India

PM ਮੋਦੀ ਨੇ ਨਵੀਂ ਸਿੱਖਿਆ ਨੀਤੀ ਦੀ ਕੀਤੀ ਸ਼ਲਾਘਾ, ਸਾਂਝੇ ਕੀਤੇ ਅਹਿਮ ਤੱਥ !

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਬਣਾਉਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਕਈ ਸਾਲਾਂ ਤੋਂ ਸਾਡੀ ਸਿੱਖਿਆ ਪ੍ਰਣਾਲੀ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ। ਨਵੀਂ ਨੀਤੀ ਅਨੁਸਾਰ ਵਿਵਹਾਰਿਕ ਸਿੱਖਿਆ ‘ਤੇ ਜ਼ੋਰ ਦਿੱਤਾ ਜਾਵੇਗਾ। ਬਦਲਦੇ ਸਮੇਂ ‘ਚ ਜ਼ਰੂਰੀ ਸੀ ਕਿ ਸਿੱਖਿਆ ਨੀਤੀ ‘ਚ ਬਦਲਾਵ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਪਰਪਜ਼ ਆਫ ਐਜੂਕੇਸ਼ਨ ਸਿਖਾਉਣਾ ਲਾਜ਼ਮੀ ਹੋਵੇਗਾ”।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਕਿ ਮੁਲਕ ਵਿੱਚ ਕਿਸੇ ਵੀ ਖੇਤਰ ਜਾਂ ਵਰਗ ਨਾਲ ਪੱਖਪਾਤ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ, ਉਨ੍ਹਾਂ ਕਿਹਾ ਕਿ ਹਰ ਮੁਲਕ ਆਪਣੀ ਸਿੱਖਿਆ ਵਿਵਸਥਾ ਨੂੰ ਆਪਣੇ ਕੌਮੀ ਮੁੱਲਾਂ ਨਾਲ ਜੋੜਦਿਆਂ, ਆਪਣੇ ਕੌਮੀ ਟੀਚਿਆਂ ਅਨੁਸਾਰ ਸੁਧਾਰ ਕਰਕੇ ਚੱਲਦਾ ਹੈ। ਇਸ ਦਾ ਉਦੇਸ਼ ਹੁੰਦਾ ਹੈ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਆਪਣੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤਿਆਰ ਕਰੇ, ਉਹਨਾਂ ਕਿਹਾ ਸਾਡੇ ਦੇਸ਼ ਦੀ ਕੌਮੀ ਸਿੱਖਿਆ ਨੀਤੀ ਦਾ ਆਧਾਰ ਵੀ ਇਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕੌਮੀ ਸਿੱਖਿਆ ਨੀਤੀ ਦੀ ਮੁਲਕ ਵਿੱਚ ਚਰਚਾ ਹੋ ਰਹੀ ਹੈ। ਵੱਖ ਵੱਖ ਖੇਤਰਾਂ ਦੇ ਲੋਕ, ਵੱਖ ਵੱਖ ਵਿਚਾਰਧਾਰਾਵਾਂ ਦੇ ਲੋਕ, ਆਪਣੇ ਵਿਚਾਰ ਪ੍ਰਗਟਾ ਰਹੇ ਹਨ ਅਤੇ ਇਸ ਦੀ ਪੜਚੋਲ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਚਰਚਾ ਨੂੰ ਇੱਕ ਸਿਹਤਮੰਦ ਚਰਚਾ ਦੱਸਿਆ ਹੈ। ਉਹਨਾਂ ਕਿਹਾ ਦੇਸ਼ ਦੇ ਲੋਕ ਕਈ ਸਾਲਾਂ ਤੋਂ ਪੁਰਾਣੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਚਾਹੁੰਦੇ ਸਨ। ਹੁਣ ਤੱਕ ਸਾਡੀ ਸਿੱਖਿਆ ਵਿਵਸਥਾ, ਕੀ ਸੋਚਣਾ ਹੈ, ’ਤੇ ਕੇਂਦਰਿਤ ਰਹੀ ਹੈ ਜਦੋਂ ਕਿ ਨਵੀਂ ਸਿੱਖਿਆ ਨੀਤੀ ਵਿੱਚ ‘ਕਿਵੇਂ ਸੋਚਣਾ’ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਹੀ ਪੜ੍ਹਾਉਣ ‘ਤੇ ਸਹਿਮਤੀ ਦਿੱਤੀ ਗਈ ਹੈ। ਇਸ ਗੱਲ ਵਿੱਚ ਕੋਈ ਵਿਵਾਦ ਨਹੀਂ ਹੈ ਕਿ ਬੱਚਿਆਂ ਦੇ ਘਰ ਦੀ ਬੋਲੀ ਅਤੇ ਸਕੂਲ ਵਿੱਚ ਪੜ੍ਹਾਈ ਦੀ ਭਾਸ਼ਾ ਇੱਕ ਹੀ ਹੋਣ ਨਾਲ ਬੱਚਿਆਂ ਦੇ ਸਿੱਖਣ ਦੀ ਰਫ਼ਤਾਰ ਵਧੀਆ ਹੁੰਦੀ ਹੈ।