Punjab

ਧਰਨੇ ਤੋਂ ਪਰਤ ਰਹੇ ਕਿਸਾਨਾਂ ਦਾ ਐਕਸੀਡੈਂਟ, ਇੱਕ ਕਿਸਾਨ ਦੀ ਮੌਤ, 17 ਜ਼ਖਮੀ

‘ਦ ਖ਼ਾਲਸ ਬਿਊਰੋ:- ਬਾਦਲ ਪਿੰਡ ਦੇ ਧਰਨੇ ਤੋਂ ਪਰਤ ਰਹੇ ਕਿਸਾਨ ਦੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਹੈ। ਬਠਿੰਡਾ ਵਿੱਚ ਬਾਦਲ ਰੋਡ ‘ਤੇ ਧਰਨੇ ਤੋਂ ਮੁੜਦੇ ਸਮੇਂ ਕਿਸਾਨਾਂ ਨਾਲ ਭਰੀ ਹੋਈ ਬੱਸ ਹਾਦਸਾਗ੍ਰਸਤ ਹੋ ਗਈ ਸੀ, ਜਿਸ ਦੌਰਾਨ 15 ਕਿਸਾਨ ਜ਼ਖਮੀ ਹੋਏ ਸਨ ਅਤੇ ਦੋ ਕਿਸਾਨਾਂ ਦੀ ਹਾਲਤ ਗੰਭੀਰ ਸੀ।

ਮ੍ਰਿਤਕ ਕਿਸਾਨ

ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਬਠਿੰਡਾ ‘ਚ ਇੱਕ ਪੁਲ ‘ਤੇ ਕਿਸਾਨਾਂ ਦਾ ਇਲਾਜ ਸਹੀ ਢੰਗ ਨਾਲ ਨਾ ਹੋਣ ਕਰਕੇ ਧਰਨਾ ਲਾ ਦਿੱਤਾ ਹੈ। ਇਹ ਕਿਸਾਨ ਬਾਦਲ ਪਿੰਡ ਤੋਂ ਮਾਨਸਾ ਵੱਲ ਜਾ ਰਹੇ ਸੀ ਕਿ ਰਸਤੇ ਵਿੱਚ ਇਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।  ਬੱਸ ਵਿੱਚ 50 ਦੇ ਕਰੀਬ ਕਿਸਾਨ ਮੌਜੂਦ ਸਨ। ਇਹ ਬੱਸ ਸੜਕ ਉੱਤੇ ਖੜੇ ਇੱਕ ਟ੍ਰੈਕਟਰ ਨਾਲ ਟਕਰਾ ਗਈ ਸੀ।

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਿਸਾਨਾਂ ਦਾ ਹਾਲ-ਚਾਲ ਜਾਨਣ ਲਈ ਪਹੰਚੇ।  ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ।  ਜਾਖੜ ਨੇ ਖੇਤੀ ਬਿੱਲਾਂ ਨੂੰ ਕਿਸਾਨ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ।

ਜਾਖੜ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਅਜੇ ਵੀ ਅਸਿੱਧੇ ਤੌਰ ‘ਤੇ ਖੇਤੀ ਬਿੱਲਾਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ “ਸੁਖਬੀਰ ਬਾਦਲ ਨੇ ਸੰਸਦ ਵਿੱਚ ਆਪਣੀ ਦੋਗਲੀ ਜ਼ੁਬਾਨ ਕਰਕੇ ਪੰਜਾਬ ਦੇ ਕਿਸਾਨਾਂ ਦਾ ਇਹ ਕੇਸ ਕਮਜ਼ੋਰ ਕੀਤਾ ਹੈ”।