‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਦਿਨੋਂ-ਦਿਨ ਵੱਧ ਰਹੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਨਜ਼ਰਅੰਦਾਜ਼ ਨਾ ਕਰਦਿਆਂ ਹੋਇਆ ਪਾਸਪੋਰਟ ਬਣਾਉਣ ਦੀ ਫਾਰਮੈਲਟੀ ਯਾਨਿ ਸਾਰੇ ਦਸਤਾਵੇਜ਼ਾ ਦੀ ਪੜਤਾਲ ਹੁਣ ਵੀਡੀਓ ਕਾਲ ਰਾਹੀ ਕੀਤੀ ਜਾਵੇਗੀ ਤੇ ਕਿਸੇ ਵੀ ਵਿਅਕਤੀ ਨੂੰ ਚੰਡੀਗੜ੍ਹ ਦੇ ਸੈਕਟਰ-34 ‘ਚ ਵਿਖੇ ਰੀਜ਼ਨਲ ਪਾਸਪੋਰਟ ਦਫ਼ਤਰ ਆਉਣ ਦੀ ਲੋੜ ਨਹੀਂ ਹੈ। ਇਸ ਗੱਲ ਦੀ ਪੁਸ਼ਟੀ ਰੀਜ਼ਨਲ ਪਾਸਪੋਰਟ ਅਫ਼ਸਰ ਸਿਬਾਸ਼ ਕਬੀਰਾਜ ਵੱਲੋਂ ਕੀਤੀ ਗਈ ਹੈ।

ਸਿਬਾਸ਼ ਦੀ ਦੱਸਿਆ ਕਿ ਪਾਸਪੋਰਟ ਵਿਭਾਗ ਵੱਲੋਂ ਬਿਨੈਕਾਰ ਦੀ ਮੁਲਾਕਾਤ ਲਈ ਤੈਅ ਕੀਤਾ ਸਮਾਂ ਉਹੀ ਹੋਵੇਗਾ ਪਰ ਕਾਗਜ਼ਾਂ ਦੀ ਪੜਤਾਲ ਵਿਭਾਗ ਵੱਲੋਂ ਬਿਨੈਕਾਰ ਦੇ ਘਰ ਬੈਠਿਆਂ ਹੀ ਵੀਡੀਓ ਕਾਲ ਰਾਹੀਂ ਕੀਤੀ ਜਾਵੇਗੀ। ਪਾਸਪੋਰਟ ਆਨਲਾਈਨ ਪੜਤਾਲ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਹੀ ਪਾਸਪੋਰਟ ਦਫ਼ਤਰ ‘ਚ ਪਹੁੰਚਾਏ ਜਾਣਗੇ। ਸਿਬਾਸ਼ ਨੇ ਜਾਣਕਾਰੀ ਦਿੰਦਿਆਂ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ‘ਚ ਸਥਿਤ ਪਾਸਪੋਰਟ ਦਫ਼ਤਰ ‘ਚ ਨਵਾਂ ਪਾਸਪੋਰਟ ਬਨਾਉਣ ਜਾਂ ਹੋਰ ਪੜਤਾਲ ਸਬੰਧੀ ਮੁਲਾਕਾਤ ਲਈ ਸਮਾਂ ਲਿਆ ਹੈ, ਉਨ੍ਹਾਂ ਨੂੰ ਸਰੀਰਕ ਤੌਰ ’ਤੇ ਦਫ਼ਤਰ ‘ਚ ਹਾਜ਼ਰੀ ਦੇਣੀ ਹੋਵੇਗੀ।

ਜ਼ਿਕਰਯੋਗ ਹੈ ਕਿ ਪਾਸਪੋਰਟ ਸੇਵਾਵਾਂ ਸਬੰਧੀ ਕਿਸੇ ਵੀ ਦਸਤਾਵੇਜ਼ ‘ਚ ਆਈ ਕਮੀ ਨੂੰ ਪੁਰਾ ਕਰਨ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਸੈਕਟਰ-34 ‘ਚ ਸਥਿਤ ਪਾਸਪੋਰਟ ਦਫ਼ਤਰ ਆਉਂਦੇ ਸਨ, ਪਰ ਮਹਾਂਮਾਰੀ ਕੋਰੋਨਾ ਦੇ ਫੈਲਣ ਖ਼ਤਰਾਂ ਪੈਦਾ ਹੋਣ ਸੰਭਾਵਨਾ ਕਾਰਨ ਪਾਸਪੋਰਟ ਵਿਭਾਗ ਨੇ ਆਪਣੇ ਦਫ਼ਤਰੀ ਪੜਤਾਲ ‘ਚ ਇਹ ਤਬਦੀਲੀ ਕੀਤੀ ਹੈ। ਅਤੇ ਲੋਕਾਂ ਨੂੰ ਦਫ਼ਤਰ ਨਾ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਸਮਾਜਿਕ ਦੂਰੀ ਦੇ ਨਿਯਮ ਦੀ ਉਲੰਘਣਾ ਨਾ ਹੋ ਸਕੇ ਤੇ ਕੋਰੋਨਾ ਦੇ ਫੈਲਾਅ ’ਤੇ ਨੱਥ ਪਾਈ ਜਾ ਸਕੇ।

ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਚੁੱਕੇ ਕਦਮ

ਰੀਜ਼ਨਲ ਪਾਸਪੋਰਟ ਅਫ਼ਸਰ ਸਿਬਾਸ਼ ਕਬੀਰਾਜ ਨੇ ਦੱਸਿਆ ਕਿ ਚੰਡੀਗੜ੍ਹ ਪਾਸਪੋਰਟ ਦਫ਼ਤਰ ‘ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਲੋਕ ਆਉਂਦੇ ਸਨ। ਪਰ ਕੋਰੋਨਾ ਦੇ ਫੈਲਾਅ ਨੂੰ ਵੇਖਦਿਆਂ ਪਾਸਪੋਰਟ ਵਿਭਾਗ ਵੱਲੋਂ ਘਟੋਂ-ਘੱਟ ਲੋਕਾਂ ਨੂੰ ਦਫ਼ਤਰ ‘ਚ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪਾਸਪੋਰਟ ਵਿਭਾਗ ਵੱਲੋਂ ਪਾਸਪੋਰਟ ਸਬੰਧੀ ਮੁਲਾਕਾਤ ਲਈ ਆਉਣ ਵਾਲੇ ਵਿਅਕਤੀਆਂ ਦੀ ਥਰਮਲ ਸਕਰੀਨਿੰਗ ਕਰਕੇ ਦਫ਼ਤਰ ਵਿੱਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਸੀ ਤੇ 10 ਸਾਲ ਤੋਂ ਘੱਟ ਤੇ 65 ਸਾਲ ਤੋਂ ਵੱਧ ਉਮਰ ਦੇ ਬਿਨੈਕਾਰਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਰੀਜ਼ਨਲ ਪਾਸਪੋਰਟ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ।

Leave a Reply

Your email address will not be published. Required fields are marked *