਂ ਦਲਿਤ ਕਿਸਾਨ ਪਰਿਵਾਰ ਦੀ ਕੱਟਮਾਰ

‘ਦ ਖ਼ਾਲਸ ਬਿਊਰੋ:-  ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਕੈਂਟ ਥਾਣਾ ਖੇਤਰ ‘ਚ ਦਲਿਤ ਪਰਿਵਾਰ ਤੋਂ ਜਮੀਨ ਦਾ ਕਬਜਾ ਛੁਡਵਾਉਣ ਲਈ ਪਹੁੰਚੀ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਸ਼ਹਿਰ ਦੇ ਸਭ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਇੱਕ ਟੀਮ ਕਬਜ਼ਾ ਹਟਾਉਣ ਲਈ ਉੱਥੇ ਪਹੁੰਚੀ ਸੀ। ਅਧਿਕਾਰੀਆਂ ਮੁਤਾਬਕ ਇਹ ਜ਼ਮੀਨ ਪਹਿਲਾਂ ਹੀ ਆਦਰਸ਼ ਯੂਨੀਵਰਸਿਟੀ ਲਈ ਅਲਾਟ ਕੀਤੀ ਜਾ ਚੁੱਕੀ ਹੈ।

 

ਜਦੋਂ ਪੁਲਿਸ ਦਸਤੇ ਵੱਲੋਂ ਜੇਸੀਬੀ ਮਸ਼ੀਨ ਨਾਲ ਫ਼ਸਲ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਦਲਿਤ ਕਿਸਾਨ ਰਾਜਕੁਮਾਰ ਅਤੇ ਉਸਦੀ ਪਤਨੀ ਨੇ ਅੱਗੇ ਹੋ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ। ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਦਲਿਤ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

 

ਪੁਲਿਸ ਦੀ ਕੁੱਟਮਾਰ ਤੋਂ ਬਾਅਦ ਦਲਿਤ ਕਿਸਾਨ ਜੋੜੇ ਵੱਲੋਂ ਖੁਦਕੁਸ਼ੀ ਕਰਨ ਲਈ ਕੀਟਨਾਸ਼ਕ ਦਵਾਈ ਪੀਣ ਦੀ ਵੀ ਕੋਸ਼ਿਸ ਕੀਤੀ ਗਈ ਸੀ। ਜਦੋਂ ਪੀੜਤ ਕਿਸਾਨ ਰਾਜਕੁਮਾਰ ਦਾ ਭਰਾ ਮੌਕੇ ‘ਤੇ ਪਹੁੰਚਿਆ ਤਾਂ ਪੁਲਿਸ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਫਿਲਹਾਲ ਪੀੜਤ ਰਾਜਕੁਮਾਰ ਅਤੇ ਉਸਦੀ ਪਤਨੀ ਹਸਪਤਾਲ ‘ਚ ਦਾਖਲ ਹਨ ਅਤੇ ਦੋਵਾਂ ਦੀ ਹਾਲਤ ਗੰਭੀਰ ਹੈ। ਇਸ ਸਾਰੀ ਘਟਨਾ ਦੌਰਾਨ ਕਿਸਾਨ ਜੋੜੇ ਦੇ 7 ਬੱਚੇ ਵੀ ਰੋਂਦੇ ਕੁਰਲਾਉਂਦੇ ਰਹੇ। ਪਰ ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸ਼ਨ ਨੇ ਇਹਨਾਂ ਦੀ ਰਤਾ ਪਰਵਾਹ ਨਹੀਂ ਕੀਤੀ। ਬੱਚਿਆਂ ਦੇ ਚੀਕ-ਚਿਹਾੜੇ ਦੇ ਬਾਵਜੂਦ ਵੀ ਦਲਿਤ ਜੋੜੇ ‘ਤੇ ਪੁਲਿਸ ਦਾ ਜੁਲਮ ਜਾਰੀ ਰਿਹਾ।

ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਰ ਰਾਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਜ਼ਿਲ੍ਹਾ ਅਧਿਕਾਰੀ ਅਤੇ ਐੱਸਪੀ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

 

