India

ਗਾਜ਼ੀਪੁਰ ਬਾਰਡਰ ‘ਤੇ 10 ਵਿਰੋਧੀ ਰਾਜਨੀਤਿਕ ਦਲਾਂ ਦੇ 15 ਸੰਸਦ ਮੈਂਬਰ ਪੁਲਿਸ ਨੇ ਡੱਕੇ

‘ਦ ਖ਼ਾਲਸ ਬਿਊਰੋ :- ਗਾਜ਼ੀਪੁਰ ਬਾਰਡਰ ‘ਤੇ ਅੱਜ ਸਵੇਰੇ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ 10 ਵਿਰੋਧੀ ਰਾਜਨੀਤਿਕ ਦਲਾਂ ਦੇ 15 ਸੰਸਦ ਮੈਂਬਰਾਂ ਨੂੰ ਪੁਲਿਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ। ਅਕਾਲੀ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਧਰਨੇ ਵਾਲੀ ਥਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ ਪਰ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਗਾਜ਼ੀਪੁਰ ਬਾਰਡਰ ਪਹੁੰਚ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਇੱਥੇ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਚਰਚਾ ਕਰਨ ਲਈ ਆਏ ਸੀ। ਸਦਨ ਵਿੱਚ ਸਪੀਕਰ ਉਨ੍ਹਾਂ ਨੂੰ ਇਹ ਮੁੱਦਾ ਨਹੀਂ ਚੁੱਕਣ ਦਿੰਦੇ, ਜਿਸ ਕਰਕੇ ਸਾਰੇ ਰਾਜਨੀਤਿਕ ਦਲ ਇਸ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਕਿਸਾਨੀ ਪ੍ਰਦਰਸ਼ਨ ਦੇ ਬਾਰੇ ਜਾਣਕਾਰੀ ਦੇਣਗੇ।

ਐਨਸੀਪੀ ਲੀਡਰ ਸੁਪ੍ਰਿਆ ਸੁਲੇ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਤੇ ਕਿਸਾਨਾਂ ਦੇ ਨਾਲ ਨਿਆਂ ਹੋਣਾ ਚਾਹੀਦਾ ਹੈ। ਕਿਸਾਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ” ਵਿਰੋਧੀ ਧਿਰਾਂ ਦੇ ਲੀਡਰ ਇੱਕ ਬੱਸ ਵਿੱਚ ਗਾਜ਼ੀਪੁਰ ਬਾਰਡਰ ‘ਤੇ ਪਹੁੰਚੇ ਸਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਸਥਿਤੀ ਦਾ ਜਾਇਜ਼ਾ ਲੈਣਾ ਚਾਹੁੰਦੇ ਸਨ।

ਪੁਲਿਸ ਵੱਲੋਂ ਗਾਜ਼ੀਪੁਰ ਬਾਰਡਰ ‘ਤੇ ਰੋਕੇ ਜਾਣ ‘ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਆਪਣੇ ਲੋਕਾਂ ਦੇ ਨਾਲ ਗੱਲ ਕਰਨ ਲਈ ਆਏ ਸੀ। ਅਸੀਂ ਚੁਣੇ ਗਏ ਲੋਕ ਪ੍ਰਤੀਨਿਧ ਹਾਂ। ਅਸੀਂ ਕੋਈ ਦੰਗਾ-ਫਸਾਦ ਕਰਨ ਜਾਂ ਲੋਕਾਂ ਨੂੰ ਭੜਕਾਉਣ ਲਈ ਨਹੀਂ ਆਏ ਸੀ। ਅਸੀਂ ਸਿਰਫ ਆਪਣੇ ਲੋਕਾਂ ਦਾ ਹਾਲ-ਚਾਲ ਪੁੱਛਣ ਦੇ ਲਈ ਆਏ ਸੀ, ਪਰ ਇਹ ਸਾਨੂੰ ਜਾਣ ਨਹੀਂ ਦੇ ਰਹੇ। ”

ਹਰਸਿਮਰਤ ਬਾਦਲ ਨੇ ਟਵੀਟ ਕਰਕੇ ਕਿਹਾ ਕਿ “ ਵੇਖੋ ! ਬੀਜੇਪੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਕਿਸ ਤਰ੍ਹਾਂ ਸੰਸਦ ਮੈਂਬਰਾਂ ਦੇ ਨਾਲ ਹੀ ਮਨਮਾਨੀ ਕਰ ਰਹੀ ਹੈ। ਸਾਨੂੰ ਸ਼ਾਂਤੀਪੂਰਵਕ ਧਰਨੇ ਵਾਲੇ ਸਥਾਨ ਤੱਕ ਜਾਣ ਤੋਂ ਤਿੰਨ ਕਿਲੋਮੀਟਰ ਪਹਿਲਾਂ ਹੀ ਉਤਾਰ ਦਿੱਤਾ ਗਿਆ ਹੈ। ਪਰ ਅਸੀਂ ਅਡਿੱਗ ਹਾਂ। ਅਸੀਂ ਖੁਦ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਸਥਿਤੀਆਂ ਨੂੰ ਵੇਖਣਾ ਚਾਹੁੰਦੇ ਸੀ ਅਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਲਈ ਮਜ਼ਬੂਰ ਕਰਾਂਗੇ। ”

ਉਨ੍ਹਾਂ ਲਿਖਿਆ ਕਿ “ ਅਕਾਲੀ ਦਲ ਉਨ੍ਹਾਂ ਸਾਰੇ ਸਮਾਨ ਵਿਚਾਰਾਂ ਵਾਲੇ ਦਲਾਂ ਅਤੇ ਸੰਸਦ ਮੈਂਬਰਾਂ ਦੇ ਨਾਲ ਖੜੀ ਹੈ, ਜੋ ਕਿ ਗਾਜ਼ੀਪੁਰ ਬਾਰਡਰ ਜਾ ਕੇ ਕਿਸਾਨਾਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਨਿੰਦਾ ਕਰ ਰਹੇ ਹਨ। ਇੱਥੋ ਤੱਕ ਕਿ ਸੰਸਦ ਮੈਂਬਰਾਂ ਨੂੰ ਵੀ ਸ਼ਾਂਤੀ ਦੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ। ਇਹ ਸੱਚ ਵਿੱਚ ਲੋਕਤੰਤਰ ਦਾ ਕਾਲਾ ਦਿਨ ਹੈ। ”