India

ਅੱਜ ਤੋਂ ਚੰਡੀਗੜ੍ਹ ‘ਚ OPD ਮੁੜ ਚਾਲੂ, ਜਾਣ ਤੋਂ ਪਹਿਲਾਂ ਪੜ੍ਹ ਲਵੋ ਬਦਲੇ ਨਿਯਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਤੋਂ PGI ਚੰਡੀਗੜ੍ਹ ਦੀ OPD ਮੁੜ ਤੋਂ ਖੁੱਲ੍ਹ ਰਹੀ ਹੈ। ਹਸਪਤਾਲ ਵੱਲੋਂ ਮਰੀਜ਼ਾਂ ਦੇ ਲਈ ਕੋਰੋਨਾ ਤੋਂ ਬਚਣ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੌਰਾਨ ਹਸਪਤਾਲ ਦੇ ਲਈ ਸੋਸ਼ਲ ਡਿਸਟੈਂਸਿੰਗ ਵੱਡੀ ਚੁਣੌਤੀ ਹੋਵੇਗੀ। OPD ਆਉਣ ਤੋਂ ਪਹਿਲਾਂ ਮਰੀਜ਼ਾਂ ਨੂੰ ਕੁੱਝ ਜ਼ਰੂਰੀ ਗੱਲਾਂ ਦਾ ਖਾਸ ਖਿਆਲ ਰੱਖਣਾ ਹੋਵੇਗਾ।

ਕੀ ਹਨ OPD ਆਉਣ ਲਈ ਖ਼ਾਸ ਨਿਯਮ ?

ਮਰੀਜ਼ਾਂ ਨੂੰ ਇਲਾਜ ਤੋਂ ਪਹਿਲਾਂ ਕਾਰਡ ਬਣਵਾਉਣਾ ਹੋਵੇਗਾ, ਜੋ ਫੋਨ ਦੇ ਰਾਹੀਂ ਬਣਾਇਆ ਜਾਵੇਗਾ। ਕਾਰਡ ਉੱਤੇ ਸਮਾਂ ਅਤੇ ਤਰੀਕ ਲਿਖੀ ਹੋਵੇਗੀ। PGI ਵਿੱਚ ਐਂਟਰੀ ਤੋਂ ਬਾਅਦ ਮਰੀਜ਼ ਸਿੱਧਾ OPD ਨਹੀਂ ਜਾ ਸਕਦੇ, ਉਨ੍ਹਾਂ ਨੂੰ ਪਹਿਲਾਂ PGI ਦੇ ਪਾਰਕਿੰਗ ਵਿੱਚ ਬਣੇ ਹੋਏ ਹੋਲਡਿੰਗ ਏਰੀਆ ਵਿੱਚ ਜਾਣਾ ਹੋਵੇਗਾ।

ਕੀ ਹੈ ਹੋਲਡਿੰਗ ਏਰੀਆ ?

ਹੋਲਡਿੰਗ ਏਰੀਆ ਵਿੱਚ ਮਰੀਜ਼ ਦੇ ਪਹਿਲਾਂ ਹੱਥ ਸੈਨੇਟਾਈਜ਼ ਕੀਤੇ ਜਾਣਗੇ ਅਤੇ ਇੱਕ ਮਰੀਜ਼ ਨਾਲ ਇੱਕ ਅਟੈਡੈਂਟ ਜ਼ਰੂਰ ਹੋਵੇਗਾ। ਹੱਥ ਸੈਨੇਟਾਈਜ਼ ਕਰਨ ਲਈ ਇੱਕ ਮਸ਼ੀਨ ਲਗਾਈ ਗਈ ਹੈ। ਇਸ ਤੋਂ ਬਾਅਦ ਸਿਕਿਊਰਿਟੀ ਗਾਰਡ ਮਰੀਜ਼ ਦਾ ਕਾਰਡ ਦੇਖੇਗਾ ਅਤੇ ਐਂਟਰੀ ਲਈ ਉਸਨੂੰ ਅੰਦਰ ਭੇਜੇਗਾ। ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਗਿਆ ਹੈ ਅਤੇ ਮਰੀਜ਼ਾਂ ਦੇ ਲਈ ਵੱਖ-ਵੱਖ ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਹੋਲਡਿੰਗ ਏਰੀਆ ਵਿੱਚ 8 ਸੀਸੀਟੀਵੀ ਵੀ ਨਜ਼ਰ ਰੱਖਣ ਲਈ ਲਾਏ ਗਏ ਹਨ।

ਮਰੀਜ਼ਾਂ ਦੇ ਲਈ ਪੀਣ ਵਾਲੇ ਪਾਣੀ ਅਤੇ ਬਾਥਰੂਮ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇੱਕ ਰਿਸੈਪਸ਼ਨ ਵੀ ਬਣਾਈ ਗਈ ਹੈ। ਇਸ ਰਿਸੈਪਸ਼ਨ ਵਿੱਚ ਸਾਰੇ ਮਰੀਜ਼ ਆਪਣੀ ਅਪਾਇੰਟਮੈਂਟ ਦੇ ਹਿਸਾਬ ਨਾਲ ਪਹੁੰਚਣਗੇ। ਰਿਸੈਪਸ਼ਨ ਵਿੱਚ ਇੱਕ ਟੈਲੀਫੋਨ ਹੋਵੇਗਾ ਅਤੇ ਇੱਕ ਪਬਲਿਕ ਐਡਰੈੱਸ ਸਿਸਟਮ ਹੋਵੇਗਾ। ਇਸ ਰਿਸੈਪਸ਼ਨ ਤੋਂ ਹਰ OPD ਦੀ ਨਰਸ ਪਬਲਿਕ ਐਡਰੈੱਸ ਸਿਸਟਮ ਤੋਂ ਅਨਾਊਂਸ ਕਰੇਗੀ ਕਿ ਇਸ ਵਿਭਾਗ ਦੇ 10 ਮਰੀਜ਼ OPD ਜਾ ਸਕਦੇ ਹਨ।

