Punjab

2 ਸੂਬਿਆਂ ਦੀ ਪੁਲਿਸ ਨੇ ਦੀਵਾਲੀ ਮੌਕੇ ਵੰਡੀ ਜਾਣ ਵਾਲੀ ਜ਼ਹਿਰੀਲੀ ਸ਼ਰਾਬ ਦੀ ਸਾਜਿਸ਼ ਨੂੰ ਕੀਤਾ ਨਾਕਾਮ

‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :-  ਅੰਮ੍ਰਿਤਸਰ ਵਿੱਚ ਵਾਪਰੇ ਸ਼ਰਾਬ ਕਾਂਡ ਦੇ ਮਗਰੋਂ ਹੀ ਦੀਵਾਲੀ ‘ਤੇ ਪੂਰੇ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਵੰਡਣ ਦੀ ਵੱਡੀ ਸਾਜ਼ਿਸ਼ ਨੂੰ ਪੰਜਾਬ ਪੁਲਿਸ ਤੇ ਰਾਜਸਥਾਨ ਪੁਲਿਸ ਨੇ ਮਿਲਕੇ ਸਾਂਝੇ ਆਪਰੇਸ਼ਨ ਨਾਲ ਨਾਕਾਮ ਕਰ ਦਿੱਤਾ ਹੈ। ਦਰਅਸਲ ਪੰਜਾਬ ਵਿੱਚ ਦੀਵਾਲੀ ‘ਤੇ ਕੱਚੀ ਸ਼ਰਾਬ ਦੀ ਮੰਗ ਕਾਫ਼ੀ ਹੁੰਦੀ ਹੈ। ਜਿਸ ਨੂੰ ਵੇਖਦੇ ਹੋਏ ਪੰਜਾਬ ਤੇ ਰਾਜਸਥਾਨ ਪੁਲਿਸ ਨੂੰ ਖ਼ੁਫ਼ਿਆ ਜਾਣਕਾਰੀ ਮਿਲੀ ਸੀ ਕਿ ਗੰਗ ਕੈਨਾਲ ‘ਤੇ ਲੱਖਾਂ ਲੀਟਰ ਲਾਹਣ ਤਿਆਰ ਕੀਤੀ ਗਈ ਹੈ।

ਪੰਜਾਬ ਤੇ ਰਾਜਸਥਾਨ ਪੁਲਿਸ ਨੇ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਚਲਾਇਆ ਅਤੇ ਗੰਗ ਕੈਨਾਲ ਦੇ ਕੰਡੇ ਤੇ ਦੱਬੀ ਗਈ ਕੱਚੀ ਲਾਹਣ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਪੁਲਿਸ ਮੁਤਾਬਿਕ 1 ਲੱਖ ਲੀਟਰ ਤੋਂ ਵੱਧ ਲਾਹਣ ਹੁਣ ਤੱਕ ਬਰਾਮਦ ਹੋਈ ਹੈ। ਇੰਨੇ ਵਧੇ ਪੱਧਰ ‘ਤੇ ਇੱਥੇ ਲਾਹਣ ਤਿਆਰ ਕੀਤੀ ਜਾ ਰਹੀ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲਾਹਣ ਕੱਢਣ ਦੇ ਲਈ JCB ਮਸ਼ੀਨ ਦੀ ਵਰਤੋਂ ਕਰਨਾ ਪਈ।

ਮਾਝੇ ਵਿੱਚ ਸ਼ਰਾਬ ਕਾਂਡ ਵਿੱਚ ਮੌਤਾਂ

ਜੁਲਾਈ ਦੇ ਅਖੀਰ ਵਿੱਚ ਮਾਝੇ ਵਿੱਚ ਸ਼ਰਾਬ ਕਾਂਡ ਹੋਇਆ ਸੀ। ਅੰਮ੍ਰਿਤਸਰ,ਤਰਨਤਾਰਨ ਅਤੇ ਬਟਾਲਾ ਜ਼ਿਲ੍ਹੇ ਵਿੱਚ ਕੱਚੀ ਜ਼ਹਿਰੀਲੀ ਸ਼ਰਾਬ ਦੇ ਨਾਲ 120 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਖਿਲਾਫ਼ ਮੁਹਿੰਮ ਚਲਾਈ ਗਈ ਸੀ, ਲੱਖਾਂ ਲੀਟਰ ਸ਼ਰਾਬ ਬਰਾਮਦ ਹੋਈ ਸੀ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੰਘ ਆਪ ਮਿਲਣ ਗਏ ਸਨ,ਰਾਹਤ ਵੱਜੋਂ ਸੂਬਾ ਸਰਕਾਰ ਵੱਲੋਂ ਪਰਿਵਾਰਾਂ ਨੂੰ 5-5 ਲੱਖ ਦਿੱਤੇ ਗਏ ਸਨ