‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਕਿਸਾਨਾਂ ਦੇ ਚੜ੍ਹੇ ਪਾਰੇ ਨੂੰ ਵੇਖਦਿਆਂ ਸਰਕਾਰੀ ਏਜੰਸੀਆਂ ਧੜਾਧੜ ਝੋਨਾ ਖਰੀਦ ਰਹੀਆਂ ਹਨ। ਜਿਸ ਤੋਂ ਬਾਅਦ ਇਸ ਵਾਰ ਪੰਜਾਬ ਤੇ ਹਰਿਆਣਾ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮੁੱਚੇ ਭਾਰਤ ’ਚ ਐਤਕੀਂ ਝੋਨੇ ਦੀ ਖ਼ਰੀਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 26 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਕੱਲੇ ਪੰਜਾਬ ਵਿੱਚ ਇਸ ਵਾਰ ਝੋਨੇ ਦੀ ਖ਼ਰੀਦ ਵਿੱਚ ਰਿਕਾਰਡ 66% ਦਾ ਵਾਧਾ ਹੋਇਆ ਹੈ।

ਸਰਕਾਰੀ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਿਕ ਖਰੀਦ ਏਜੰਸੀਆਂ ਨੇ ਹਰਿਆਣਾ, ਕੇਰਲ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਤਾਮਿਲਨਾਡੂ ਸਮੇਤ ਵੱਖ-ਵੱਖ ਰਾਜਾਂ ਵਿੱਚ ਕਿਸਾਨਾਂ ਤੋਂ ਕੀਤੀ ਜਾਣ ਵਾਲੀ ਖ਼ਰੀਦ ਵਿੱਚ ਵਾਧਾ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਹੁਣ ਤੱਕ ਇੱਕ ਕਰੋੜ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕਰ ਚੁੱਕੀਆਂ ਹਨ। ਇਸ ਵਿੱਚੋਂ 69 ਲੱਖ ਟਨ ਝੋਨੇ ਦੀ ਖ਼ਰੀਦ ਇਕੱਲੇ ਪੰਜਾਬ ਤੋਂ ਹੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਵਿੱਚ ਕਿਸਾਨ ਪਹਿਲਾਂ ਹੀ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸ ਲਈ ਸਰਕਾਰ ਕਿਸੇ ਵੀ ਕੀਮਤ ‘ਤੇ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਸੀ ਕਿ ਨਵੇਂ ਖੇਤੀ ਕਾਨੂੰਨਾਂ ਕਰਕੇ ਖਰੀਦ ਵਿੱਚ ਕੋਈ ਸੁਸਤੀ ਆਈ ਹੈ। ਸਰਕਾਰ ਇਸ ਵਾਰ ਫਸਲਾਂ ਦੀ ਅਦਾਇਗੀ ਵੀ ਸਮੇਂ ਸਿਰ ਕਰਨ ਲਈ ਪੱਬਾਂ ਭਾਰ ਹੈ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਹੁਣ ਤੱਕ ਝੋਨੇ ਦੀ ਖ਼ਰੀਦ ਲਈ 20 ਹਜ਼ਾਰ ਕਰੋੜ ਰੁਪਏ ਜਾਰੀ ਕਰ ਚੁੱਕੀ ਹੈ। ਇਸ ਵਾਰ ਖ਼ਰੀਫ਼ ਦੇ ਸੀਜ਼ਨ ਦੌਰਾਨ 4 ਕਰੋੜ 95 ਲੱਖ ਟਨ ਝੋਨੇ ਦੀ ਖ਼ਰੀਦ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸਰਕਾਰ ਨੇ ਕੇਂਦਰੀ ਪੂਲ ਲਈ ‘ਕੀਮਤ ਸਮਰਥਨ ਯੋਜਨਾ’ (PSS) ਅਧੀਨ ਤੇਲ-ਬੀਜਾਂ ਤੇ ਦਾਲਾਂ ਦੀ ਖ਼ਰੀਦ ਵੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਵਾਰ 40 ਲੱਖ ਟਨ ਤੋਂ ਵੱਧ ਦਾਲਾਂ ਤੇ ਤੇਲ-ਬੀਜਾਂ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। ਕੇਂਦਰੀ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 863 ਟਨ ਮੂੰਗੀ ਤੇ ਉੜਦ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਨਰਮੇ ਦੀ ਖ਼ਰੀਦ ਨੇ ਵੀ ਜ਼ੋਰ ਫੜ ਲਿਆ ਹੈ। ਹੁਣ ਤੱਕ ਕਪਾਹ ਦੀਆਂ 2.36 ਲੱਖ ਟਨ ਗੰਢਾਂ ਦੀ ਖ਼ਰੀਦ MSP ਦੇ ਆਧਾਰ ਉੱਤੇ ਕੀਤੀ ਜਾ ਚੁੱਕੀ ਹੈ, ਜਿਸ ਨਾਲ 46,706 ਕਿਸਾਨਾਂ ਨੂੰ ਲਾਭ ਪੁੱਜਾ ਹੈ।

Leave a Reply

Your email address will not be published. Required fields are marked *