‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਸੈਂਕੜੇ ਟਰੈਕਟਰ-ਟਰਾਲੀਆਂ ਸਮੇਤ ਹਜ਼ਾਰਾਂ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਰਵਾਨਾ ਹੋ ਰਿਹਾ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਨੇ ਜ਼ੁਲਮ ਦੀਆਂ ਜਿੰਨੀਆਂ ਵੀ ਦੀਵਾਰਾਂ ਖੜ੍ਹੀਆਂ ਕੀਤੀਆਂ ਸੀ, ਕਿਸਾਨ ਉਹ ਸਾਰੀਆਂ ਦੀਵਾਰਾਂ ਲੰਘ ਕੇ ਅੱਗੇ ਜਾ ਰਹੇ ਹਨ।

ਪੰਧੇਰ ਨੇ ਆਪਣੀ ਰਣਨੀਤੀ ਦੱਸਦਿਆਂ ਕਿਹਾ ਕਿ ਕਿਸਾਨਾਂ ਦੇ ਜਥੇ ਲਗਾਤਾਰ ਦਿੱਲੀ ਵੱਲ ਨੂੰ ਰਵਾਨਾ ਹੋਣਗੇ। 11 ਦਸੰਬਰ ਨੂੰ ਫਿਰੋਜ਼ਪੁਰ ਦਾ ਜਥਾ ਦਿੱਲੀ ਵੱਲ ਨੂੰ ਰਵਾਨਾ ਕੀਤਾ ਜਾਵੇਗਾ। ਫਿਰ ਗੁਰਦਾਸਪੁਰ ਜ਼ਿਲ੍ਹੇ ਤੋਂ ਬਾਅਦ ਤਰਨਤਾਰਨ, ਅੰਮ੍ਰਿਤਸਰ ਦਾ ਜਥਾ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਇਹ ਲੰਮੀ ਲੜਾਈ ਹੈ, ਕਿਤੇ ਅੱਕ ਜਾਂ ਥੱਕ ਨਾ ਜਾਇਉ।

1947 ਤੋਂ ਬਾਅਦ ਇਹ ਕਿਸਾਨੀ ਅੰਦੋਲਨ ਪੰਜਾਬੀਆਂ ਦਾ ਸਦੀਆਂ ਤੋਂ ਇੱਕ ਵੱਡਾ ਅੰਦੋਲਨ ਹੈ, ਜਿਹੜਾ ਉਨ੍ਹਾਂ ਨੇ ਇੱਕਮੁੱਠ ਹੋ ਕੇ ਲੜਿਆ। ਪੰਜਾਬੀਆਂ ਨੇ ਹਰਿਆਣਾ ਅਤੇ ਦੇਸ਼ ਦੇ ਹੋਰ ਲੋਕਾਂ ਨੂੰ ਵੀ ਆਪਣੇ ਅੰਦੋਲਨ ਵਿੱਚ ਸ਼ਾਮਿਲ ਕੀਤਾ ਹੈ। ਇਹ ਅੰਦੋਲਨ ਹੁਣ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ ਅਤੇ ਪ੍ਰਦੂਸ਼ਣ ਨੂੰ ਲੈ ਕੇ ਬਣਾਏ ਗਏ ਐਕਟ ਨੂੰ ਰੱਦ ਕਰਵਾਉਣ ਦੇ ਲਈ ਵੱਡਾ ਅੰਦੋਲਨ ਬਣ ਗਿਆ ਹੈ।

ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਪ੍ਰਚਾਰ ਮਾਧਿਅਮ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਘਟਨਾਵਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਲਹਿਰ ਨੂੰ ਬਦਨਾਮ ਕਰ ਰਹੇ ਹਨ, ਪਰ ਮੀਡੀਆ ਦਾ ਵੱਡਾ ਹਿੱਸਾ ਕਿਸਾਨਾਂ ਦਾ ਦਰਿਆ ਦਿਲੀ ਵਾਲਾ ਚਿਹਰਾ ਵੀ ਵਿਖਾ ਰਿਹਾ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਏਜੰਸੀਆਂ ਸ਼ਰਾਰਤ ਕਰਵਾ ਸਕਦੀਆਂ ਹਨ, ਕਿਸਾਨੀ ਅੰਦੋਲਨ ਵਿੱਚ ਸ਼ਰਾਰਤੀ ਲੋਕ ਸ਼ਾਮਿਲ ਕਰ ਸਕਦੀਆਂ ਹਨ। ਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹਰਿਆਣਾ ਅਤੇ ਦਿੱਲੀ ਦੇ ਜ਼ੁਲਮਾਂ ਨੂੰ ਸਹਿੰਦੇ ਹੋਏ ਸ਼ਾਂਤਮਈ ਤਰੀਕੇ ਨਾਲ ਹਰ ਕਿਸਮ ਦੀਆਂ ਰੋਕਾਂ ਤੋੜ ਕੇ ਦਿੱਲੀ ਵੱਲ ਵਧੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਬਗੈਰ ਦਿੱਲੀ ਸਰਕਾਰ ਦਾ ਹੋਰ ਕੋਈ ਵੀ ਪੋਲਾ-ਪਤਲਾ ਸਮਝੌਤਾ ਦੇਸ਼ ਅਤੇ ਪੰਜਾਬ ਦੇ ਕਿਸਾਨ ਕਦੇ ਮਨਜ਼ੂਰ ਨਹੀਂ ਕਰਨਗੇ।

ਕਿਸਾਨਾਂ ਨੇ ਕਿਹਾ ਕਿ ਸਾਨੂੰ ਭਾਵੇਂ ਸਾਲਾਬੱਧੀ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ, ਅਸੀਂ ਕਰਾਂਗੇ ਕਿਉਂਕਿ ਅਸੀਂ ਇੱਕ-ਇੱਕ ਮੁੱਠ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਨ ਵਾਲੇ ਲੋਕ ਹਾਂ ਅਤੇ ਸਾਡੇ ਕਾਫਲਿਆਂ ਵਿੱਚ ਸਿਹਤ ਸਹੂਲਤਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।

Leave a Reply

Your email address will not be published. Required fields are marked *