PGI ਆਉਣ ਲਈ ਫੋਨ ਤੇ ਲੈਣੀ ਹੋਵੇਗੀ ਅਪਾਇੰਟਮੈਂਟ

ਅਪਾਇੰਟਮੈਂਟ ਲਏ ਬਿਨਾਂ ਮਰੀਜ਼ PGI ‘ਚ ਐਂਟਰ ਨਹੀਂ ਹੋ ਸਕਦਾ। ਜਿਵੇਂ ਹੀ ਮਰੀਜ਼ ਦਾ ਕਾਰਡ ਬਣੇਗਾ, ਉਸਨੂੰ ਅਪਾਇੰਟਮੈਂਟ ਦਾ ਸਮਾਂ ਅਤੇ ਤਰੀਕ ਦਾ ਮੈਸੇਜ ਕੀਤਾ ਜਾਵੇਗਾ। ਅਗਰ ਡਾਕਟਰਾਂ ਨੂੰ ਤੁਹਾਨੂੰ PGI ਬੁਲਾਉਣ ਦੀ ਜ਼ਰੂਰਤ ਪਵੇਗੀ ਤਾਂ ਹੀ ਉਹ ਤੁਹਾਨੂੰ ਅਪਾਇੰਟਮੈਂਟ ਦੇਣਗੇ। ਹਰੇਕ ਵਿਭਾਗ ਵਿੱਚ 10-10 ਮਰੀਜ਼ਾਂ ਨੂੰ ਇੱਕੋ ਸਮੇਂ ਭੇਜਿਆ ਜਾਵੇਗਾ।

ਫੋਨ ਤੇ ਅਪਾਇੰਟਮੈਂਟ ਨਾ ਲੈ ਸਕਣ ਵਾਲਿਆਂ ਲਈ ਕੀ ਹੈ ਪ੍ਰਬੰਧ ?

ਜੋ ਮਰੀਜ਼ ਫੋਨ ਤੋਂ ਅਪਾਇੰਟਮੈਂਟ ਨਹੀਂ ਲੈ ਸਕਦੇ, ਉਨ੍ਹਾਂ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਮਰੀਜ਼ਾਂ ਦੇ ਲਈ 2 ਤੋਂ ਵਜੇ ਤੱਕ ਅਪਾਇੰਟਮੈਂਟ ਸਿਸਟਮ ਰੱਖਿਆ ਹੈ, ਉਹ ਇੱਥੇ ਆ ਕੇ ਅਪਾਇੰਟਮੈਂਟ ਲੈ ਸਕਦੇ ਹਨ।

OPD ਚ ਕਿਵੇਂ ਹੋਵੇਗਾ ਇਲਾਜ਼ ?

OPD ਵਿੱਚ ਆਉਣ ਤੋਂ ਬਾਅਦ ਮਰੀਜ਼ਾਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਮਰੀਜ਼ ਨੂੰ ਕਾਊਂਟਰ ਤੋਂ ਆਪਣਾ ਕਾਰਡ ਲੈਣਾ ਹੋਵੇਗਾ ਅਤੇ ਦੂਸਰੇ ਕਾਊਂਟਰ ‘ਤੇ ਜਾ ਕੇ ਸਕਰੀਨਿੰਗ ਕਰਵਾਉਣੀ ਹੋਵੇਗੀ। ਮਰੀਜ਼ਾਂ ਦੀ ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਦਿਆਂ ਜ਼ਮੀਨ ‘ਤੇ ਕੁੱਝ ਵਿੱਥ ਦੀ ਦੂਰੀ ‘ਤੇ ਪੋਸਟਰ ਵੀ ਲਾਏ ਗਏ ਹਨ। ਸਕਰੀਨਿੰਗ ਤੋਂ ਬਾਅਦ ਜੇਕਰ ਕਿਸੇ ਮਰੀਜ਼ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸਨੂੰ ਤੁਰੰਤ ਕੋਰੋਨਾ ਟੈਸਟ ਦੇ ਲਈ ਭੇਜਿਆ ਜਾਵੇਗਾ ਅਤੇ ਉਸਦੇ ਕਾਰਡ ਉੱਪਰ ਲਾਲ ਰੰਗ ਦੀ ਸਟੈਂਪ ਲਗਾ ਦਿੱਤੀ ਜਾਵੇਗੀ। ਲਾਲ ਸਟੈਂਪ ਵਾਲੇ ਮਰੀਜ਼ OPD ਨਹੀਂ ਜਾ ਸਕਣਗੇ, ਕੇਵਲ ਗਰੀਨ ਰੰਗ ਦੀ ਸਟੈਂਪ ਵਾਲੇ ਮਰੀਜ਼ ਹੀ OPD ਜਾ ਸਕਣਗੇ।