India

ਹਾਥਰਸ ਮਾਮਲਾ: ਪੁਲਿਸ ਨੇ 21 ਲੋਕਾਂ ‘ਤੇ ਦਰਜ ਕੀਤੇ ਦੇਸ਼ ਧ੍ਰੋਹ ਦੇ ਕੇਸ

‘ਦ ਖ਼ਾਲਸ ਬਿਊਰੋ:- ਉੱਤਰ ਪ੍ਰਦੇਸ਼ ਪੁਲਿਸ ‘ਤੇ ਲਗਾਤਾਰ ਹਾਥਰਸ ਵਿੱਚ 19 ਸਾਲਾ ਦਲਿਤ ਕੁੜੀ ਦੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਸਹੀ ਢੰਗ ਨਾਲ ਨਾ ਨਜਿੱਠਣ ਦੇ ਦੋਸ਼ ਲੱਗ ਰਹੇ ਹਨ।  ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਨੇ “ਜਾਤੀ ਅਤੇ ਫਿਰਕੂ ਤਣਾਅ ਪੈਦਾ ਕਰਨ ਅਤੇ ਸੂਬਾ ਸਰਕਾਰ ਦੀ ਸ਼ਾਖ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਜਨਤਕ ਮੀਟਿੰਗਾਂ ਦੌਰਾਨ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ” ਦੇ ਵਿਰੁੱਧ ਰਾਜ ਭਰ ਵਿੱਚ 21 ਕੇਸ ਦਰਜ ਕੀਤੇ ਹਨ। ਦਾਇਰ ਕੀਤੀਆਂ ਗਈਆਂ ਐਫਆਈਆਰ ਵਿੱਚ ਹਥਰਾਸ ਵਿੱਚ ਛੇ, ਚਾਂਦਪਾ ਥਾਣੇ ਵਿੱਚ ਚਾਰ ਅਤੇ ਸਾਸਨੀ ਅਤੇ ਹਾਥਰਸ ਗੇਟ ਥਾਣਿਆਂ ਵਿੱਚ ਇੱਕ-ਇੱਕ ਐਫਆਈਆਰ ਸ਼ਾਮਲ ਹੈ।

ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਦੇਸ਼ ਧ੍ਰੋਹ, ਅਪਰਾਧਿਕ ਸਾਜਿਸ਼ ਅਤੇ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਹਨ।  ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਉਹ ਲੋਕ ਜੋ ਜਾਤੀ ਅਤੇ ਫਿਰਕੂ ਦੰਗੇ ਭੜਕਾਉਣਾ ਚਾਹੁੰਦੇ ਹਨ, ਉਹ ਸਰਕਾਰ ਵਿਰੁੱਧ “ਸਾਜਿਸ਼ਾਂ” ਰਚ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ, “ਕੁੱਝ ਅਰਾਜਕਤਾਵਾਦੀ ਜੋ ਰਾਜ ਵਿੱਚ ਵਿਕਾਸ ਨੂੰ ਵੇਖਣਾ ਨਹੀਂ ਸਹਿ ਸਕਦੇ, ਉਹ ਜਾਤੀ ਲੀਹਾਂ ‘ਤੇ ਫਿਰਕੂ ਤਣਾਅ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਦੀ ਸਾਜਿਸ਼ ਰਚ ਰਹੇ ਹਨ।”