Punjab

ਨਰਸਾਂ ਵੱਲੋਂ ਸੰਘਰਸ਼ ਹੋਰ ਤੇਜ ਕਰਨ ਦੀ ਚਿਤਾਵਨੀ

‘ ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਾਰਨ ਨਰਸਾਂ ਨੇ ਪਹਿਲਾਂ ਤਾਂ ਚੰਡੀਗ੍ਹੜ-ਖਰੜ ਮਾਰਗ ‘ਤੇ ਵੱਡੀ ਗਿਣਤੀ ਵਿੱਚ ਇੱਕਠੀਆਂ ਹੋ ਕੇ ਰੈਲੀ ਕੱਢੀ ਅਤੇ ਪੰਜਾਬ ਸਰਕਾਰ  ਖਿਲਾਫ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਪਿੰਡ ਦੇਸੂ-ਮਾਜਰਾ ਕੋਲ ਸੜਕ ਉੱਤੇ ਧਰਨਾ ਲਗਾ ਦਿੱਤਾ, ਜਿਸ ਦੇ ਨਾਲ ਪੂਰੇ ਸ਼ਹਿਰ ਦੀ ਆਵਾਜਾਈ ਠੱਪ ਹੋ ਗਈ। ਨਰਸਾਂ ਦੀ ਅਗਵਾਈ ਕਰ ਰਹੀਆਂ ਆਗੂਆਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਾਰੇ ਪਾਸੇ ਨਰਸਾਂ ਦਾ ਗਰੇਡ 4600 ਹੈ ਪਰ ਪੰਜਾਬ ਸਰਕਾਰ ਨੇ ਇਹ ਗਰੇਡ 2800 ‘ਤੇ ਲਿਆ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਵੀਂ ਭਰਤੀ ਦੇ ਲਈ ਕੇਂਦਰ ਦੇ ਗਰੇਡ ਅਨੁਸਾਰ ਤਨਖਾਹ 44,900 ਬਣਦੀ ਹੈ, ਜੋ ਕਿ 29200 ‘ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਨਰਸਾਂ ਨੂੰ ਕਈ ਰਾਜਾਂ ਸਮੇਤ ਚੰਡੀਗ੍ਹੜ ਅੰਦਰ ਨਰਸਿੰਗ ਅਫਸਰ ਦਾ ਨਾਂ ਦਿੱਤਾ ਜਾ ਚੁੱਕਿਆ ਹੈ ਪਰ ਪੰਜਾਬ ਸਰਕਾਰ ਨੇ ਇਸ ਸਬੰਧੀ ਹੁਣ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ। ਆਗੂਆ ਨੇ ਚਿਤਾਵਨੀ  ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਹੋਰ ਤੇਜ ਕਰਨਗੀਆਂ।