India Punjab

ਦਿੱਲੀ ਜਾਣ ਵਾਲੇ ਪੰਜਾਬੀਆਂ ਲਈ ਜ਼ਰੂਰੀ ਖ਼ਬਰ, ਸਾਰੇ ਬਾਰਡਰ ਸੀਲ, ਪਾਣੀ ਦੀਆਂ ਤੋਪਾਂ ਤਾਇਨਾਤ

’ਦ ਖ਼ਾਲਸ ਬਿਊਰੋ: ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ, ਮਜ਼ਦੂਰ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਹਨ ਪਰ ਦੂਜੇ ਪਾਸੇ ਚੰਡੀਗੜ੍ਹ-ਦਿੱਲੀ ਹਾਈਵੇ ’ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਪਾਣੀ ਦੀਆਂ ਤੋਪਾਂ ਤਾਇਨਾਤ ਕਰ ਦਿੱਤੀਆਂ ਹਨ। ਖ਼ਬਰ ਏਜੰਸੀ ਏਐਨਆਈ ਮੁਤਾਬਕ ਕਿਸਾਨਾਂ ਨੂੰ ਦਿੱਲੀ ’ਚ ਪ੍ਰਦਰਸ਼ਨ ਲਈ ਜਾਣ ਤੋਂ ਰੋਕਣ ਲਈ ਚੰਡੀਗੜ੍ਹ-ਦਿੱਲੀ ਹਾਈਵੇ ’ਤੇ ਸੁਰੱਖਿਆ ਬਲ ਪਹਿਲਾਂ ਹੀ ਤਾਇਨਾਤ ਹੋ ਗਏ ਹਨ।

ਉੱਧਰ ਕਿਸਾਨਾਂ ਦੇ ‘ਦਿੱਲੀ ਮਾਰਚ’ ਤੋਂ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਨਾਲ ਲੱਗਣ ਵਾਲੀਆਂ ਸੂਬੇ ਦੀਆਂ ਹੱਦਾਂ ਨੂੰ 26 ਅਤੇ 27 ਨਵੰਬਰ ਲਈ ਬੰਦ ਕਰ ਦਿੱਤਾ ਹੈ। ਅੱਜ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦਾ ਖਨੌਰੀ ਹੱਦ ਸੀਲ ਕਰ ਦਿੱਤੀ ਗਈ ਹੈ ਅਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।

ਖ਼ਬਰ ਲਿਖੇ ਜਾਣ ਤਕ ਸ਼ੰਭੂ ਬਾਰਡਰ ਹਾਲੇ ਖੁੱਲ੍ਹਾ ਹੈ ਪਰ ਮੂਣਕ ਟੋਹਾਣਾ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਡੱਬਵਾਲੀ ਬਾਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹੀਂ ਦਿਨੀਂ ਆਵਾਜਾਈ ਨਾ ਕਰਨ। ਹਰਿਆਣਾ ਦੇ ਸਾਰੇ ਬਾਰਡਰੀ ਸੀਲ ਕਰਨ ਦੀ ਤਿਆਰੀ ਹੈ। ਉੱਥੇ ਕਿਸਾਨਾਂ ਦਾ ਪੁਲਿਸ ਨਾਲ ਟਕਰਾਅ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਾਰਡਰਾਂ ‘ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਪੁਲਿਸ ਨੂੰ ਸਖ਼ਤੀ ਅਖ਼ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ ‘ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸਰਹੱਦ ‘ਤੇ ਪਹੁੰਚੇ ਹਨ। ਅੱਜ ਪੰਜਾਬ ਦੇ ਕਈ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ‘ਚ ਕਿਸਾਨ ਕੇਂਦਰ ਸਰਕਾਰ ਦਾ ਘਿਰਾਓ ਕਰਨ ਲਈ ਰਾਸ਼ਨ ਅਤੇ ਜ਼ਰੂਰੀ ਵਸਤਾਂ ਲੈ ਕੇ ਦਿੱਲੀ ਰਵਾਨਾ ਹੋ ਰਹੇ ਹਨ।

ਦਿੱਲੀ ਪੁਲਿਸ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਜੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਕਿਸੇ ਸਭਾ ਲਈ ਸ਼ਹਿਰ ’ਚ ਆਉਂਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਟਵਿੱਟਰ ’ਤੇ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਇਸ ਤਰ੍ਹਾਂ ਦੇ ਕਿਸੇ ਵੀ ਇਕੱਠ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ।