India Punjab

ਦੋ ਮਹੀਨੇ ਦੇ ਨਿਆਣੇ ਨਾਲ ਨਰਸ ਨੇ ਕੀਤੀ ‘ਗੰਦੀ ਕਰਤੂਤ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੀਸੀਟੀਵੀ ਨਾ ਹੋਵੇ ਤਾਂ ਕਈ ਚੀਜਾਂ ਦਾ ਤੇ ਸਮਾਜ ਅੰਦਰ ਹੋ ਰਹੀਆਂ ਵਧੀਕੀਆਂ ਦਾ ਪਤਾ ਹੀ ਨਾ ਲੱਗੇ। ਤਾਜਾ ਸ਼ਰਮਸ਼ਾਰ ਕਰਨ ਵਾਲੀ ਘਟਨਾ ਦਿੱਲੀ ਦੇ ਇਕ ਨਰਸਿੰਗ ਹੋਮ ਦੀ ਹੈ, ਜਿੱਥੇ ਇਕ ਨਰਸ ਨੇ ਦੋ ਮਹੀਨੇ ਦੇ ਨਿਆਣੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਸਦੇ ਖੱਬੇ ਹੱਥ ਦੀ ਹੱਡੀ ਟੁੱਟ ਗਈ ਤੇ ਉਸਦਾ ਮੂੰਹ ਵੀ ਸੁੱਜ ਗਿਆ।ਇਹ ਬੱਚਾ ਵਿਵੇਕ ਵਿਹਾਰ ਦੇ ਨਰਸਿੰਗ ਹੋਮ ਵਿੱਚ ਦਾਖਿਲ ਸੀ ਤੇ ਇਸਦੇ ਮਾਪੇ ਯੂਪੀ ਹਾਥਰਸ ਦੇ ਰਹਿਣ ਵਾਲੇ ਹਨ।

ਬੱਚੇ ਦੇ ਮਾਪੇ ਨਰਸਿੰਗ ਹੋਮ ਵਿਚ ਦਿਨ ਵਿਚ ਇਕ ਵਾਰ ਆਪਣਾ ਬੱਚਾ ਦੇਖ ਲੈਂਦੇ ਸਨ ਤੇ ਉਨ੍ਹਾਂ ਨੂੰ ਉਸਦੇ ਕੋਲ ਰਹਿਣ ਦੀ ਇਜਾਜਤ ਨਹੀਂ ਸੀ।24 ਜੁਲਾਈ ਨੂੰ ਨਰਸਿੰਗ ਹੋਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੇ ਸੱਟ ਲੱਗੀ ਹੈ ਤੇ ਖੱਬੇ ਹੱਥ ਵਿਚ ਫ੍ਰੈਕਚਰ ਹੋਇਆ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਬੱਚੇ ਦਾ ਮੂੰਹ ਵੀ ਸੁੱਜ ਗਿਆ ਹੈ।

ਬੱਚੇ ਦੇ ਪਿਓ ਦੇ ਕਹਿਣ ਉੱਤੇ ਜਦੋਂ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਗਈ ਤਾਂ, ਉਸ ਵਿਚ ਇਕ ਨਰਸ ਬੱਚੇ ਨੂੰ ਕੁੱਟਦੀ ਹੋਈ ਨਜਰ ਆਈ। ਇਹ ਦੇਖ ਕੇ ਬੱਚੇ ਦੇ ਪਿਓ ਨੇ ਵਿਵੇਕ ਵਿਹਾਰ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ।

ਉਸਨੇ ਪੁਲਿਸ ਨੂੰ ਦੱਸਿਆ ਕਿ 22 ਮਈ ਨੂੰ ਹਾਥਰਸ ਦੇ ਇਕ ਹਸਪਤਾਲ ਵਿੱਚ ਉਸਦੇ ਦੋ ਜੁੜਵਾ ਬੱਚੇ ਹੋਏ ਸਨ। ਇਸ ਤੋਂ ਬਾਅਦ 16 ਜੁਲਾਈ ਨੂੰ ਇਕ ਬੇਟੇ ਦੀ ਹਾਲਤ ਬਿਗੜਨ ਕਾਰਨ ਮਾਪੇ ਉਸ ਬੱਚੇ ਨੂੰ ਅਲੀਗੜ ਦੇ ਇਕ ਹਸਪਤਾਲ ਲੈ ਆਏ ਪਰ ਹਾਲਤ ਖਰਾਬ ਹੋਣ ਕਾਰਨ ਉਸਨੂੰ ਦਿੱਲੀ ਦੇ ਵਿਵੇਕ ਵਿਹਾਰ ਦਾਖਿਲ ਕਰਵਾਉਣਾ ਪਿਆ, ਜਿੱਥੇ ਇਹ ਸਾਰੀ ਘਟਨਾ ਵਾਪਰੀ ਹੈ।

ਸੀਟੀਵੀ ਵਿੱਚ ਖੁਲਾਸਾ ਹੋਇਆ ਹੈ ਕਿ ਸੋਮਿਆ ਨਾਂ ਦੀ ਨਰਸ ਇਸ ਬੱਚੇ ਨੂੰ ਸਵੇਰੇ ਤੜਕੇ ਪੌਣੇ ਚਾਰ ਵਜੇ ਕੁੱਟ ਰਹੀ ਹੈ। ਨਰਸਿੰਗ ਹੋਮ ਨੇ ਪੀੜਤ ਪਰਿਵਾਰ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ ਬੱਚੇ ਨੂੰ 27 ਜੁਲਾਈ ਨੂੰ ਹਸਪਤਾਲ ਤੋਂ ਡਿਸਚਾਰਜ ਕਰਵਾ ਕੇ ਦੂਜੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਪੁਲਿਸ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪ੍ਰਾਈਵੇਟ ਨਰਸਿੰਗ ਹੋਮ ਵਿਚ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵੇਖਣ ਵਿਚ ਆਈਆਂ ਹਨ, ਕਿਉਂ ਕਿ ਬੱਚਿਆ ਕੋਲ ਮਾਪੇ ਹੁੰਦੇ ਨਹੀਂ ਤੇ ਨਰਸਿੰਗ ਸਟਾਫ ਇਹੋ ਜਿਹੀਆਂ ਹਰਕਤਾਂ ਨੂੰ ਸਿਰੇ ਚਾੜ੍ਹਦਾ ਹੈ।