ਇਸ ਘਟਨਾ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸ਼ਿਵਰਾਜ ਸਿੰਘ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ, “ਇਹ ਸ਼ਿਵਰਾਜ ਸਰਕਾਰ ਪ੍ਰਦੇਸ਼ ਨੂੰ ਕਿੱਥੇ ਲੈ ਕੇ ਜਾ ਰਹੀ ਹੈ? ਇੱਕ ਦਲਿਤ ਕਿਸਾਨ ਜੋੜੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਇਸ ਤਰ੍ਹਾਂ ਬੇਰਹਿਮੀ ਨਾਲ ਲਾਠੀ ਚਾਰਜ ਕਰਨਾ, ਇਹ ਕਿਹੋ ਜਿਹਾ ਜੰਗਲਰਾਜ ਹੈ?” ਉਨ੍ਹਾਂ ਨੇ ਕਿਹਾ, “ਜੇਕਰ ਪੀੜਤ ਨੌਜਵਾਨ ਦਾ ਜ਼ਮੀਨ ਸਬੰਧੀ ਕੋਈ ਵਿਵਾਦ ਹੈ ਤਾਂ ਵੀ ਇਸ ਨੂੰ ਕਾਨੂੰਨੀ ਤੌਰ ‘ਤੇ ਹੱਲ ਕੀਤਾ ਜਾ ਸਕਦਾ ਸੀ, ਪਰ ਇਸ ਤਰ੍ਹਾਂ ਕਾਨੂੰਨ ਹੱਥ ਵਿੱਚ ਲੈ ਕੇ ਉਸਦੇ ਪਰਿਵਾਰ ਵਾਲਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨਾ ਇਹ ਕਿਥੋਂ ਦਾ ਨਿਆਂ ਹੈ? ਕੀ ਇਹ ਸਭ ਇਸ ਲਈ ਕਿ ਉਹ ਇੱਕ ਦਲਿਤ ਪਰਿਵਾਰ ਤੋਂ ਹਨ, ਗਰੀਬ ਕਿਸਾਨ ਹਨ?”


ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਘਟਨਾ ‘ਤੇ ਪ੍ਰਤਿਕਰਮ ਦਿੰਦਿਆਂ ਕਿਹਾ ਕਿ “ਸਾਡੀ ਲੜਾਈ ਇਸੇ ਸੋਚ ਅਤੇ ਅਨਿਆਂ ਦੇ ਖ਼ਿਲਾਫ਼ ਹੈ।” ਇਸ ਤੋਂ ਇਲਾਵਾ ਕਮਲਨਾਥ ਨੇ ਕਿਹਾ, “ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਸਕਦੀ ਹੈ। ਇਸ ਲਈ ਦੋਸ਼ੀਆਂ ‘ਤੇ ਤੁਰੰਤ ਸਖ਼ਤ ਕਾਰਵਾਈ ਹੋਵੇ, ਨਹੀਂ ਤਾਂ ਕਾਂਗਰਸ ਚੁੱਪ ਨਹੀਂ ਬੈਠੇਗੀ।”

ਓਧਰ ਬਸਪਾ ਮੁਖੀ ਮਾਇਆਵਤੀ ਨੇ ਵੀ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ, “ਇੱਕ ਪਾਸੇ ਭਾਜਪਾ ਅਤੇ ਉਨ੍ਹਾਂ ਦੀ ਸਰਕਾਰ ਦਲਿਤਾਂ ਨੂੰ ਵਸਾਉਣ ਦਾ ਰਾਗ ਅਲਾਪ ਰਹੀ ਹੈ ਜਦ ਕਿ ਦੂਜੇ ਪਾਸੇ ਉਨ੍ਹਾਂ ਨੂੰ ਉਜਾੜਨ ਦੀਆਂ ਘਟਨਾਵਾਂ ਉਸੇ ਤਰ੍ਹਾਂ ਹੀ ਆਮ ਹਨ, ਜਿਸ ਤਰ੍ਹਾਂ ਪਹਿਲਾਂ ਕਾਂਗਰਸ ਪਾਰਟੀ ਦੇ ਸ਼ਾਸਨ ਵਿੱਚ ਹੁੰਦੀਆਂ ਸਨ, ਤਾਂ ਫਿਰ ਦੋਵਾਂ ਸਰਕਾਰਾਂ ਵਿੱਚ ਕੀ ਫਰਕ ਹੈ?

 

ਇਹ ਕੋਈ ਪਹਿਲੀ ਘਟਨਾ ਨਹੀਂ ਜਦੋਂ ਕਿਸੇ ਗਰੀਬ-ਲਾਚਾਰ ਨਾਲ ਧੱਕਾ ਕੀਤਾ ਗਿਆ ਹੋਵੇ, ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਦਿਨ ਵਾਪਰਦੀਆਂ ਰਹਿੰਦੀਆਂ ਹਨ, ਪਰ ਅਜੇ ਤੱਕ ਕਿਸੇ ਮਾਮਲੇ ਵਿੱਚ ਪੁਲਿਸ ‘ਤੇ ਸਖ਼ਤ ਕਾਰਵਾਈ ਦੀ ਮਿਸਾਲ ਪੇਸ਼ ਨਹੀਂ ਕੀਤੀ ਗਈ ਹੈ। ਕੁਝ ਦੇਰ ਦੀ ਚਰਚਾ ਤੋਂ ਬਾਅਦ, ਆਮਤੌਰ ‘ਤੇ ਅਜਿਹੇ ਮਾਮਲੇ ਰਫ਼ਾ-ਦਫ਼ਾ ਕਰ ਦਿੱਤੇ ਜਾਂਦੇ ਹਨ।

Leave a Reply

Your email address will not be published. Required fields are marked *