‘ਦ ਖ਼ਾਲਸ ਬਿਊਰੋ :- ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਬੀਤੇ ਦਿਨੀਂ ਮਲੋਟ ਵਿੱਚ ਹੋਈ ਕੁੱਟਮਾਰ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੁਲਿਸ ‘ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਜੋ ਲੋਕ ਬੀਜੇਪੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਵੀ ਨਹੀਂ ਹੋਏ ਸਨ, ਉਨ੍ਹਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਹੈ। ਪਿੰਡ ਬੋਦੀਵਾਲਾ, ਮਿੱਡਾ ਅਤੇ ਗੁਰੂਸਰ ਯੋਧਾ ’ਚ ਕੀਤੀ ਪੜਤਾਲ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਨ੍ਹਾਂ ਪਿੰਡਾਂ ਦੇ ਅੱਧੀ ਦਰਜਨ ਦੇ ਕਰੀਬ ਪਰਿਵਾਰਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ’ਤੇ ਨਹੀਂ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ, ਜਿਨ੍ਹਾਂ ਵਿੱਚੋਂ ਕਈ ਬਜ਼ੁਰਗ, ਦਿਲ ਦੇ ਰੋਗ, ਸ਼ੂਗਰ ਤੇ ਹੋਰ ਬਿਮਾਰੀਆਂ ਤੋਂ ਪੀੜਤ ਸਨ।

ਪਿੰਡ ਬੋਦੀਵਾਲਾ ਖੜਕ ਸਿੰਘ ਦੀ 75 ਸਾਲਾ ਬਿਰਧ ਮਾਤਾ ਬਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਨੇਮਪਾਲ ਸਿੰਘ ਫੈਕਟਰੀ ਵਿੱਚ ਕੰਮ ਕਰਦਾ ਹੈ। ਸ਼ਾਮ ਵੇਲੇ ਪੁਲਿਸ ਮੁਲਾਜ਼ਮ ਆਏ ਅਤੇ ਕਹਿਣ ਲੱਗੇ ਕਿ ਨੇਮਪਾਲ ਤੋਂ ਦਸਤਖ਼ਤ ਕਰਾਉਣੇ ਹਨ। ਜਦੋਂ ਨੇਮਪਾਲ ਬਾਹਰ ਆਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਗੱਡੀ ’ਚ ਬਿਠਾ ਲਿਆ। ਨੌਜਵਾਨ ਦੀ ਮਾਤਾ ਨੇ ਕਿਹਾ ਕਿ ਜੇ ਪੁਲਿਸ ਕੋਈ ਤੱਥ ਪੇਸ਼ ਕਰੇ ਕਿ ਉਸ ਦਾ ਲੜਕਾ ਘਟਨਾ ਸਥਾਨ ’ਤੇ ਸੀ, ਤਾਂ ਉਹ ਹਰ ਤਰ੍ਹਾਂ ਦਾ ਹਰਜਾਨਾ ਭਰਨ ਨੂੰ ਤਿਆਰ ਹਨ।

ਇੱਕ ਹੋਰ ਕਿਸਾਨ ਲਾਭ ਸਿੰਘ ਨੇ ਦੱਸਿਆ ਕਿ ਉਸ ਦਾ 75 ਸਾਲਾ ਬਜ਼ੁਰਗ ਭਰਾ ਬਲਦੇਵ ਸਿੰਘ, ਜੋ ਸ਼ੂਗਰ ਅਤੇ ਦਿਲ ਦਾ ਮਰੀਜ਼ ਹੋਣ ਕਰਕੇ ਕਿਤੇ ਨਹੀਂ ਜਾਂਦੇ ਅਤੇ ਘਟਨਾ ਵਾਲੇ ਦਿਨ ਵੀ ਉਹ ਘਟਨਾ ਸਥਾਨ ’ਤੇ ਮੌਜੂਦ ਨਹੀਂ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ। ਉਸ ਤੋਂ ਮਗਰੋਂ ਉਨ੍ਹਾਂ ਨੂੰ ਸ਼ੂਗਰ ਦੀ ਦਵਾਈ ਵੀ ਨਹੀਂ ਪਹੁੰਚਾਉਣ ਦਿੱਤੀ।

ਇੱਕ ਹੋਰ ਕਿਸਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਪਿਤਾ ਸੁਰਜੀਤ ਸਿੰਘ, ਜਿਨ੍ਹਾਂ ਦੀ ਉਮਰ 72 ਸਾਲ ਹੈ, ਉਹ  ਸ਼ੂਗਰ ਅਤੇ ਦਿਲ ਦੇ ਮਰੀਜ਼ ਹਨ ਅਤੇ ਅੱਖਾਂ ਦਾ ਅਪਰੇਸ਼ਨ ਵੀ ਪਿਛਲੇ ਦਿਨੀਂ ਹੀ ਕਰਵਾਇਆ ਸੀ, ਉਨ੍ਹਾਂ ਨੂੰ ਵੀ ਪੁਲਿਸ ਨੇ ਘਰੋਂ ਚੁੱਕ ਲਿਆ, ਜਦਕਿ ਉਨ੍ਹਾਂ ਦਾ ਮਲੋਟ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਨ੍ਹਾਂ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ 5-7 ਸਾਲ ਪਹਿਲੀਆਂ ਕਿਸਾਨ ਜਥੇਬੰਦੀਆਂ ਦੀਆਂ ਸੂਚੀਆਂ ਦੇ ਆਧਾਰ ’ਤੇ ਪੁਲਿਸ ਕਿਸਾਨਾਂ ਨੂੰ ਚੁੱਕ-ਚੁੱਕ ਕੇ ਉਹਨਾਂ ‘ਤੇ ਕੇਸ ਪਾਉਣ ਲੱਗ ਗਈ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਮੰਗ ਕੀਤੀ ਹੈ ਕਿ ਮਲੋਟ ਕਾਂਡ ਦੀ ਪੜਤਾਲ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੱਡਿਆ ਜਾਵੇ।

Leave a Reply

Your email address will not be published. Required fields are marked *